ਪੰਚਾਇਤ ਚੋਣਾਂ ਵਿੱਚ ‘ਆਪ’ ਦੀ ਹੂੰਝਾਫੇਰ ਜਿੱਤ, ਨਵੀਆਂ ਪੰਚਾਇਤਾਂ ਦਾ ਸਨਮਾਨ

‘ਆਪ’ ਦੇ ਦਫ਼ਤਰ ਵਿੱਚ ਢੋਲ-ਢਮੱਕੇ ਨਾਲ ਪਹੁੰਚੇ ਸਰਪੰਚ-ਪੰਚ, ਲੱਡੂ ਵੰਡੇ, ਭੰਗੜੇ ਪਾਏ

ਨਬਜ਼-ਏ-ਪੰਜਾਬ, ਮੁਹਾਲੀ, 16 ਅਕਤੂਬਰ:
ਮੁਹਾਲੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਪੱਖੀ ਉਮੀਦਵਾਰਾਂ ਨੇ ਹੂੰਝਾਫੇਰ ਜਿੱਤ ਹਾਸਲ ਕਰਕੇ ਭਗਵੰਤ ਮਾਨ ਸਰਕਾਰ ਦੀ ਲਾਜ ਰੱਖ ਲਈ ਹੈ ਜਦੋਂਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਨੂੰ ਇੱਥੋਂ ਹਾਰ ਦਾ ਮੂੰਹ ਦੇਖਣ ਪਿਆ ਸੀ। ਅੱਜ ਬਹੁਤ ਸਾਰੇ ਪਿੰਡਾਂ ਦੇ ਨਵੇਂ ਚੁਣੇ ਗਏ ਸਰਪੰਚ ਅਤੇ ਪੰਚ ਖੁੱਲ੍ਹੀਆਂ ਜੀਪਾਂ ਵਿੱਚ ਸਵਾਰ ਹੋ ਕੇ ਢੋਲ-ਢਮੱਕੇ ਨਾਲ ਸੈਕਟਰ-79 ਸਥਿਤ ‘ਆਪ’ ਦੇ ਦਫ਼ਤਰ ਵਿੱਚ ਪਹੁੰਚੇ ਅਤੇ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ। ਪਾਰਟੀ ਦਫ਼ਤਰ ਵਿੱਚ ਵਿਆਹ ਵਰਗਾ ਦਾ ਮਾਹੌਲ ਬਣਿਆ ਹੋਇਆ ਸੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਜੇਤੂ ਪੰਚਾਂ-ਸਰਪੰਚਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਪਿੰਡਾਂ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸਮੂਹ ਵੋਟਰਾਂ ਅਤੇ ਆਮ ਨਾਗਰਿਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 70 ’ਚੋਂ 63 ਪੰਚਾਇਤਾਂ ‘ਆਪ’ ਪੱਖੀਆਂ ਚੁਣੀਆਂ ਗਈਆਂ ਹਨ। ਉਨ੍ਹਾਂ ਨੇ ‘ਆਪ’ ਦਫ਼ਤਰ ਪਹੁੰਚੇ ਵੱਡੀ ਗਿਣਤੀ ਸਰਪੰਚਾਂ-ਪੰਚਾਂ ਨੂੰ ਪਿੰਡਾਂ ਦੇ ਵਿਕਾਸ ਅਤੇ ਲੋਕ ਭਲਾਈ ਕੰਮਾਂ ਨੂੰ ਤਰਜੀਹ ਦੇਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੰਚਾਇਤ ਕਿਸੇ ਇੱਕ ਪਾਰਟੀ ਦਾ ਨਹੀਂ ਹੁੰਦੀ ਸਗੋਂ ਉਹ ਪੂਰੇ ਪਿੰਡ ਦੀ ਨੁਮਾਇੰਦਾ ਜਮਾਤ ਹੁੰਦੀ ਹੈ। ਇਸ ਲਈ ਨਿਰਪੱਖ ਅਤੇ ਪਾਰਦਰਸ਼ਤਾ ਨਾਲ ਵਿਕਾਸ ਦੇ ਨਾਲ-ਨਾਲ ਆਪਸੀ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇ।
ਕੁਲਵੰਤ ਸਿੰਘ ਨੇ ਨਵੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ ਅਤੇ ਨਵੇਂ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਲੋੜੀਂਦੇ ਫੰਡ ਜੁਟਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇਗਾ।
ਚੋਣ ਜਿੱਤਣ ਤੋਂ ਬਾਅਦ ਅੱਜ ਪਹਿਲੇ ਦਿਨ ਪਿੰਡ ਬਾਕਰਪੁਰ, ਬੜਮਾਜਰਾ ਕਲੋਨੀ, ਜੁਝਾਰ ਨਗਰ, ਮਨੌਲੀ, ਪੱਤੋਂ, ਰਾਏਪੁਰ ਕਲਾਂ, ਸਨੇਟਾ, ਲਾਂਡਰਾਂ, ਦੈੜੀ, ਗੁਡਾਣਾ, ਚਾਊ ਮਾਜਰਾ, ਮੋਟੇ ਮਾਜਰਾ, ਸੰਭਾਲਕੀ, ਸੁਖਗੜ੍ਹ, ਬੈਂਰੋਪੁਰ, ਮੌਲੀ ਬੈਦਵਾਨ ਦੀਆਂ ਨਵੀਆਂ ਪੰਚਾਇਤਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਧਾਇਕ ਨਾਲ ਮੁਲਾਕਾਤ ਕੀਤੀ। ਭਲਕੇ ਵੀਰਵਾਰ ਨੂੰ ਬਾਕੀ ਪੰਚਾਇਤਾਂ ਨੂੰ ਸਮਾਂ ਦਿੱਤਾ ਗਿਆ ਹੈ। ਜਦੋਂਕਿ 11 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਗਿਣਤੀ ਹੋਰ ਵੀ ਵੱਧ ਹੋਣੀ ਸੀ ਪ੍ਰੰਤੂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਾਜ਼ਿਸ਼ ਤਹਿਤ ਸਬੰਧਤ ਪਿੰਡਾਂ ਵਿੱਚ ਆਪਣੇ 1-1, 2-2 ਬੰਦੇ ਖੜ੍ਹੇ ਕਰਕੇ ਕਾਫ਼ੀ ਪਿੰਡਾਂ ਵਿੱਚ ਸਰਬਸੰਮਤੀ ਨਹੀਂ ਹੋ ਦਿੱਤੀ।
ਇਸ ਮੌਕੇ ‘ਆਪ’ ਵਲੰਟੀਅਰ ਕੁਲਦੀਪ ਸਿੰਘ ਸਮਾਣਾ, ਕੌਂਸਲਰ ਸਰਬਜੀਤ ਸਿੰਘ, ਡਾ. ਐਸਐਸ ਭੰਵਰਾ, ਪਰਮਜੀਤ ਸਿੰਘ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ, ਹਰਪਾਲ ਸਿੰਘ ਚੰਨਾ, ਸੁਖਮਿੰਦਰ ਸਿੰਘ ਬਰਨਾਲਾ, ਆਰਪੀ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਅਵਤਾਰ ਸਿੰਘ ਮੌਲੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…