ਅਧਿਕਾਰੀਆਂ ਅਤੇ ਬਿਲਡਰਾਂ ਦਾ ਗੱਠਜੋੜ ਤੋੜਨ ਲਈ ਮੁੱਖ ਮੰਤਰੀ ਤੇ ਪੁੱਡਾ ਮੰਤਰੀ ਦਾ ਨਿੱਜੀ ਦਖ਼ਲ ਮੰਗਿਆ

ਬਿਲਡਰ ਦੀ ਰਹਿੰਦੀ ਇੱਕੋ-ਇੱਕ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਅਧਿਕਾਰੀ ਉਤਾਵਲੇ

ਨਬਜ਼-ਏ-ਪੰਜਾਬ, ਮੁਹਾਲੀ, 10 ਨਵੰਬਰ:
ਰੈਂਜੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-110 ਦੇ ਨੁਮਾਇੰਦਿਆਂ ਦੀ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨਾਲ ਮੀਟਿੰਗ ਹੋਈ, ਜੋ ਕਿਸੇ ਨਤੀਜੇ ਨਹੀਂ ਪੁੱਜੀ। ਜਿਸ ਕਾਰਨ ਸੈਕਟਰ ਵਾਸੀਆਂ ਵਿੱਚ ਰੋਸ ਹੈ। ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ, ਜਸਵੀਰ ਸਿੰਘ ਗੜਾਂਗ, ਐਮਐਲ ਸ਼ਰਮਾ, ਗੁਰਬਚਨ ਸਿੰਘ ਮੰਡੇਰ, ਐਡਵੋਕੇਟ ਹਰਪਾਲ ਸਿੰਘ, ਗੌਰਵ ਗੋਇਲ ਅਤੇ ਅਸ਼ੋਕ ਡੋਗਰਾ ਨੇ ਕਿਹਾ ਕਿ ਮੀਟਿੰਗ ਦੌਰਾਨ ਅਧਿਕਾਰੀ ਸੈਕਟਰਾਂ ਵਿਚਲੀਆਂ ਅਨੇਕਾਂ ਖਾਮੀਆਂ ਅਤੇ ਕਥਿਤ ਧੋਖਾਧੜੀ ਦੇ ਬਾਵਜੂਦ ਬਿਲਡਰ ਦੀ ਰਹਿੰਦੀ ਇੱਕੋ-ਇੱਕ ਰਿਜ਼ਰਵ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਉਤਾਵਲੇ ਨਜ਼ਰ ਆਏ।
ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਮੰਗ ਕੀਤੀ ਕਿ ਬਿਲਡਰ ਅਤੇ ਅਧਿਕਾਰੀਆਂ ਦਾ ਗੱਠਜੋੜ ਤੋੜਨ ਲਈ ਨਿੱਜੀ ਦਖ਼ਲ ਦੇ ਕੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮਨਮਾਨੀਆਂ ਕਰਨ ਤੋਂ ਰੋਕਿਆ ਜਾਵੇ ਅਤੇ ਲੋਕਹਿੱਤ ਵਿੱਚ ਸਖ਼ਤ ਕਦਮ ਚੁੱਕੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਸੈਕਟਰ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਆਗੂਆਂ ਨੇ ਕਿਹਾ ਕਿ ਬਹੁਤ ਸਾਰੀਆਂ ਖ਼ਾਮੀਆਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਪੁੱਡਾ\ਗਮਾਡਾ ਅਧਿਕਾਰੀ ਨੇ ਸਕੂਲ ਦੀ ਸਾਈਟ ਦੇ ਉੱਪਰੋਂ ਦੀ ਲੰਘਦੀ 66ਕੇਵੀ ਹਾਈਟੈਂਸ਼ਨ ਲਾਈਨ ਨੂੰ ਗਲਤ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਸੈਕਟਰ ਵਾਸੀਆਂ ਨੇ ਮੰਗ ਕੀਤੀ ਕਿ ਬੇਨਿਯਮੀਆਂ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਟੀਡੀਆਈ ਬਿਲਡਰ ਦੀ ਰਹਿੰਦੀ ਇੱਕੋ-ਇੱਕ ਸਾਈਟ ਦਾ ਨਕਸ਼ਾ ਪਾਸ ਨਾ ਕੀਤਾ ਜਾਵੇ। ਕਿਉਂਕਿ ਇਸ ਅਖੀਰਲੀ ਸਾਈਟ ਨੂੰ ਵੇਚ ਕੇ ਬਿਲਡਰ ਇੱਥੋਂ ਦੇ ਵਸਨੀਕਾਂ ਨੂੰ ਰੱਬ ਆਸਰੇ ਛੱਕ ਕੇ ਰਫ਼ੂ-ਚੱਕਰ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਰੈਵੀਨਿਊ ਰਸਤਿਆਂ ਵਿੱਚ ਪਾਸ ਕੀਤੀਆਂ ਸੜਕਾਂ ਪੱਕੀਆਂ ਨਾ ਹੋਣ ਕਾਰਨ ਲੋਕ ਨਰਕ ਭੋਗਣ ਲਈ ਮਜਬੂਰ ਹਨ। ਸਬੰਧਤ ਸਾਈਟਾਂ ਦਾ ਪਾਰਸ਼ੀਅਲ ਕੰਪਲੀਲਸ਼ਨ ਨਾ ਹੋਣ ਕਾਰਨ ਲੋਕਾਂ ਨੂੰ ਪਲਾਟਾਂ ਦੇ ਕਬਜ਼ੇ ਵੀ ਦੇ ਦਿੱਤੇ ਗਏ ਅਤੇ ਗਮਾਡਾ ਵੱਲੋਂ ਬਿਲਡਿੰਗ ਪਲਾਨ ਵੀ ਪਾਸ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨਾਲ ਮਿਲ ਕੇ ਬਿਲਡਰ ਨੇ ਕਮਿਊਨਿਟੀ ਸੈਂਟਰ ਦੀ ਰਿਜ਼ਰਵ ਸਾਈਟ ਉੱਤੇ ਹੀ ਕਲੱਬ ਪਾਸ ਕਰਵਾ ਲਿਆ ਗਿਆ ਜਦੋਂਕਿ ਇਸ ਮੰਤਵ ਲਈ ਕੋਈ ਥਾਂ ਰਾਖਵੀਂ ਨਹੀ ਰੱਖੀ ਗਈ। ਸੈਕਟਰ-111 ’ਚੋਂ ਲੰਘਦੇ ਲਖਨੌਰ ਚੋਅ ਤੋਂ ਡਰੇਨੇਜ ਅਤੇ ਸਿੰਜਾਈ ਵਿਭਾਗ ਤੋਂ ਐਨਓਸੀ ਲਏ ਬਿਨਾਂ ਹੀ ਪੁਲੀਆਂ ਦੱਬ ਕੇ ਆਰਜ਼ੀ ਰਸਤਾ ਬਣਾ ਕੇ ਕੰਮ ਚਲਾਇਆ ਜਾ ਰਿਹਾ ਹੈ ਅਤੇ ਨਾਲੇ ਦੇ ਆਲੇ-ਦੁਆਲੇ ਬਫਰ ਜ਼ੋਨ ਵੀ ਨਹੀ ਛੱਡਿਆ ਗਿਆ।
ਉਧਰ, ਦੂਜੇ ਪਾਸੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਅਤੇ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨੇ ਦੱਸਿਆ ਕਿ ਉਨ੍ਹਾਂ ਨੇ ਰੈਂਜੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-110 ਦੇ ਨੁਮਾਇੰਦਿਆਂ ਦੀਆਂ ਮੁਸ਼ਕਲਾਂ ਸੁਣੀਆਂ ਹਨ। ਜਿਨ੍ਹਾਂ ’ਚੋਂ ਕਾਫ਼ੀ ਮਸਲੇ ਜਲਦੀ ਹੱਲ ਹੋਣ ਵਾਲੇ ਹਨ ਅਤੇ ਕਈਆਂ ਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਜਿੱਥੋਂ ਤੱਕ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਗੱਲ ਹੈ, ਇਹ ਬਿਲਡਰ ਨੂੰ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਸੜਕਾਂ ਅਤੇ ਹਾਈ ਟੈਂਸ਼ਨ ਤਾਰਾਂ ਦੇ ਮਸਲੇ ’ਤੇ ਵੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਬਿਲਡਰ ਨੂੰ ਨਿਯਮਾਂ ਮੁਤਾਬਕ ਕਾਰਵਾਈ ਲਈ ਕਿਹਾ ਗਿਆ ਹੈ, ਕਿਉਂਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਰਵਾਈ ਨਿਯਮਾਂ ਤਹਿਤ ਹੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…