ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਪੰਜਾਬ ਸਰਕਾਰ ਨੇ 22 ਅਕਤੂਬਰ ਨੂੰ ਸੱਦੀ ਪੈਨਲ ਮੀਟਿੰਗ, ਮੀਟਿੰਗ ਤੋਂ ਬਾਅਦ ਉਲੀਕੀ ਜਾਵੇਗੀ ਅਗਲੀ ਰਣਨੀਤੀ

ਨਬਜ਼-ਏ-ਪੰਜਾਬ, ਮੁਹਾਲੀ, 20 ਅਕਤੂਬਰ:
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਨਿੱਜੀ ਦਖ਼ਲ ਅਤੇ ਮੈਡੀਕਲ ਅਫ਼ਸਰਾਂ ਨਾਲ ਵੈਟਰਨਰੀ ਅਫ਼ਸਰਾਂ ਦੀ ਤਨਖ਼ਾਹ ਬਰਾਬਰੀ ਦੀ ਮੰਗ ਬਹਾਲ ਕਰਨ ਦੇ ਮਸਲੇ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦੇਣ ਨਾਲ ‘ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੈਰਿਟੀ’ ਨੇ ਭਲਕੇ 21 ਅਕਤੂਬਰ ਨੂੰ ਮੁਹਾਲੀ ਸਥਿਤ ਮੁੱਖ ਦਫ਼ਤਰ ਦੇ ਬਾਹਰ ਅਤੇ ਜ਼ਿਲ੍ਹਾ ਪੱਧਰ ’ਤੇ ਦਿੱਤੇ ਜਾਣ ਵਾਲੇ ਧਰਨਿਆਂ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਅੱਜ ਇੱਥੇ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਵੈਟਰਨਰੀ ਡਾਕਟਰਾਂ ਵੱਲੋਂ ਸੋਮਵਾਰ ਨੂੰ ਪੰਜਾਬ ਭਰ ਵਿੱਚ ਵੈਟਰਨਰੀ ਪੋਲੀ-ਕਲੀਨਿਕਾਂ ਵਿੱਚ ਸਾਰੇ ਇਲਾਜ, ਚੋਣਵੇਂ ਸਰਜਰੀਆਂ, ਖੂਨ ਦੀ ਜਾਂਚ/ਇਕਤਰਣ ਅਤੇ ਹੋਰ ਨਮੂਨਿਆਂ ਨੂੰ ਇਕ ਦਿਨ ਲਈ ਮੁਅੱਤਲ ਕਰਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣੇ ਸਨ।
ਜਥੇਬੰਦੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ 22 ਅਕਤੂਬਰ ਨੂੰ ਪੰਜਾਬ ਭਵਨ ਵਿਖੇ ਵੈਟਰਨਰੀ ਅਫ਼ਸਰਾਂ ਦੀਆਂ ਜਾਇਜ਼ ਮੰਗਾਂ ਬਾਰੇ ਵਿਚਾਰ ਕਰਨ ਲਈ ਕੈਬਨਿਟ ਸਬ-ਕਮੇਟੀ ਨਾਲ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਮਸਲਿਆਂ ਨੂੰ ਲੰਮਾ ਲਮਕਾ ਰਹੀ ਹੈ, ਜਿਸ ਕਾਰਨ ਵੈਟਰਨਰੀ ਡਾਕਟਰਾਂ ਦੇ ਕਾਡਰ ਵਿੱਚ ਭਾਰੀ ਰੋਸ ਅਤੇ ਨਿਰਾਸ਼ ਦਾ ਆਲਮ ਹੈ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਚਾਰ ਦਹਾਕਿਆਂ ਤੋਂ ਪੁਰਾਣੀ ਸਮਾਨਤਾ ਤੁਰੰਤ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਮੂੰਹ ਖੁਰ ਰੋਗ ਦੇ ਟੀਕਾਕਰਨ ਮੁਹਿੰਮ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਦੀ ਸ਼ੁਰੂਆਤ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਭਲਕੇ 21 ਅਕਤੂਬਰ ਨੂੰ ਕਰਨਗੇ।
ਡਾ: ਗੁਰਚਰਨ ਸਿੰਘ ਨੇ ਵੈਟਰਨਰੀ ਡਾਕਟਰਾਂ ਨੂੰ ਪਸ਼ੂ-ਧਨ ਨੂੰ ਭਿਆਨਕ ਛੂਤ ਦੀ ਬਿਮਾਰੀ ਤੋਂ ਬਚਾਉਣ ਲਈ ਐਫਐਮਡੀ ਟੀਕਾਕਰਨ ਨੂੰ ਜੰਗੀ ਪੱਧਰ ’ਤੇ ਮੁਕੰਮਲ ਕਰਨ ਲਈ ਪ੍ਰੇਰਿਆ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਜਥੇਬੰਦੀ ਦੀ ਬੀਤੀ 17 ਸਤੰਬਰ ਨੂੰ ਮੀਟਿੰਗ ਤੈਅ ਕੀਤੀ ਗਈ ਸੀ, ਜਿਸ ਨੂੰ ਐਨ ਮੌਕੇ 10 ਦਿਨ ਅੱਗੇ ਪਾ ਦਿੱਤਾ ਲੇਕਿਨ ਹੁਣ ਤੀਜੀ ਵਾਰ 22 ਅਕਤੂਬਰ ਨੂੰ ਮੀਟਿੰਗ ਦਾ ਸੁਨੇਹਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਮਸਲਾ ਹੱਲ ਨਹੀਂ ਕੀਤਾ ਅਤੇ 22 ਅਕਤੂਬਰ ਦੀ ਮੀਟਿੰਗ ਵੀ ਰੱਦ ਕੀਤੀ ਗਈ ਤਾਂ ਜਲਦੀ ਹੀ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਸੂਬਾ ਮੀਡੀਆ ਇੰਚਾਰਜ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਉਨ੍ਹਾਂ ਦੇ ਮਸਲੇ ਟੇਬਲ ਗੱਲਬਾਤ ਰਾਹੀਂ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣ। ਜੇਕਰ ਸਰਕਾਰ ਨੇ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜ਼ਿਮਨੀ ਚੋਣਾਂ ਦੌਰਾਨ ਸਬੰਧਤ ਹਲਕਿਆਂ ਵਿੱਚ ‘ਆਪ’ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ। ਮੀਟਿੰਗ ਵਿੱਚ ਡਾ. ਪੁਨੀਤ ਮਲਹੋਤਰਾ, ਡਾ. ਅਬਦੁਲ ਮਜੀਦ, ਡਾ. ਪ੍ਰਸ਼ੋਤਮ ਸਿੰਘ, ਡਾ. ਗੁਰਦੀਪ ਪਟਿਆਲਾ, ਡਾ. ਹਰਮਨਦੀਪ ਸਿੰਘ, ਡਾ.ਅਰਸ਼ਪ੍ਰੀਤ, ਡਾ. ਸੁਖਰਾਜ ਬੱਲ, ਡਾ. ਦਿਲਮਨਪ੍ਰੀਤ ਸਿੰਘ, ਡਾ. ਸਾਹਿਲ ਭਿੰਡਰ ਅਤੇ ਡਾ. ਤੇਜਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਰੋਸਣ ਵਾਲਿਆਂ ਦੇ ਕੀਤੇ ਚਲਾਨ

ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਰੋਸਣ ਵਾਲਿਆਂ ਦੇ ਕੀਤੇ ਚਲਾਨ ਆਬਕਾਰੀ…