nabaz-e-punjab.com

ਪੰਜਾਬ ਪੁਲੀਸ ਨੇ ਮੱਥੇ ’ਤੇ ਲੱਗਿਆ ਬਦਨਾਮੀ ਦਾ ਦਾਗ ਧੌਣ ਲਈ 18 ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ

ਨੌਜਵਾਨਾਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਤੋਂ ਬਚਾਉਣ ਲਈ ਪੰਜਾਬ ਪੁਲੀਸ ਵਚਨਬੱਧ: ਏਡੀਜੀਪੀ

ਬਿਨਾਂ ਲਾਇਸੈਂਸ ਨੌਜਵਾਨਾਂ ਨੂੰ ਵਿਦੇਸ਼ ’ਚ ਨੌਕਰੀਆਂ ਦਿਵਾਉਣ ਲਈ ਸੋਸ਼ਲ ਮੀਡੀਆ ਦੀ ਕਰ ਰਹੇ ਸਨ ਵਰਤੋਂ

ਨਬਜ਼-ਏ-ਪੰਜਾਬ, ਮੁਹਾਲੀ, 13 ਅਕਤੂਬਰ:
ਪੰਜਾਬ ਵਿੱਚ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਵੱਡੀ ਗਿਣਤੀ ਵਿੱਚ ਗੈਰਕਾਨੂੰਨੀ ਟਰੈਵਲ ਏਜੰਟ\ਇਮੀਗਰੇਸ਼ਨ ਦਾ ਧੰਦਾ ਲਗਾਤਾਰ ਵੱਧ ਫੁੱਲ ਰਿਹਾ ਹੈ। ਟਰੈਵਲ ਏਜੰਟਾਂ ਦੀ ਧੋਖਾਧੜੀ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਪੈਂਡਿੰਗ ਚੱਲ ਰਹੀਆਂ ਹਨ ਅਤੇ ਪੀੜਤ ਖੱਜਲ-ਖੁਆਰ ਹੋ ਰਹੇ ਹਨ। ਪੰਜਾਬ ਪੁਲੀਸ ਨੇ ਹੁਣ ਆਪਣੇ ਮੱਥੇ ’ਤੇ ਲੱਗਿਆ ਬਦਨਾਮੀ ਦਾ ਦਾਗ ਧੌਣ ਲਈ ਕੁੱਝ ਕੁ ਟਰੈਵਲ ਏਜੰਟਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਪੁਲੀਸ ਦੀ ਮਿਲੀਭੁਗਤ ਬਾਰੇ ਮੀਡੀਆ ਵਿੱਚ ਰਿਪੋਰਟਾਂ ਵੀ ਨਸਰ ਹੋ ਚੁੱਕੀਆਂ ਹਨ ਅਤੇ ਪੀੜਤ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਵੀ ਕੀਤੇ ਜਾਂਦੇ ਰਹੇ ਹਨ ਪ੍ਰੰਤੂ ਪੁਲੀਸ ਦੀ ਮਿਹਰਬਾਨੀ ਸਦਕਾ ਬਹੁਤ ਸਾਰੀਆਂ ਸ਼ਿਕਾਇਤਾਂ ਫਾਈਲਾਂ ਵਿੱਚ ਦੱਬ ਕੇ ਰਹਿ ਜਾਂਦੀਆਂ ਹਨ।
ਪੰਜਾਬ ਪੁਲੀਸ ਦੇ ਐਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ਼ ਇਮੀਗਰੈਂਟਸ ਚੰਡੀਗੜ੍ਹ ਨਾਲ ਤਾਲਮੇਲ ਕਰਕੇ ਵੱਡੇ ਸ਼ਹਿਰ ਦੀਆਂ ਕਰੀਬ ਡੇਢ ਦਰਜਨ ਟਰੈਵਲ ਏਜੰਸੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਸਬੰਧਤ ਕੰਪਨੀਆਂ ਉੱਤੇ ਗੈਰ-ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ ’ਤੇ ਰੁਜ਼ਗਾਰ ਸਬੰਧੀ ਇਸ਼ਤਿਹਾਰ ਦੇਣ ਅਤੇ ਨੌਜਵਾਨਾਂ ਨੂੰ ਵਿਦੇਸ਼ੀ ਮੁਲਕਾਂ ਵਿੱਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਕਰੋੜਾਂ ਰੁਪਏ ਲੁੱਟਣ ਦਾ ਦੋਸ਼ ਹੈ। ਉਂਜ ਵਿਦੇਸ਼ ਜਾ ਕੇ ਵੱਸਣ ਦੇ ਚਾਹਵਾਨ ਨੌਜਵਾਨਾਂ ਦੀ ਸੁਰੱਖਿਆ ਲਈ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਵੱਡੀ ਕਾਰਵਾਈ ਹੈ।
ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਅਜਿਹੀਆਂ 25 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਖ਼ਿਲਾਫ਼ ਘੱਟੋ-ਘੱਟ 20 ਪਰਚੇ ਦਰਜ ਕੀਤੇ ਗਏ ਸਨ। ਇਸ ਤਰ੍ਹਾਂ ਹੁਣ ਤੱਕ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ। ਕਾਬਿਲੇਗੌਰ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਦਾ ਗੰਭੀਰ ਨੋਟਿਸ ਲਿਆ ਹੈ।
ਏਡੀਜੀਪੀ (ਐਨਆਰਆਈ ਮਾਮਲੇ) ਪ੍ਰਵੀਨ ਕੇ ਸਿਨਹਾ ਨੇ ਐਤਵਾਰ ਨੂੰ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਇਜਾਜ਼ਤਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ਾਂ ਵਿੱਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ’ਤੇ ਤਸਦੀਕ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿੱਚ ਇਮੀਗਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ 18 ਨਵੇਂ ਪਰਚੇ ਦਰਜ ਕੀਤੇ ਗਏ ਹਨ। ਜਿਸ ਵਿੱਚ ਮੁਹਾਲੀ ਸਮੇਤ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਗਸਤ ਅਤੇ ਸਤੰਬਰ ਮਹੀਨਿਆਂ ਵਿੱਚ ਦਰਜ ਕੀਤੇ ਗਏ ਇਨ੍ਹਾਂ 26 ਮਾਮਲਿਆਂ ਵਿੱਚ ਕੁੱਲ 34 ਮੁਲਜ਼ਮਾਂ ’ਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮ ਟਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।
ਏਡੀਜੀਪੀ ਪ੍ਰਵੀਨ ਸਿਨਹਾ ਨੇ ਆਮ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਟਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਿਰਫ਼ ਉਨ੍ਹਾਂ ਏਜੰਸੀਆਂ ਨਾਲ ਹੀ ਸੰਪਰਕ ਕੀਤਾ ਜਾਵੇ, ਜਿਨ੍ਹਾਂ ਕੋਲ ਇਮੀਗ੍ਰੇਸ਼ਨ ਐਕਟ 1983 ਤਹਿਤ ਇੱਕ ਵੈਧ ਭਰਤੀ ਏਜੰਟ (ਆਰਏ) ਲਾਇਸੈਂਸ ਹੋਵੇ ਅਤੇ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਸਮੇਂ ਉਨ੍ਹਾਂ ਦੀ ਜਾਂਚ ਕਰਨ ਉਪਰੰਤ ਹੀ ਉਨ੍ਹਾਂ ’ਤੇ ਭਰੋਸਾ ਕੀਤਾ ਜਾਵੇ।
(ਜਿਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਪਰਚੇ ਦਰਜ ਕੀਤੇ ਗਏ):
ਸਾਈ ਏਂਜਲ ਗਰੁੱਪ ਸੈਕਟਰ-78 (ਮੁਹਾਲੀ), ਯੂਨੀਕ ਐਂਟਰਪ੍ਰਾਈਜਿਜ਼, ਸੰਨੀ ਐਨਕਲੇਵ, ਸੈਕਟਰ-123 (ਮੁਹਾਲੀ), ਵਨ ਪੁਆਇੰਟ ਸਰਵਿਸਿਜ਼, ਸੈਕਟਰ-115, (ਖਰੜ), ਭਾਰਤ ਇਮੀਗ੍ਰੇਸ਼ਨ ਅਮਲੋਹ, ਮਾਸਟਰ ਮਾਈਂਡ ਇਮੀਗ੍ਰੇਸ਼ਨ, ਸਟੱਡੀ ਵੀਜ਼ਾ ਕੰਸਲਟੈਂਟ, ਆਨੰਦਪੁਰ ਸਾਹਿਬ, ਏਵੀਪੀ ਇਮੀਗ੍ਰੇਸ਼ਨ, ਬਠਿੰਡਾ, ਸਕਾਈ ਬ੍ਰਿਜ ਇਮੀਗ੍ਰੇਸ਼ਨ, ਬਠਿੰਡਾ, ਗੇਟਵੇ ਇਮੀਗ੍ਰੇਸ਼ਨ, ਪਟਿਆਲਾ, ਮਾਸਟਰ ਇਮੀਗ੍ਰੇਸ਼ਨ, ਰਾਜਪੁਰਾ, ਹੰਬਲ ਇਮੀਗ੍ਰੇਸ਼ਨ, ਅੰਮ੍ਰਿਤਸਰ, ਦਿ ਹੰਬਲ ਇਮੀਗ੍ਰੇਸ਼ਨ, ਲੁਧਿਆਣਾ, ਈ.ਵੀ.ਏ.ਏ. ਇਮੀਗ੍ਰੇਸ਼ਨ, ਲੁਧਿਆਣਾ, ਕੌਰ ਇਮੀਗ੍ਰੇਸ਼ਨ ਸੈਂਟਰ, ਮੋਗਾ, ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ ਅੰਮ੍ਰਿਤਸਰ, ਆਹੂਜਾ ਇਮੀਗ੍ਰੇਸ਼ਨ, ਜੰਡਿਆਲਾ ਰੋਡ, ਨੇੜੇ ਐਚਡੀਐਫਸੀ ਬੈਂਕ, ਤਰਨਤਾਰਨ, ਜੇਐਮਸੀ ਅੰਮ੍ਰਿਤਸਰ, ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ਼ ਵੀਜ਼ਾ) ਖੰਨਾ ਕੰਪਲੈਕਸ, ਰੂਪਨਗਰ।

Load More Related Articles
Load More By Nabaz-e-Punjab
Load More In General News

Check Also

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ ਨਬਜ਼-ਏ-ਪੰਜਾਬ, ਮੁਹਾਲੀ, 13…