ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਪੰਜਾਬ ਸਰਕਾਰ ਤੇ ਪੁਲੀਸ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ: ਡਾ. ਪਿਆਰੇ ਲਾਲ

ਮਾਲੀ ਨਾਲ ਧੱਕਾ ਕਰਨ ਵਾਲੇ ਪੁਲੀਸ ਅਫ਼ਸਰਾਂ ਵਿਰੁੱਧ ਕਰਾਂਗੇ ਕਾਰਵਾਈ ਦੀ ਮੰਗ: ਰਣਜੀਤ ਸਿੰਘ

ਇਨਸਾਫ਼ ਪਸੰਦ ਲੋਕਾਂ ਦਾ ਨਿਆਂਪਾਲਿਕਾ ਵਿੱਚ ਵਿਸ਼ਵਾਸ ਵਧਿਆ: ਮਾਵੀ

ਨਬਜ਼-ਏ-ਪੰਜਾਬ, ਮੁਹਾਲੀ, 30 ਅਕਤੂਬਰ:
ਉੱਘੇ ਸਮਾਜਿਕ ਚਿੰਤਕ ਤੇ ਰਾਜਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੇਲ੍ਹ ’ਚੋਂ ਰਿਹਾਅ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਮੁਹਾਲੀ ਅਦਾਲਤ ਨੇ ਮਾਲੀ ਨੂੰ ਜੇਲ੍ਹ ’ਚੋਂ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬੁੱਧਵਾਰ ਨੂੰ ਮਾਲੀ ਦੇ ਦੋਸਤ ਹਰਪਾਲ ਕੌਰ ਅਤੇ ਉਨ੍ਹਾਂ ਦੇ ਪਤੀ ਤੇਜਾ ਸਿੰਘ ਨਾਗਰਾ ਨੇ ਸਥਾਨਕ ਅਦਾਲਤ ਵਿੱਚ ਜ਼ਮਾਨਤੀ ਬਾਂਡ ਭਰਿਆ। ਮਾਲੀ ਦੇ ਦੋਸਤ ਜੋੜੇ ਨੇ ਅਦਾਲਤ ਵਿੱਚ ਆਪਣੀ ਐਫ਼ਡੀ, ਆਧਾਰ ਕਾਰਡ ਅਤੇ ਹੋਰ ਅਹਿਮ ਦਸਤਾਵੇਜ਼ ਜਮ੍ਹਾ ਕਰਵਾਏ ਹਨ। ਇਸ ਮਗਰੋਂ ਅਦਾਲਤ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੂੰ ਮਾਲਵਿੰਦਰ ਮਾਲੀ ਨੂੰ ਰਿਹਾਅ ਕਰਨ ਦੇ ਆਨਲਾਈਨ ਆਦੇਸ਼ ਜਾਰੀ ਕੀਤੇ ਗਏ। ਅੱਜ ਦੇਰ ਸ਼ਾਮ ਮਾਲੀ ਨੂੰ ਪਟਿਆਲਾ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਅਤੇ ਉਹ ਆਪਣੇ ਸਮਰਥਕਾਂ ਅਤੇ ਇਨਸਾਫ਼ ਪਸੰਦ ਲੋਕਾਂ ਦੇ ਵੱਡੇ ਕਾਫ਼ਲੇ ਨਾਲ ਆਪਣੇ ਭਰਾ ਰਣਜੀਤ ਸਿੰਘ ਗਰੇਵਾਲ ਦੇ ਪਟਿਆਲਾ ਸਥਿਤ ਘਰ ਪਹੁੰਚੇ। ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਉਨ੍ਹਾਂ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸਨ। ਪੁਲੀਸ ਉਨ੍ਹਾਂ ਨੂੰ ਪੇਸ਼ੀ ’ਤੇ ਵੀ ਅਦਾਲਤ ਨਹੀਂ ਲਿਆ ਰਹੀ ਸੀ।
ਕਾਬਿਲੇਗੌਰ ਹੈ ਕਿ ਹਾਈ ਕੋਰਟ ਨੇ ਬੀਤੇ ਦਿਨੀਂ ਮਾਲਵਿੰਦਰ ਮਾਲੀ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਹਾਲਾਂਕਿ ਮਾਲੀ ਨੇ ਹੇਠਲੀ ਅਦਾਲਤ ਜਾਂ ਉੱਚ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਵੀ ਦਾਇਰ ਨਹੀਂ ਸੀ ਕੀਤੀ ਪ੍ਰੰਤੂ ਹਾਈ ਕੋਰਟ ਨੇ ਮਾਮਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਆਪਣੇ ਪੱਧਰ ’ਤੇ ਹੀ ਮਾਲੀ ਨੂੰ ਜ਼ਮਾਨਤ ਦਿੰਦਿਆਂ ਹੇਠਲੀ ਅਦਾਲਤ ਨੂੰ ਆਦੇਸ਼ ਦਿੱਤੇ ਸਨ ਕਿ ਮਾਲੀ ਕੋਲੋਂ ਜ਼ਮਾਨਤੀ ਬਾਂਡ ਭਰਵਾ ਕੇ ਉਨ੍ਹਾਂ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਜਾਵੇ। ਅਦਾਲਤ ਦੇ ਇਸ ਤਾਜ਼ਾ ਫ਼ੈਸਲੇ ਨਾਲ ਇਨਸਾਫ਼ ਪਸੰਦ ਲੋਕਾਂ ਦਾ ਨਿਆਂਪਾਲਿਕਾ ਵਿੱਚ ਵਿਸ਼ਵਾਸ ਵਧਿਆ ਹੈ।
ਮੁਹਾਲੀ ਅਦਾਲਤ ਦੇ ਬਾਹਰ ਡਾ. ਪਿਆਰੇ ਲਾਲ ਗਰਗ, ਮਾਲੀ ਦੇ ਭਰਾ ਰਣਜੀਤ ਸਿੰਘ ਗਰੇਵਾਲ, ਜੀਟੀਯੂ ਦੇ ਸਾਬਕਾ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਅਤੇ ਦੋਸਤ ਨੇ ‘ਨਬਜ਼-ਏ-ਪੰਜਾਬ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਸਰਕਾਰ ਅਤੇ ਪੁਲੀਸ ਦੀਆਂ ਵਧੀਕੀਆਂ ਬਾਰੇ ਤੱਥਾਂ ਦੇ ਆਧਾਰ ’ਤੇ ਖ਼ੁਲਾਸੇ ਕੀਤੇ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਰਾਜ ਸਰਕਾਰ ਅਤੇ ਪੁਲੀਸ ਨੇ ਮਾਲੀ ਮਾਮਲੇ ਵਿੱਚ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਦਿੱਤੀਆਂ। ਮਾਲੀ ਦੀ ਗ੍ਰਿਫ਼ਤਾਰੀ ਪਹਿਲਾਂ ਕੀਤੀ ਗਈ ਜਦੋਂਕਿ ਪਰਚਾ ਬਾਅਦ ਵਿੱਚ ਦਰਜ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮਾਲੀ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਜਾਂਚ ਅਧਿਕਾਰੀ ਅਦਾਲਤ ਵਿੱਚ ਪੇਸ਼ ਹੋ ਕੇ ਸਹੀ ਤੱਥ ਪੇਸ਼ ਨਹੀਂ ਸਕਿਆ ਅਤੇ ਨਾ ਹੀ ਸਰਕਾਰ ਆਪਣਾ ਪੱਖ ਰੱਖ ਸਕੀ ਹੈ। ਕਿਉਂਕਿ ਸਰਕਾਰ ਕੋਲ ਕਹਿਣ ਨੂੰ ਕੁੱਝ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੇ ਬਰਾਬਰਤਾ ਦੇ ਸਿਧਾਂਤ ਤਹਿਤ ਅਗਲੀ ਪੇਸ਼ੀ ਤੱਕ ਮਾਲੀ ਨੂੰ ਜ਼ਮਾਨਤ ਦਿੱਤੀ ਗਈ ਹੈ।
ਰਣਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਦਾਲਤ ਦੇ ਤਾਜ਼ਾ ਫ਼ੈਸਲੇ ਨਾਲ ਸਾਡਾ ਨਿਆਪਾਲਿਕਾ ਵਿੱਚ ਵਿਸ਼ਵਾਸ ਵਧਿਆ ਹੈ ਜਦੋਂਕਿ ਸਰਕਾਰ ਪੁਲੀਸ ਦੇ ਜ਼ੋਰ ਨਾਲ ਜ਼ੁਬਾਨੀ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਝੂਠਾ ਕੇਸ ਦਰਜ ਹੈ। ਜਿਸ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਗਰੇਵਾਲ ਨੇ ਕਿਹਾ ਕਿ ਜਿੱਥੇ ਪੁਲੀਸ ਹਾਈ ਕੋਰਟ ਵਿੱਚ ਜਿਰ੍ਹਾ ਨਹੀਂ ਕਰ ਸਕੀ, ਉੱਥੇ ਸਰਕਾਰ ਵੀ ਆਪਣਾ ਪੱਖ ਰੱਖਣ ਵਿੱਚ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮਾਲੀ ਨਾਲ ਧੱਕਾ ਕਰਨ ਵਾਲੇ ਪੁਲੀਸ ਅਫ਼ਸਰਾਂ ਅਤੇ ਝੂਠੀ ਸ਼ਿਕਾਇਤ ਦੇਣ ਵਾਲੇ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।
ਮਾਲਵਿੰਦਰ ਮਾਲੀ ਦੇ ਸਕੂਲ\ਕਾਲਜ ਸਮੇਂ ਦੇ ਦੋਸਤ ਹਰਪਾਲ ਕੌਰ ਅਤੇ ਤੇਜਾ ਸਿੰਘ ਨਾਗਰਾ ਨੇ ਕਿਹਾ ਕਿ ਉਹ (ਮਾਲੀ) ਚੰਗਾ ਬੰਦਾ ਹੈ, ਇਸ ਕਰਕੇ ਉਨ੍ਹਾਂ ਨੇ ਜ਼ਮਾਨਤੀ ਬਾਂਡ ਭਰਿਆ ਹੈ। ਉਨ੍ਹਾਂ ਕਿਹਾ ਕਿ ਮਾਲੀ ਵਿਰੁੱਧ ਦਰਜ ਕੇਸ ਝੂਠਾ ਹੈ, ਇਸ ਨੂੰ ਮੁੱਢੋਂ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਬਣ ਕੇ ਜਦੋਂ ਕੋਈ ਵਿਅਕਤੀ ਲੋਕਾਂ ਦੀ ਆਵਾਜ਼ ਬਣਦਾ ਹੈ ਤਾਂ ਹਮੇਸ਼ਾ ਸਰਕਾਰਾਂ ਜ਼ੁਬਾਨ ਬੰਦੀ ਦੇ ਰਾਹ ਪੈ ਜਾਂਦੀਆਂ। ਮਾਲੀ ਨੂੰ ਵੀ ਡਰਾਉਣ ਲਈ ਅਜਿਹਾ ਤਰੀਕਾ ਅਪਣਾਇਆ ਗਿਆ। ਉਨ੍ਹਾਂ ਕਿਹਾ ਕਿ ਮਾਲੀ ਸਰਕਾਰ ਦੇ ਜੁਲਮ ਅੱਗੇ ਡਰਨ ਵਾਲਾ ਨਹੀਂ ਹੈ, ਸਗੋਂ ਉਹ ਜੇਲ੍ਹ ’ਚੋਂ ਹੋਰ ਵੀ ਤਾਕਤਵਰ ਬਣ ਕੇ ਬਾਹਰ ਆਉਣਗੇ। ਉਨ੍ਹਾਂ ਕਿਹਾ ਕਿ ਮਾਲੀ ਵਾਸਤੇ ਜੇਲ੍ਹ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵਿਦਿਆਰਥੀ ਲਹਿਰ ਦੌਰਾਨ ਕਈ ਵੀ ਹੱਕ ਸੱਚ ਦੀ ਲੜਾਈ ਲੜਦਿਆਂ ਉਹ ਜੇਲ੍ਹ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਯੂਰੀਆ, ਡੀਏਪੀ ਜਾਂ ਹੋਰ ਜ਼ਿਆਦਾ ਵਰਤੋਂ ਵਾਲੀਆਂ ਖਾਦਾਂ ਨਾਲ ਹੋਰ ਖੇਤੀ ਸਮਗਰੀ ਜਬਰੀ ਨਾ ਵੇਚੀ ਜਾਵੇ: ਡੀਸੀ

ਯੂਰੀਆ, ਡੀਏਪੀ ਜਾਂ ਹੋਰ ਜ਼ਿਆਦਾ ਵਰਤੋਂ ਵਾਲੀਆਂ ਖਾਦਾਂ ਨਾਲ ਹੋਰ ਖੇਤੀ ਸਮਗਰੀ ਜਬਰੀ ਨਾ ਵੇਚੀ ਜਾਵੇ: ਡੀਸੀ ਡ…