ਮੁਹਾਲੀ ਵਿੱਚ ਭਿਖਾਰੀਆਂ ਦੀ ਭਰਮਾਰ, ਅੌਰਤਾਂ ਨੇ ਬੱਚਿਆਂ ਨੂੰ ਵੀ ਭੀਖ ਮੰਗਣ ਲਾਇਆ

ਡਿਪਟੀ ਮੇਅਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ, ਭਿਖਾਰੀਆਂ ’ਤੇ ਕਾਬੂ ਪਾਉਣ ਦੀ ਮੰਗ

ਮੁਹਾਲੀ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੀ ਕੀਤੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 14 ਅਕਤੂਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਭਿਖਾਰੀਆਂ ਦੀ ਭਰਮਾਰ ਹੈ। ਬਾਜ਼ਾਰਾਂ ਸਮੇਤ ਹਰੇਕ ਲਾਲ ਬੱਤੀ ਪੁਆਇੰਟ ’ਤੇ ਅੌਰਤਾਂ ਅਤੇ ਪੁਰਸ਼ ਭੀਖ ਮੰਗਣ ਲਈ ਗੱਡੀਆਂ ਦੇ ਦੁਆਲੇ ਹੋ ਜਾਂਦੇ ਹਨ। ਇੱਥੋਂ ਤੱਕ ਕਿ ਹੁਣ ਅੌਰਤਾਂ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਭੀਖ ਮੰਗਣ ਲਾ ਦਿੱਤਾ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸ਼ਹਿਰ ਨੂੰ ਭਿਖਾਰੀ ਮੁਕਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਭਿਖਾਰੀਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਇੱਕ ਗੰਭੀਰ ਸਮੱਸਿਆ ਬਣ ਸਕਦੀ ਹੈ। ਇਸਤਰੀ ਤੇ ਬਾਲ ਭਲਾਈ ਵਿਭਾਗ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ।
ਭਿਖਾਰੀਆਂ ਨੇ ਹੁਣ ਮੁੱਖ ਸੜਕ ਉੱਤੇ ਕਬਜ਼ਾ ਕਰ ਲਿਆ ਹੈ। ਇਹ ਲੋਕ ਸ਼ਰ੍ਹੇਆਮ ਪਾਰਕਾਂ ਵਿੱਚ ਨਹਾਉਂਦੇ ਹਨ ਅਤੇ ਖੁੱਲ੍ਹੇ ਵਿੱਚ ਸ਼ੌਚ ਜਾਂਦੇ ਹਨ। ਛੋਟੇ-ਛੋਟੇ ਬੱਚਿਆਂ ਨੂੰ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਨ ਦੇ ਕੰਮ ਲਾ ਦਿੱਤਾ ਹੈ। ਕਈ ਭਿਖਾਰੀਆਂ ਨੇ ਖ਼ੁਦ ਨੂੰ ਅੰਗਹੀਣ ਸਾਬਤ ਕਰਨ ਲਈ ਫੌੜ੍ਹੀਆਂ ਚੁੱਕੀ ਫਿਰਦੇ ਹਨ ਪਰ ਅਸਲ ਵਿੱਚ ਇਹ ਨਕਲੀ ਅੰਗਹੀਣ ਹਨ, ਇਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈ। ਸਾਰਾ ਦਿਨ ਭੀਖ ਮੰਗਣ ਤੋਂ ਬਾਅਦ ਸ਼ਾਮ ਢਲਦੇ ਹੀ ਇਹ ਲੋਕ ਸੜਕ ਕੰਢੇ ਬੈਠ ਕੇ ਜਾਮ ਵੀ ਛਲਕਾਉਂਦੇ ਹਨ। ਭਿਖਾਰੀਆਂ ਦੀ ਅਜਿਹੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਸੜਕਾਂ ਅਤੇ ਬਾਜ਼ਾਰਾਂ ਵਿੱਚ ਗੱਡੀਆਂ ਦੀ ਆਵਾਜਾਈ ਵੱਧ ਜਾਂਦੀ ਹੈ ਅਤੇ ਇਹ ਲੋਕ ਚੌਕਾਂ ਉੱਤੇ ਸਮਾਨ ਵੇਚਣ ਲੱਗ ਜਾਂਦੇ ਹਨ ਤੇ ਭੀਖ ਮੰਗਦੇ ਹਨ, ਜਿਸ ਨਾਲ ਹਾਦਸ਼ਾ ਵਾਪਰਨ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਪੰਚਕੂਲਾ ਦੀ ਇੱਕ ਤਾਜ਼ਾ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੀ ਪੰਚਕੂਲਾ ਵਿੱਚ ਇੱਕ ਗੱਡੀ ਸੜਕ ਉੱਤੇ ਪਏ ਬੰਦਿਆਂ ’ਤੇ ਚੜ੍ਹ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁਹਾਲੀ ਪੁਲੀਸ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਭਿਖਾਰੀਆਂ ’ਤੇ ਕਾਬੂ ਪਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਭਿਖਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੁਹਾਲੀ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਇਆ ਜਾਵੇ। ਉਨ੍ਹਾਂ ਪੱਤਰ ਦੀ ਕਾਪੀ ਡੀਜੀਪੀ, ਡੀਸੀ ਮੁਹਾਲੀ ਅਤੇ ਐਸਐਸਪੀ ਨੂੰ ਵੀ ਭੇਜੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

Punjab’s Cyber Helpline 1930 gets a boost as DGP Gaurav Yadav unveils enhanced call center

Punjab’s Cyber Helpline 1930 gets a boost as DGP Gaurav Yadav unveils enhanced call …