ਕਿਸਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਦੇਸ਼ ਤੇ ਸੂਬੇ ਦੀ ਤਰੱਕੀ ਸੰਭਵ ਨਹੀਂ: ਬਾਦਲ

ਮੁੱਖ ਮੰਤਰੀ ਬਾਦਲ ਵੱਲੋਂ ਐਰੋਸਿਟੀ ਵਿੱਚ ਕਿਸਾਨ ਵਿਕਾਸ ਚੈਂਬਰ ਦੇ ਦਫ਼ਤਰ ਦਾ ਉਦਘਾਟਨ

ਅਮਨਦੀਪ ਸਿੰਘ ਸੋਢੀ
ਮੁਹਾਲੀ, 15 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਕਿਸਾਨ ਸਲਾਹਕਾਰੀ ਸੰਸਥਾ ਪੰਜਾਬ ਕਿਸਾਨ ਵਿਕਾਸ ਚੈਂਬਰ (ਪੀ.ਕੇ.ਵੀ.ਸੀ.) ਖੇਤੀ ਅਤੇ ਖੇਤੀ ਸਹਾਇਕ ਗਤੀਵਿਧੀਆਂ ਨੂੰ ਮੁਨਾਫਾਬਖ਼ਸ਼ ਧੰਦਿਆਂ ਵਿੱਚ ਬਦਲਣ ਲਈ ਕਾਰਗਰ ਸਾਬਤ ਹੋਵੇਗੀ। ਸ੍ਰੀ ਬਾਦਲ ਅੱਜ ਇੱਥੇ ਐਰੋਸਿਟੀ ਵਿੱਚ ਦੋ ਏਕੜ ਰਕਬੇ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਕਿਸਾਨ ਵਿਕਾਸ ਚੈਂਬਰ ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਦੇਸ਼ ਤੇ ਸੂਬਾ ਤਰੱਕੀ ਨਹੀਂ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਰ-ਸਰਕਾਰੀ ਸੰਸਥਾ ਹੈ ਜੋ ਲੜਖੜਾ ਰਹੀ ਖੇਤੀ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਲਿਆਉਣ ਲਈ ਢੁਕਵਾਂ ਮੰਚ ਮੁਹੱਈਆ ਕਰਵਾਏਗਾ। ਇੱਥੇ ਦੇਸ਼ ਅਤੇ ਸੂਬਾ ਭਰ ਦੇ ਉੱਘੇ ਖੇਤੀ ਮਾਹਿਰ ਅਤੇ ਅਰਥਸ਼ਾਸ਼ਤਰੀ ਖੇਤੀਬਾੜੀ ਅਤੇ ਸਬੰਧਤ ਧੰਦਿਆਂ ਬਾਰੇ ਨੀਤੀਆਂ ਨੂੰ ਦਰੁਸਤ ਕਰਨ ਲਈ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਿਸਾਨ ਖੁਦਮੁਖਤਿਆਰ ਸੰਸਥਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਕੇਂਦਰੀ ਪੱਧਰ ’ਤੇ ਉਠਾਉਣ ਲਈ ਸਹਾਈ ਹੋਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਚੈਂਬਰ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.), ਪੀ.ਐਚ.ਡੀ. ਚੈਂਬਰ ਆਫ ਕਾਮਰਸ, ਐਸੋਸੀਏਟਿਡ ਚੈਂਬਰ ਆਫ ਕਾਮਰਸ ਆਫ ਇੰਡੀਆ (ਐਸ਼ੋਚੈਮ) ਅਤੇ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਤਰਜ਼ ’ਤੇ ਬਣਾਇਆ ਗਿਆ ਹੈ ਜੋ ਕਿ ਖੇਤੀਬਾੜੀ ਤੇ ਖੇਤੀ ਸਹਾਇਕ ਧੰਦਿਆਂ ਨਾਲ ਸਬੰਧਤ ਨੀਤੀਆਂ ਤੇ ਪ੍ਰੋਗਰਾਮਾਂ ਵਿੱਚ ਕਿਸਾਨਾਂ ਦੀ ਅਰਸਦਾਇਕ ਭੂਮਿਕਾ ਮੁਹੱਈਆ ਕਰਵਾਏਗਾ। ਸ੍ਰੀ ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਕਿਸਾਨ ਵਿਕਾਸ ਚੈਂਬਰ ਨਾ ਸਿਰਫ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਨੀਤੀਆਂ ਵਿੱਚ ਆਪਣੀ ਪ੍ਰਭਾਵੀ ਦਖ਼ਲਅੰਦਾਜ਼ੀ ਕਰੇਗਾ ਸਗੋਂ ਕੇਂਦਰੀ ਪੱਧਰ ’ਤੇ ਫਸਲਾਂ ਦੇ ਲਾਹੇਵੰਦ ਘੱਟੋ-ਘੱਟ ਸਮਰਥਨ ਮੁੱਲ ਦੀ ਪ੍ਰਾਪਤੀ ਲਈ ਵੀ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਰ-ਸਰਕਾਰੀ ਸੰਸਥਾ ਪੂਰੀ ਤਰ੍ਹਾਂ ਕਿਸਾਨੀ ਭਾਈਚਾਰੇ ਨੂੰ ਸਮਰਪਿਤ ਹੋਵੇਗੀ।
ਸੰਸਥਾ ਦੇ ਸਰਪ੍ਰਸਤ ਡਾ. ਸੁਰਜੀਤ ਸਿੰਘ ਕਾਲਕਟ ਨੇ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਉਤਸ਼ਾਹਤ ਕਰਨ ਵਾਸਤੇ ਕਿਸਾਨਾਂ ਨੂੰ ਸਬਸਿਡੀ ਅਧਾਰਿਤ ਥੋੜ੍ਹੀ ਮਿਆਦ ਦੇ ਕਰਜ਼ੇ ਦੇਣ ਦੀ ਲੋੜ ਦਿੱਤਾ। ਇਸ ਮੌਕੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਡੇਰਾਬੱਸੀ ਤੋਂ ਵਿਧਾਇਕ ਐਨ.ਕੇ ਸ਼ਰਮਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ, ਵਧੀਕ ਮੁੱਖ ਸਕੱਤਰ (ਵਿਕਾਸ) ਐਨ.ਐਸ. ਕਲਸੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੱਖ ਸਕੱਤਰ ਗਗਨਦੀਪ ਸਿੰਘ ਬਰਾੜ, ਮੰਡੀ ਬੋਰਡ ਦੇ ਸਕੱਤਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਸਿੰਜਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ, ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਪੰਜਾਬ ਕਿਸਾਨ ਵਿਕਾਸ ਚੈਂਬਰ ਦੇ ਪ੍ਰਧਾਨ ਕੁਲਵੰਤ ਸਿੰਘ, ਮੁਹਾਲੀ ਦੇ ਮੇਅਰ ਕੁਲੰਵਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਡਿਪਟੀ ਕਮਿਸ਼ਨਰ ਡੀ.ਐਸ.ਮਾਂਗਟ, ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ, ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਮਨਪੀ੍ਰਤ ਸਿੰਘ ਪਿੰ੍ਰਸ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ (ਸ਼ਹਿਰੀ) ਬੀਬੀ ਕੁਲਦੀਪ ਕੌਰ ਕੰਗ, ਬਲਾਕ ਸੰਮਤੀ ਖਰੜ ਦੇ ਚੇਅਰਮੈਨ ਰੇਸਮ ਸਿੰਘ, ਹਰਸਿਮਰਨ ਸਿੰਘ ਬਿੱਲਾ, ਮਨਜੀਤ ਸਿੰਘ ਮੁੱਧੋ ਸੰਗਤੀਆਂ, ਗੁਰਪ੍ਰੀਤ ਸਿੰਘ ਬਿੰਨੀ, ਜੋਰਾ ਸਿੰਘ ਭੁੱਲਰ, ਗਿਆਨ ਸਿੰਘ ਧੜਾਕ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…