ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਅਧਿਆਪਕ ਤੇ ਕਰਮਚਾਰੀ ਯੂਨੀਅਨ ਨੇ ਨੋਟਿਸ ਭੇਜ ਕੇ ਦਿੱਤਾ ਹਫ਼ਤੇ ਦਾ ਅਲਟੀਮੇਟਮ

ਨਬਜ਼-ਏ-ਪੰਜਾਬ, ਮੁਹਾਲੀ, 12 ਨਵੰਬਰ:
ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਕੂਲ ਐਜੂਕੇਸ਼ਨ (ਡੀਪੀਆਈ) ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦੇ ਕੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਸਿੱਖਿਆ ਭਵਨ ਦੇ ਬਾਹਰ ਪਹਿਲਾਂ ਬੇਰੁਜ਼ਗਾਰ ਈਟੀਟੀ ਅਧਿਆਪਕ ਲੜੀਵਾਰ ਧਰਨੇ ’ਤੇ ਬੈਠੇ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਦੱਸਿਆ ਕਿ ਏਡਿਡ ਸਕੂਲਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਕਰਕੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਗੱਲੀਂ-ਬਾਤੀਂ ਮੰਗਾਂ ਲਾਗੂ ਕਰਵਾਉਣ ਲਈ ਯਤਨ ਕੀਤੇ ਜਾ ਚੁੱਕੇ ਹਨ ਲੇਕਿਨ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਸਰਕਾਰ ਨੂੰ ਨੋਟਿਸ ਭੇਜ ਕੇ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ, ਜੇਕਰ ਇਸ ਦੌਰਾਨ ਏਡਿਡ ਸਕੂਲਾਂ ਦੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤਾਂ 19 ਨਵੰਬਰ ਨੂੰ ਡੀਪੀਆਈ ਦਫ਼ਤਰ ਦੇ ਬਾਹਰ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਸੀ ਐਂਡ ਵੀ ਕਾਡਰ ਦੇ ਪੀਟੀਆਈ ਅਤੇ ਡਰਾਇੰਗ ਅਧਿਆਪਕ ਦੀਆਂ ਮਾਰਚ 2024 ਤੋਂ ਲਟਕੀ ਗਰਾਂਟ ਤੁਰੰਤ ਜਾਰੀ ਕੀਤੀ ਜਾਵੇ। ਛੇਵੇਂ ਤਨਖ਼ਾਹ-ਕਮਿਸ਼ਨ ਦੇ ਲਾਭ, ਸੇਵਾਮੁਕਤ ਸਾਥੀਆਂ ਦੇ ਪੈਨਸ਼ਨ ਕੇਸ ਤਿਆਰ ਕਰਨ ਸਬੰਧੀ ਵੀ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਕਾਬਿਲੇਗੌਰ ਹੈ ਕਿ 2003 ਤੋਂ ਏਡਿਡ ਸਕੂਲਾਂ ਵਿੱਚ ਭਰਤੀ ਬੰਦ ਹੋਣ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਘਟਣ, ਕਰੋਨਾ ਪੀਰੀਅਡ ਅਤੇ ਜਨਮ ਦਰ ਘੱਟ ਹੋਣ ਕਾਰਨ ਬੱਚਿਆਂ ਦੀ ਗਿਣਤੀ ’ਤੇ ਪਏ ਮਾੜੇ ਅਸਰ ਦਾ ਖ਼ਮਿਆਜ਼ਾ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਏਡਿਡ ਸਕੂਲਾਂ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕਈ ਸਕੂਲਾਂ ਵਿੱਚ ਨਾਨ-ਟੀਚਿੰਗ ਸਟਾਫ਼ ਹੋਣ ’ਤੇ ਵੀ ਗਰਾਂਟ ਦੇਰੀ ਨਾਲ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਦਲੇ ਹਾਲਾਤਾਂ ਵਿੱਚ ਬੱਚਿਆਂ ਦੀ ਗਿਣਤੀ ਵਾਲੀ ਸ਼ਰਤ ਤੋਂ ਛੋਟ ਦੇਣੀ ਚਾਹੀਦੀ ਹੈ। ਚੋਣਵੇਂ ਵਿਸ਼ਿਆਂ ਸਬੰਧੀ 10 ਬੱਚਿਆਂ ਦੀ ਥਾਂ 30 ਬੱਚਿਆਂ ਦੀ ਸ਼ਰਤ ਲਗਾਈ ਗਈ ਹੈ। ਸਕੂਲ ਦੀ ਲੋੜ ਅਨੁਸਾਰ ਟਾਈਮ ਟੇਬਲ ਸਬੰਧੀ ਸਕੂਲ ਮੁਖੀ ਦੇ ਅਧਿਕਾਰ ਨੂੰ ਦਰਕਿਨਾਰ ਕਰਨਾ ਬਿਲਕੁਲ ਗਲਤ ਹੈ।
ਇਸ ਮੌਕੇ ਸਰਪ੍ਰਸਤ ਐਨਐਨ ਸੈਣੀ, ਅਸ਼ੋਕ ਵਡੇਰਾ, ਐਬਿਟ ਮਸੀਹ ਜਲੰਧਰ, ਹਰਦੀਪ ਢੀਂਡਸਾ, ਪਰਮਜੀਤ ਸਿੰਘ ਗੁਰਦਾਸਪੁਰ, ਅਸ਼ਵਨੀ ਮਦਾਨ ਪਟਿਆਲਾ, ਰਵਿੰਦਰਜੀਤ ਪੁਰੀ ਅਹਿਮਦਗੜ੍ਹ, ਚਰਨਜੀਤ ਸ਼ਰਮਾ ਬਰਨਾਲਾ, ਰਣਜੀਤ ਸਿੰਘ ਅਨੰਦਪੁਰ ਸਾਹਿਬ, ਜਗਜੀਤ ਗੁਜਰਾਲ ਅੰਮ੍ਰਿਤਸਰ, ਸੁਖਇੰਦਰ ਸਿੰਘ ਹੁਸ਼ਿਆਰਪੁਰ, ਅਨਿਲ ਭਾਰਤੀ, ਕਰਮਜੀਤ ਰਾਣੋ, ਮਨੂ ਮਟਕਣ ਖੰਨਾ, ਭੀਮ ਸੈਨ ਅਤੇ ਕੁਲਦੀਪ ਸਿੰਘ ਕੁਰਾਲੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…