ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਏਡਿਡ ਸਕੂਲਾਂ ਦੇ ਪੀਟੀਆਈ ਤੇ ਡਰਾਇੰਗ ਅਧਿਆਪਕਾਂ ਨੂੰ ਅੱਠ ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ

ਨਬਜ਼-ਏ-ਪੰਜਾਬ, ਮੁਹਾਲੀ, 22 ਅਕਤੂਬਰ:
ਸਿੱਖਿਆ ਵਿਭਾਗ ਦੀ ਬੇਰੁਖ਼ੀ ਕਾਰਨ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਅਧਿਆਪਕਾਂ ਲਈ ਤਿਉਹਾਰਾਂ ਦਾ ਸੀਜ਼ਨ ਫਿੱਕਾ ਪੈ ਗਿਆ ਹੈ। ਏਡਿਡ ਸਕੂਲਾਂ ਵਿੱਚ ਤਾਇਨਾਤ ਪੀਟੀਆਈ ਅਤੇ ਡਰਾਇੰਗ ਅਧਿਆਪਕਾਂ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਆਰਥਿਕ ਤੰਗ ਨਾਲ ਜੂਝਣ ਕਾਰਨ ਆਪਣੇ ਪਰਿਵਾਰਾਂ ਦਾ ਪਾਲਣ-ਪੋਸਣ ਕਰਨ ਤੋਂ ਵੀ ਲਾਚਾਰ ਹੋ ਗਏ ਹਨ।
ਅੱਜ ਇੱਥੇ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਹੁਣ ਤੱਕ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਸੀ ਐਂਡ ਵੀ ਅਧਿਆਪਕਾਂ ਨੂੰ ਤਨਖ਼ਾਹ ਦੇਣ ਲਈ ਗਰਾਂਟ ਜਾਰੀ ਨਹੀਂ ਕਰ ਸਕਿਆ। ਇਸ ਸਬੰਧੀ ਜਥੇਬੰਦੀ ਕਈ ਵਾਰ ਡੀਪੀਆਈ ਅਤੇ ਹੋਰਨਾਂ ਅਧਿਕਾਰੀਆਂ ਨੂੰ ਮਿਲ ਚੁੱਕੀ ਹੈ ਪਰ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਰੋਸ ਵਜੋਂ ਸੰਗਰੂਰ ਵਿੱਚ ਧਰਨਾ ਰੱਖਿਆ ਸੀ ਪਰ ਪੰਜਾਬ ਸਰਕਾਰ ਨੇ 5 ਨਵੰਬਰ ਨੂੰ ਮੀਟਿੰਗ ਸੱਦ ਲਈ ਹੈ। ਇਸ ਦੇ ਬਾਵਜੂਦ ਏਡਿਡ ਸਕੂਲਾਂ ਦੇ ਅਧਿਆਪਕਾਂ ਵੱਲੋਂ ਰੋਸ ਵਜੋਂ ਕਾਲੀ ਦੀਵਾਲੀ ਮਨਾਈ ਜਾਵੇਗੀ।
ਆਗੂਆਂ ਨੇ ਕਿਹਾ ਕਿ ਬੇਸ਼ੱਕ ਹਾਈਕੋਰਟ ਵੱਲੋਂ ਏਡਿਡ ਸਕੂਲਾਂ ਦੇ ਅਧਿਆਪਕਾਂ, ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ। ਪ੍ਰੈਸ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਸੀ ਐਂਡ ਵੀ ਅਧਿਆਪਕਾਂ ਨੂੰ ਲੰਬੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਹ ਕਾਫ਼ੀ ਅੌਖੇ ਹਨ ਅਤੇ ਸਮਾਜਿਕ ਤੇ ਪਰਿਵਾਰਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਆਗੂਆਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਏਡਿਡ ਸਕੂਲ ਅਧਿਆਪਕਾਂ ਦਾ ਮਸਲਾ ਹੱਲ ਕਰਕੇ ਤਨਖ਼ਾਹਾਂ ਜਾਰੀ ਕੀਤੀਆਂ ਜਾਣ।
ਇਸ ਮੌਕੇ ਯੂਨੀਅਨ ਆਗੂ ਐਬਿਟ ਮਸੀਹ, ਰਣਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਅਸ਼ੋਕ ਵਡਹੇਰਾ ਫਿਰੋਜ਼ਪੁਰ, ਪਰਮਜੀਤ ਸਿੰਘ ਗੁਰਦਾਸਪੁਰ, ਰਵਿੰਦਰਜੀਤ ਪੁਰੀ, ਜਗਜੀਤ ਸਿੰਘ ਗੁਜਰਾਲ, ਅਸ਼ਵਨੀ ਮਦਾਨ ਪਟਿਆਲਾ, ਚਰਨਜੀਤ ਸ਼ਰਮਾ ਬਰਨਾਲਾ, ਸੁਖਇੰਦਰ ਸਿੰਘ ਹੁਸ਼ਿਆਰਪੁਰ, ਕੁਲਦੀਪ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…