ਏਸੀ ਬੱਸ ਅੱਡਾ ਮੁਹਾਲੀ ਦੀ ਐਂਟਰੀ ’ਤੇ ਮੁੜ ਸਥਾਪਿਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਛੇਤੀ ਸ਼ੁਰੂ ਹੋਣ ਦੀ ਆਸ ਪ੍ਰਗਟਾਈ

ਨਬਜ਼-ਏ-ਪੰਜਾਬ, ਮੁਹਾਲੀ, 16 ਅਕਤੂਬਰ:
ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਫੇਜ਼-6 ਦੀ ਮੁੱਖ ਐਂਟਰੀ ’ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਮੁੜ ਤੋਂ ਬੁੱਤ ਸਥਾਪਿਤ ਕੀਤਾ ਗਿਆ। ਕੁਝ ਦਿਨ ਪਹਿਲਾਂ ਅਚਾਨਕ ਬੁੱਤ ਡਿੱਗ ਕੇ ਨੁਕਸਾਨਿਆਂ ਗਿਆ ਸੀ। ਇਸ ਨੂੰ ਬਾਅਦ ਵਿੱਚ ਮੁਰੰਮਤ ਲਈ ਭੇਜਿਆ ਗਿਆ ਸੀ। ਅੱਜ ਇੱਥੇ ਬੱਸ ਅੱਡੇ ਬਾਹਰ ਦੁਬਾਰਾ ਬੁੱਤ ਸਥਾਪਿਤ ਕੀਤਾ ਗਿਆ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਗਾਇਬ ਹੋਣ ਦਾ ਮਾਮਲਾ ਮੀਡੀਆ ਵਿੱਚ ਚੁੱਕਿਆ ਸੀ। ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਥਿਤੀ ਸਪੱਸ਼ਟ ਕਰਨੀ ਪਈ ਸੀ। ਡੀਸੀ ਆਸ਼ਿਕਾ ਜੈਨ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਬੁੱਤ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ ਅਤੇ ਜਲਦੀ ਹੀ ਉਸੇ ਥਾਂ ’ਤੇ ਬਾਬਾ ਜੀ ਦਾ ਬੁੱਤ ਲਗਾਇਆ ਜਾਵੇਗਾ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਬੁੱਤ ਦੁਬਾਰਾ ਲੱਗ ਗਿਆ ਹੈ ਅਤੇ ਕੰਮ ਮੁਕੰਮਲ ਹੋਣ ’ਤੇ ਇਸ ਨੂੰ ਲੋਕ ਅਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਕੰਪਨੀ ਪ੍ਰਬੰਧਕਾਂ ਨੂੰ ਫੌਰੀ ਬੁੱਤ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਉਨ੍ਹਾਂ ਨੇ ਬੱਸ ਅੱਡੇ ਨੂੰ ਵਧੀਆ ਢੰਗ ਨਾਲ ਚਾਲੂ ਕਰਨ ਅਤੇ ਕਬਜ਼ੇ ਵਿੱਚ ਲਈ ਗਈ ਸੜਕ ਦਾ ਅੱਧਾ ਹਿੱਸਾ ਚਾਲੂ ਕਰਵਾਉਣ ਲਈ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਉਨ੍ਹਾਂ ਨੂੰ ਆਸ ਹੈ ਕਿ ਛੇਤੀ ਹੀ ਬੱਸ ਅੱਡਾ ਪੂਰਨ ਰੂਪ ਵਿੱਚ ਚਾਲੂ ਹੋ ਜਾਵੇਗਾ ਅਤੇ ਆਵਾਜਾਈ ਲਈ ਸੜਕ ਵੀ ਖੁੱਲ੍ਹ ਜਾਵੇਗੀ, ਜਿਸ ਨਾਲ ਸ਼ਹਿਰ ਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਟਰੈਫ਼ਿਕ ਸਮੱਸਿਆ ਛੁਟਕਾਰਾ ਮਿਲੇਗਾ।
ਸ੍ਰੀ ਬੇਦੀ ਨੇ ਦੱਸਿਆ ਕਿ ਪਹਿਲਾਂ ਵੇਰਕਾ ਚੌਂਕ ਤੋਂ ਇਹ ਡਬਲ ਸੀ ਪ੍ਰੰਤੂ ਬੱਸ ਅੱਡੇ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੇ ਸੜਕ ਦਾ ਇੱਕ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਕੇ ਆਲੇ ਦੁਆਲੇ ਲੋਹੇ ਦੀਆਂ ਚਾਦਰਾਂ ਲਗਾ ਦਿੱਤੀਆਂ ਸਨ। ਇਹ ਕਬਜ਼ਾ ਨਾ ਹਟਾਏ ਜਾਣ ਸਿੰਗਲ ਰੋਡ ਉੱਤੇ ਹੀ ਲੋਕ ਲੰਘਦੇ ਹਨ ਅਤੇ ਇੱਥੇ ਜਾਮ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਕੋਰਟ ਕੇਸ ਤੋਂ ਬਾਅਦ ਹੁਣ ਇੱਥੇ ਬੱਸਾਂ ਅੱਡੇ ਅੰਦਰ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਏਸੀ ਬੱਸ ਅੱਡਾ ਵੀ ਜਲਦੀ ਸ਼ੁਰੂ ਹੋ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕਰਨ ਲਈ ਉਨ੍ਹਾਂ ਨੇ ਡੀਸੀ ਮੁਹਾਲੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…