ਮੁਹਾਲੀ ਏਅਰਪੋਰਟ ਸੜਕ ’ਤੇ ਸੈਕਟਰ-82 ਰੇਲਵੇ ਪੁਲ ਨੇੜੇ ਲਗਦੇ ਜਾਮ ਕਾਰਨ ਰਾਹਗੀਰ ਅੌਖੇ

ਆਵਾਜਾਈ ਲਈ ਬਦਲਵਾਂ ਪ੍ਰਬੰਧ ਕਰਨ ਲਈ ਡਿਪਟੀ ਮੇਅਰ ਨੇ ਪੁੱਡਾ ਮੰਤਰੀ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ:
ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਬੇਹਿਸਾਬ ਆਵਾਜਾਈ ਹੋਣ ਕਾਰਨ ਹਰ ਸਮੇਂ ਟਰੈਫ਼ਿਕ ਜਾਮ ਰਹਿੰਦਾ ਹੈ। ਸੈਕਟਰ-82 ਸਥਿਤ ਜੇਐਲਪੀਐਲ ਨੇੜੇ ਰੇਲਵੇ ਪੁਲ ਦੇ ਥੱਲੇ ਸੜਕ ’ਤੇ ਹਰ ਸਮੇਂ ਲਗਦੇ ਜਾਮ ਤੋਂ ਸ਼ਹਿਰ ਵਾਸੀ ਅਤੇ ਹੋਰ ਰਾਹਗੀਰ ਡਾਢੇ ਦੁਖੀ ਹਨ। ਟਰੈਫ਼ਿਕ ਜਾਮ ਕਾਰਨ ਰੋਜ਼ਾਨਾ ਸਰਕਾਰੀ ਮੁਲਾਜ਼ਮ ਅਤੇ ਵਿਦਿਆਰਥੀ ਦਫ਼ਤਰਾਂ ਅਤੇ ਸਕੂਲ ਵਿੱਚ ਲੇਟ ਪਹੁੰਚਦੇ ਹਨ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੁੱਡਾ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਡੀਸੀ ਮੁਹਾਲੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਵੀ ਪੱਤਰ ਭੇਜਿਆ ਹੈ।
ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਰੀਅਲ ਅਸਟੇਟ ਦਫ਼ਤਰ ਨੇੜੇ ਰੇਲਵੇ ਪੁਲ ਥੱਲੇ ਰੋਜ਼ਾਨਾ ਲੰਮੇ ਜਾਮ ਲੱਗਦੇ ਹਨ ਕਿਉਂਕਿ ਇੱਥੋਂ ਸੈਕਟਰ-82 ਅਤੇ ਸੈਕਟਰ-82 ਵਾਲੇ ਪਾਸਿਓਂ ਮੁਹਾਲੀ ਸ਼ਹਿਰ ਅਤੇ ਜ਼ੀਰਕਪੁਰ ਤੇ ਡੇਰਾਬੱਸੀ ਜਾਣ ਲਈ ਐਂਟਰੀ ਬਹੁਤ ਛੋਟੀ ਹੈ। ਜਦੋਂਕਿ ਇਸ ਤੋਂ ਪਿੱਛੇ ਸੜਕਾਂ ਚੌੜੀਆਂ ਹਨ ਪ੍ਰੰਤੂ ਪੁਲ ਨੇੜੇ ਸੜਕ ਤੰਗ ਹੋ ਜਾਂਦੀ ਹੈ। ਇੱਥੇ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਜਾਮ ਲੱਗਾ ਰਹਿੰਦਾ। ਸ਼ਾਮ ਨੂੰ ਪੰਜ ਤੋਂ ਸੱਤ ਵਜੇ ਅਤੇ ਸਵੇਰੇ ਡਿਊਟੀ ਟਾਈਮ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ। ਕਈ ਵਾਰ ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਾਮ ਵਿੱਚ ਫਸੀਆਂ ਰਹਿੰਦੀਆਂ ਹਨ। ਕਿਉਂਕਿ ਸੜਕ ਦੇ ਦੋਵੇਂ ਪਾਸੇ ਟਰੈਫ਼ਿਕ ਐਨੀ ਜ਼ਿਆਦਾ ਹੁੰਦੀ ਹੈ ਕਿ ਸਾਈਡ ਤੋਂ ਵਾਹਨ ਤਾਂ ਕੀ ਪੈਦਲ ਲੰਘਣਾ ਵੀ ਕਾਫ਼ੀ ਅੌਖਾ ਹੁੰਦਾ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਪਹਿਲਾਂ ਜ਼ੀਰਕਪੁਰ, ਡੇਰਾਬੱਸੀ, ਦਿੱਲੀ ਜਾਂ ਅੰਬਾਲਾ ਜਾਣ ਵਾਲੇ ਲੋਕ ਵਾਇਆ ਚੰਡੀਗੜ੍ਹ ਜਾਂ ਬਨੂੜ ਰਾਹੀਂ ਜਾਂਦੇ ਸੀ ਪ੍ਰੰਤੂ ਜਦ ਤੋਂ 200 ਫੁੱਟ ਚੌੜਾ ਮੁਹਾਲੀ ਏਅਰਪੋਰਟ ਸੜਕ ਬਣੀ ਹੈ। ਇਹ ਸਾਰੀ ਟਰੈਫ਼ਿਕ ਇੱਥੋਂ ਲੰਘਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਹਰ ਸਮੇਂ ਜਾਮ ਵਰਗੀ ਸਥਿਤੀ ਰਹਿੰਦੀ ਹੈ। ਲਾਲ ਬੱਤੀਆਂ ’ਤੇ ਕਾਫ਼ੀ ਸਮਾਂ ਖੜਨਾ ਪੈਂਦਾ ਹੈ। ਏਅਰਪੋਰਟ ਨੇੜੇ ਹੋਣ ਕਾਰਨ ਕਾਫ਼ੀ ਸੇਵਾਮੁਕਤ ਅਤੇ ਕੰਮਕਾਜੀ ਲੋਕਾਂ ਨੇ ਐਰੋਸਿਟੀ ਅਤੇ ਆਈਟੀ ਸਿਟੀ ਵਿੱਚ ਆਪਣੇ ਸੁਪਨਿਆਂ ਦੇ ਘਰ ਬਣਾਏ ਸੀ ਪਰ ਹੁਣ ਉਹ ਸਾਰੇ ਟਰੈਫ਼ਿਕ ਸਮੱਸਿਆ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਢੁਕਵਾਂ ਹੱਲ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …