ਮੁਹਾਲੀ ਪੁਲੀਸ ਤੇ ਫਰੀਦਕੋਟ ਪੁਲੀਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਖਰੜ ਨੇੜਿਓਂ ਦੋ ਸ਼ੂਟਰ ਤੇ ਸਾਥੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 10 ਨਵੰਬਰ:
ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਦੋ ਮੁੱਖ ਕਾਰਕੁਨਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲੀਸ ਨੇ ਚਾਰ ਹੋਰ ਸੰਭਾਵਿਤ ਟਾਰਗੇਟ ਕਿਲਿੰਗ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਨਾਲ-ਨਾਲ ਮੱਧ ਪ੍ਰਦੇਸ਼ ਵਿੱਚ ਕਤਲ ਦੀ ਵਾਰਦਾਤ ਸਮੇਤ ਤਿੰਨ ਹੋਰ ਸਨਸਨੀਖ਼ੇਜ਼ ਅਪਰਾਧਿਕ ਘਟਨਾਵਾਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੰਜਾਬ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੁਹਾਲੀ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਅਤੇ ਫਰੀਦਕੋਟ ਪੁਲੀਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਤਿੰਨ ਮੁਲਜ਼ਮਾਂ ਨੂੰ ਖਰੜ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਪੰਜਾਬ ਵਾਪਸ ਪਰਤੇ ਸਨ ਅਤੇ ਖਰੜ ਨੇੜੇ ਪੁਲੀਸ ਦੇ ਧੱਕੇ ਚੜ ਗਏ।
ਮੁਲਜ਼ਮਾਂ ਦੀ ਪਛਾਣ ਅਨਮੋਲਪ੍ਰੀਤ ਸਿੰਘ ਉਰਫ਼ ਵਿਸ਼ਾਲ ਵਾਸੀ ਭਦੌੜ, ਬਰਨਾਲਾ ਅਤੇ ਨਵਜੋਤ ਸਿੰਘ ਉਰਫ਼ ਨੀਤੂ ਵਾਸੀ ਨਿੱਝਰ ਰੋਡ ਖਰੜ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਦੇ ਸਾਥੀ ਬਲਵੀਰ ਸਿੰਘ ਉਰਫ਼ ਕਾਲੂ, ਜੋ ਸ਼ੂਟਰ ਨਵਜੋਤ ਸਿੰਘ ਦਾ ਭਰਾ ਹੈ, ਨੂੰ ਵੀ ਅਪਰਾਧੀਆਂ ਦੀ ਮਦਦ ਕਰਨ ਅਤੇ ਅਪਰਾਧ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਕਤ ਸਾਰੇ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ। ਮੁਲਜ਼ਮਾਂ ਕੋਲੋਂ ਦੋ ਅਤਿ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚ ਸੱਤ ਜਿੰਦਾ ਕਾਰਤੂਸਾਂ ਸਮੇਤ ਇੱਕ 9 ਐਮਐਮ ਜ਼ੀਗਾਨਾ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਇੱਕ .30 ਬੋਰ ਪਿਸਤੌਲ ਸ਼ਾਮਲ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 27,500 ਰੁਪਏ ਦੀ ਨਗਦੀ ਅਤੇ ਇੱਕ ਫਰਜ਼ੀ ਆਧਾਰ ਕਾਰਡ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਬੀਤੀ 9 ਅਕਤੂਬਰ ਨੂੰ ਗੁਰਪ੍ਰੀਤ ਸਿੰਘ ਹਰੀ ਨੌ ਉਰਫ਼ ਭੋਡੀ ਆਪਣੇ ਮੋਟਰਸਾਈਕਲ ’ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਰਿਹਾ ਸੀ, ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰਸ਼ ਡੱਲਾ ਨੇ ਨਵਜੋਤ ਉਰਫ਼ ਨੀਤੂ ਨੂੰ ਗੁਰਪ੍ਰੀਤ ਸਿੰਘ ਹਰੀ ਨੌ, ਜੋ ‘ਹਰੀ ਨੌ ਟਾਕਸ’ ਦੇ ਨਾਂ ’ਤੇ ਯੂਟਿਊਬ ਚੈਨਲ ਚਲਾਉਂਦਾ ਸੀ, ਨੂੰ ਮਾਰਨ ਦਾ ਕੰਮ ਸੌਂਪਿਆ ਸੀ।
ਅਰਸ਼ ਡੱਲਾ ਨੇ ਹੀ ਦੋਵੇਂ ਸ਼ੂਟਰਾਂ ਨੂੰ ਲੁਕਣ ਲਈ ਟਿਕਾਣੇ ਮੁਹੱਈਆ ਕਰਵਾਏ ਸਨ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸ਼ੂਟਰ ਲਗਾਤਾਰ ਆਪਣੇ ਟਿਕਾਣੇ ਬਦਲਦੇ ਰਹੇ। ਅੰਮ੍ਰਿਤਸਰ, ਨਵਾਂ ਸ਼ਹਿਰ, ਹਿਮਾਚਲ-ਪੰਜਾਬ ਬਾਰਡਰ, ਚੰਡੀਗੜ੍ਹ, ਮੁਹਾਲੀ ਅਤੇ ਖਰੜ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਕਈ ਛੁਪਣਗਾਹਾਂ ਵਿਖੇ ਠਹਿਰ ਕੀਤੀ। ਅਰਸ਼ ਡੱਲਾ ਨੇ ਦੋਵਾਂ ਸ਼ੂਟਰਾਂ ਨੂੰ ਹੈਰੋਇਨ ਅਤੇ ਨਕਦ ਪੈਸੇ, ਜਿਸ ਨੂੰ ਉਹ ਜ਼ਿਆਦਾਤਰ ਮੁਹਾਲੀ ਵਿਖੇ ਜਨਤਕ ਥਾਵਾਂ ਤੋਂ ਪ੍ਰਾਪਤ ਕਰਦੇ ਸਨ, ਮੁਹੱਈਆ ਕਰਵਾਏ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਅਰਸ਼ ਡੱਲਾ ਦੇ ਇਸ਼ਾਰੇ ’ਤੇ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਜਸਵੰਤ ਸਿੰਘ ਗਿੱਲ ਦਾ ਕਤਲ ਕੀਤਾ ਸੀ। ਮਾਰਿਆ ਗਿਆ ਵਿਅਕਤੀ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਹੁਣ ਉਹ 15 ਦਿਨ ਲਈ ਪੈਰੋਲ ’ਤੇ ਬਾਹਰ ਆਇਆ ਸੀ।
ਉਕਤ ਮੁਲਜ਼ਮ ਬੀਤੀ 18 ਅਕਤੂਬਰ ਨੂੰ ਜ਼ੀਰਕਪੁਰ ਵਿੱਚ ਗੋਲੀਬਾਰੀ ਅਤੇ ਜਬਰੀ ਵਸੂਲੀ ਦੀ ਘਟਨਾ ਵਿੱਚ ਸ਼ਾਮਲ ਸਨ। ਮੁਲਜ਼ਮਾਂ ਨੇ ਇੱਕ ਕਾਰੋਬਾਰੀ ’ਤੇ ਗੋਲੀਆਂ ਚਲਾ ਕੇ ਉਸ ਨੂੰ ਧਮਕੀ ਦਿੱਤੀ ਗਈ ਸੀ ਅਤੇ ਮੇਨ ਗੇਟ ’ਤੇ ਅਰਸ਼ ਡੱਲਾ ਦੇ ਨਾਮ ਵਾਲਾ ਪੋਸਟਰ ਲਗਾ ਕੇ ਗਏ ਸਨ। ਨੇੜਲੇ ਘਰ ਦੀ ਸੀਸੀਟੀਵੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਦੋ ਵਿਅਕਤੀ ਮੋਟਰ ਸਾਈਕਲ ’ਤੇ ਆਏ ਸਨ। ਫੁਟੇਜ ਵਿੱਚ ਉਕਤ ਮੁਲਜ਼ਮ ਗੋਲੀਬਾਰੀ ਕਰਦੇ ਅਤੇ ਪੋਸਟਰ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਬੀਐਨਐਸ ਐਕਟ ਦੀ ਧਾਰਾ 308,25,27 ਅਧੀਨ ਵੱਖਰਾ ਕੇਸ ਦਰਜ ਹੈ। ਮੁਲਜ਼ਮਾਂ ਨੇ ਹੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਵਿਆਪਕ ਸਾਜ਼ਿਸ਼ ਦਾ ਪਤਾ ਲੱਗਾ ਹੈ। ਇਸ ਸਬੰਧੀ ਪੁਲੀਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲੀਸ ਵੱਲੋਂ ਹੋਰ ਅਹਿਮ ਖ਼ੁਲਾਸੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…