ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਗੈਂਗਸਟਰ ਭੁਪੀ ਰਾਣਾ ਤੇ ਹੋਰਨਾਂ ਖ਼ਿਲਾਫ਼ ਦੋਸ਼ ਤੈਅ

ਮੁਹਾਲੀ ਅਦਾਲਤ ਨੇ ਐੱਸਐੱਸਪੀ ਰਾਹੀਂ ਥਾਣਾ ਮੁਖੀ ਨੂੰ ਗਵਾਹੀਆਂ ਕਰਵਾਉਣ ਦੇ ਆਦੇਸ਼

ਬਾਦਲ ਪਰਿਵਾਰ ਤੇ ਬਿਕਰਮ ਮਜੀਠੀਆ ਦੇ ਕਾਫ਼ੀ ਨਜ਼ਦੀਕੀ ਸਮਝਿਆਂ ਜਾਂਦਾ ਸੀ ਮਿੱਡੂਖੇੜਾ

ਨਬਜ਼-ਏ-ਪੰਜਾਬ, ਮੁਹਾਲੀ, 7 ਨਵੰਬਰ:
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੁਪੀ ਰਾਣਾ ਸਮੇਤ 5 ਹੋਰ ਸ਼ੂਟਰਾਂ ਅਨਿਲ ਲੱਠ, ਅਜੈ ਉਰਫ਼ ਸਨੀ, ਸੱਜਣ ਉਰਫ਼ ਭੋਲੂ, ਅਮਿਤ ਡਾਗਰ, ਕੌਸ਼ਲ ਚੌਧਰੀ ਖ਼ਿਲਾਫ਼ ਧਾਰਾ 302 ਅਤੇ ਅਸਲਾ ਐਕਟ ਤਹਿਤ ਦੋਸ਼ ਤੈਅ ਕੀਤੇ ਹਨ। ਵਿੱਕੀ ਇੱਥੇ ਆਪਣੇ ਪਰਿਵਾਰ ਅਤੇ ਵੱਡੇ ਭਰਾ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨਾਲ ਰਹਿ ਰਿਹਾ ਸੀ ਅਤੇ ਉਹ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਦੇ ਕਾਫ਼ੀ ਨਜ਼ਦੀਕੀ ਸਮਝਿਆਂ ਜਾਂਦਾ ਸੀ। 21 ਅਗਸਤ 2021 ਨੂੰ ਮੁਹਾਲੀ ਦੇ ਸੈਕਟਰ-71 ਦੀ ਮਾਰਕੀਟ ਵਿੱਚ ਸ਼ਰ੍ਹੇਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਸੀ ਅਤੇ ਗੈਂਗਸਟਰ ਬੰਬੀਹਾ ਗਰੁੱਪ ਨੇ ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ਅਪਲੋਡ ਕਰਕੇ ਵਿੱਕੀ ਮਿੱਡੂਖੇੜਾ ਨੂੰ ਮੌਤ ਦੇ ਘਾਟ ਉਤਾਰਨ ਦੀ ਜ਼ਿੰਮੇਵਾਰੀ ਲਈ ਸੀ। ਅਦਾਲਤ ਨੇ ਬੀਤੇ ਦਿਨੀਂ ਐੱਸਐੱਸਪੀ ਰਾਹੀਂ ਥਾਣਾ ਮੁਖੀ ਨੂੰ ਗਵਾਹੀਆਂ ਕਰਵਾਉਣ ਲਈ ਕਿਹਾ ਹੈ। ਸੁਣਵਾਈ ਮੌਕੇ ਬਚਾਅ ਪੱਖ ਦੇ ਵਕੀਲ ਐਡਵੋਕੇਟ ਗੀਤਾਂਜਲੀ ਬਾਲੀ ਨੇ ਫੋਰੈਂਸ਼ਿਕ ਜਾਂਚ ਟੀਮ ਵੱਲੋਂ ਘਟਨਾ ਤੋਂ ਬਾਅਦ ਲਏ ਨਮੂਨਿਆਂ ਬਾਰੇ ਕਰਾਸ ਬਹਿਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਰੇ ਨਮੂਨਿਆਂ ਦੀ ਰਿਪੋਰਟ ਨਿੱਲ ਆਈ ਹੈ।
ਇਸ ਸਬੰਧੀ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁੱਢਲੀ ਜਾਂਚ ਤੋਂ ਬਾਅਦ ਉਕਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜਦੋਂਕਿ ਹਾਲੇ ਵੀ ਕਈ ਹੋਰ ਗੈਂਗਸਟਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਨ੍ਹਾਂ ਵਿੱਚ ਲੱਕੀ ਗੌਰਵ ਉਰਫ਼ ਲੱਕੀ ਪਟਿਆਲ ਦਾ ਨਾਂ ਵੀ ਸ਼ਾਮਲ ਹੈ, ਜੋ ਅਰਮੀਨੀਆ ਦੀ ਜੇਲ੍ਹ ਵਿੱਚ ਹੈ। ਇਸ ਤੋਂ ਇਲਾਵਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਵੀ ਨਾਂ ਸਾਹਮਣੇ ਆਇਆ ਸੀ। ਇਸ ਸਮੇਂ ਉਹ ਵੀ ਵਿਦੇਸ਼ ਵਿੱਚ ਹੈ। ਉਨ੍ਹਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਪੁਲੀਸ ਨੇ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਅਤੇ ਅਮਨ ਕੁਮਾਰ ਜੈਤੋਂ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਸੀ। ਇੰਜ ਹੀ ਗੈਂਗਸਟਰ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਵਿੱਕੀ ਮਿੱਡੂਖੇੜਾ ਨੂੰ ਮਾਰਨ ਦੀ ਸਾਜ਼ਿਸ਼ ਦਿੱਲੀ ਦੀ ਇੱਕ ਜੇਲ੍ਹ ਵਿੱਚ ਰਚੀ ਗਈ ਸੀ। ਯੋਜਨਾ ਮੁਤਾਬਕ ਸ਼ੂਟਰਾਂ ਨੇ ਗੁਰੂਗਰਾਮ ਤੋਂ ਆਈ20 ਕਾਰ ਖੋਹ ਕੇ ਮੁਹਾਲੀ ਆਏ ਸੀ ਅਤੇ ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਨੂੰ ਸ਼ਰ੍ਹੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…