ਨਸ਼ਾ ਤਸਕਰੀ: ਸਾਬਕਾ ਵਿਧਾਇਕਾ ਸਤਿਕਾਰ ਕੌਰ ਤੇ ਭਤੀਜੇ ਜਸਕੀਰਤ ਨੂੰ ਜੇਲ੍ਹ ਭੇਜਿਆ

ਨਸ਼ਾ ਤਸਕਰਾਂ ਨੂੰ ਫੜਨ ਫਿਰੋਜ਼ਪੁਰ ਗਈ ਮੁਹਾਲੀ ਪੁਲੀਸ ਦੀ ਟੀਮ ਖਾਲੀ ਹੱਥ ਪਰਤੀ, ਮੁਲਜ਼ਮ ਆਪਣੇ ਘਰਾਂ ਤੋਂ ਫ਼ਰਾਰ

ਸਾਬਕਾ ਵਿਧਾਇਕਾ ਕੋਲੋਂ ਮਿਲੇ ਮੋਬਾਈਲ ਫੋਨ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ: ਜਾਂਚ ਅਧਿਕਾਰੀ

ਨਬਜ਼-ਏ-ਪੰਜਾਬ, ਮੁਹਾਲੀ, 27 ਅਕਤੂਬਰ:
ਪੰਜਾਬ ਪੁਲੀਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ਼) ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਐਤਵਾਰ ਨੂੰ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਦੋਵੇਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਜਾਂਚ ਅਧਿਕਾਰੀ ਰਾਮ ਦਰਸ਼ਨ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਬਕਾ ਵਿਧਾਇਕਾ ਸਤਿਕਾਰ ਕੌਰ ਅਤੇ ਉਸ ਦੇ ਭਤੀਜੇ ਨੇ ਫਿਰੋਜ਼ਪੁਰ ਦੇ ਦੋ ਨਸ਼ਾ ਤਸਕਰਾਂ ਗੁਰੀ ਅਤੇ ਰਾਜਵੀਰ ਸਿੰਘ ਦੇ ਪੁਲੀਸ ਨੂੰ ਨਾਂ ਦੱਸੇ ਸਨ। ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਵੱਲੋਂ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਪ੍ਰੰਤੂ ਉਹ ਸਬੰਧਤ ਥਾਵਾਂ ’ਤੇ ਪੁਲੀਸ ਨੂੰ ਨਹੀਂ ਮਿਲੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਵਿਧਾਇਕਾ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਣ ’ਤੇ ਉਹ ਆਪਣੇ ਘਰਾਂ ਤੋਂ ਫ਼ਰਾਰ ਹੋ ਗਏ ਹਨ। ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰੀ ਦੇ ਖ਼ਿਲਾਫ਼ ਪਹਿਲਾਂ ਵੀ ਖਰੜ ਥਾਣੇ ਵਿੱਚ ਐਨਡੀਪੀਐਸ ਦਾ ਪਰਚਾ ਦਰਜ ਹੈ। ਉਨ੍ਹਾਂ ਦੱਸਿਆ ਕਿ ਗੁਰੀ ਅਤੇ ਰਾਜਵੀਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਬਕਾ ਵਿਧਾਇਕਾ ਅਤੇ ਉਸ ਦੇ ਭਤੀਜੇ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਕਰਾਸ ਪੁੱਛਗਿੱਛ ਕੀਤੀ ਜਾਵੇਗੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਵਿਧਾਇਕਾ ਨੇ ਪੁਲੀਸ ਕੋਲ ਮੰਨਿਆਂ ਸੀ ਕਿ ਉਹ ਉਕਤ ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਲੈ ਕੇ ਅੱਗੇ ਵੇਚਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਵਿਧਾਇਕਾ ਕੋਲੋਂ ਬਰਾਮਦ ਮੋਬਾਈਲ ਫੋਨ ਨੂੰ ਫੋਰੈਂਸਿਕ ਜਾਂਚ ਲਈ ਭਲਕੇ ਸੋਮਵਾਰ ਨੂੰ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ। ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਏਐਨਟੀਐਫ਼ ਦੀ ਟੀਮ ਵੱਲੋਂ ਬੀਤੀ 23 ਅਕਤੂਬਰ ਦੀ ਸ਼ਾਮ ਨੂੰ ਸਾਬਕਾ ਵਿਧਾਇਕਾ ਸਤਿਕਾਰ ਕੌਰ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਨੂੰ ਸੰਨੀ ਐਨਕਲੇਵ ਖਰੜ ’ਚੋਂ 100 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੇ ਘਰ ’ਚੋਂ 28 ਗਰਾਮ ਹੋਰ ਚਿੱਟਾ ਅਤੇ 1.56 ਲੱਖ ਡਰੱਗ ਮਨੀ ਅਤੇ ਸੋਨੇ ਦੇ ਗਹਿਣੇ ਅਤੇ ਦਿੱਲੀ ਨੰਬਰ ਦੀਆਂ ਕਈ ਕਾਰਾਂ ਦੀਆਂ ਨੰਬਰ ਪਲੇਟਾਂ ਬਰਾਮਦ ਕੀਤੀਆਂ ਸਨ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਐਸਟੀਐਫ਼ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਮੁਲਜ਼ਮ ਸਤਿਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ 2017-2022 ਤੱਕ ਵਿਧਾਇਕ ਰਹਿ ਚੁੱਕੀ ਹੈ। ਉਸ ਦਾ ਭਤੀਜਾ ਜਸਕੀਰਤ ਸਿੰਘ ਪਿੰਡ ਬਹਿਬਲ ਖ਼ੁਰਦ (ਫਿਰੋਜ਼ਪੁਰ) ਦਾ ਰਹਿਣ ਵਾਲਾ ਹੈ, ਜੋ ਇਸ ਸਮੇਂ ਸੰਨੀ ਐਨਕਲੇਵ ਖਰੜ ਵਿੱਚ ਸਾਬਕਾ ਵਿਧਾਇਕ ਦੇ ਘਰ ਰਹਿੰਦਾ ਸੀ।

Load More Related Articles
Load More By Nabaz-e-Punjab
Load More In General News

Check Also

ਦੀਵਾਲੀ ਨਾਈਟ: ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ

ਦੀਵਾਲੀ ਨਾਈਟ: ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ ਮੁਹਾਲੀ 27 ਅਕਤੂਬਰ: ਪੇਂਡੂ ਵਿਕਾਸ, ਪੰਚਾਇਤ , ਸ…