Share on Facebook Share on Twitter Share on Google+ Share on Pinterest Share on Linkedin ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਵਿਰੁੱਧ ਠੱਗੀ ਦਾ ਕੇਸ ਦਰਜ ਬਿਨਾਂ ਲਾਇਸੈਂਸ ਤੋਂ ਫੇਜ਼-7 ਵਿੱਚ ਚੱਲ ਰਿਹਾ ਸੀ ‘ਪ੍ਰਭ ਵੀਜ਼ਾ’ ਦਾ ਦਫ਼ਤਰ ਨਬਜ਼-ਏ-ਪੰਜਾਬ, ਮੁਹਾਲੀ, 13 ਨਵੰਬਰ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਇਮੀਗਰੇਸ਼ਨ ਦਾ ਗੈਰਕਾਨੂੰਨੀ ਧੰਦਾ ਚੱਲ ਰਿਹਾ ਹੈ। ਸ਼ਹਿਰ ਦੇ ਹਰੇਕ ਕੋਨੇ ਵਿੱਚ ਟਰੈਵਲ ਏਜੰਟ ਦਫ਼ਤਰ ਖੋਲ੍ਹ ਕੇ ਬੈਠੇ ਹਨ। ਅਣਅਧਿਕਾਰਤ ਟਰੈਵਲ ਏਜੰਟ ਸ਼ਰ੍ਹੇਆਮ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਹਾਲਾਂਕਿ ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਜਨ ਤੋਂ ਵੱਧ ਇਮੀਗਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ ਪ੍ਰੰਤੂ ਹਾਲੇ ਵੀ ਕਾਫ਼ੀ ਇਹ ਕਾਰੋਬਾਰ ਵਧ ਫੁਲ ਰਿਹਾ ਹੈ। ਇਨ੍ਹਾਂ ’ਚੋਂ ਕੁੱਝ ਵਿਅਕਤੀ ਅਜਿਹੇ ਵੀ ਹਨ, ਜੋ ਪੁਲੀਸ ਕੇਸ ਦਰਜ ਹੋਣ ਤੋਂ ਬਾਅਦ ਨਵੀਂ ਫਰਮ ਖੋਲ੍ਹ ਲੈਂਦੇ ਹਨ ਜਾਂ ਆਪਣੇ ਕਰਿੰਦੇ ਦੇ ਨਾਂ ’ਤੇ ਨਵੀਂ ਕੰਪਨੀ ਬਣਾ ਕੇ ਮੁੜ ਧੰਦਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਇੱਕ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਦੇ ਦੋਸ਼ ਹੇਠ ਇੱਕ ਟਰੈਵਲ ਏਜੰਟ ਪ੍ਰਭਸਿਮਰਨ ਸਿੰਘ ਦੇ ਖ਼ਿਲਾਫ਼ ਧਾਰਾ 406, 420 ਅਤੇ ਇਮੀਗਰੇਸ਼ਨ ਐਕਟ ਦੀ ਧਾਰਾ 24 ਤਹਿਤ ਮਟੌਰ ਥਾਣੇ ਵਿੱਚ ਠੱਗੀ ਦਾ ਪਰਚਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਤਰੀਕਾ ਨੇ ਦੱਸਿਆ ਕਿ ਇਹ ਕਾਰਵਾਈ ਸ਼ੁਭਮ ਖਟਕੜ ਵਾਸੀ ਪਿੰਡ ਬਤੌਰਾ (ਅੰਬਾਲਾ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਵਿਦੇਸ਼ ਜਾਣ ਲਈ ਪ੍ਰਭ ਵੀਜ਼ਾ ਕੋਲ ਅਪਲਾਈ ਕੀਤਾ ਸੀ। ਇਸ ਸਬੰਧੀ ਟਰੈਵਲ ਏਜੰਟ ਨੇ ਉਸ ਕੋਲੋਂ ਚੈੱਕ ਰਾਹੀਂ 2 ਲੱਖ ਰੁਪਏ ਲਏ ਸਨ ਪ੍ਰੰਤੂ ਬਾਅਦ ਵਿੱਚ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਥਾਣੇਦਾਰ ਗੁਰਤੇਜ ਸਿੰਘ ਨੂੰ ਸੌਂਪੀ ਗਈ। ਜਾਂਚ ਦੌਰਾਨ ਪੀੜਤ ਸ਼ੁਭਮ ਖਟਕੜ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਪ੍ਰੰਤੂ ਟਰੈਵਲ ਏਜੰਟ ਜਾਂਚ ਵਿੱਚ ਸ਼ਾਮਲ ਹੀ ਨਹੀਂ ਹੋਇਆ। ਪੁਲੀਸ ਅਨੁਸਾਰ ਪ੍ਰਭ ਵੀਜ਼ਾ ਕੰਪਨੀ ਦੇ ਮਾਲਕ ਪ੍ਰਭਸਿਮਰਨ ਸਿੰਘ ਨੇ ਹਾਜ਼ਰ ਹੋਣ ਤੋਂ ਬਾਅਦ ਆਪਣਾ ਬਿਆਨ ਲਿਖਾਉਣ ਤੋਂ ਕੋਰਾਂ ਜਵਾਬ ਦੇ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ’ਚੋਂ ਪ੍ਰਭ ਵੀਜ਼ਾ ਨੂੰ ਇਮੀਗਰੇਸ਼ਨ ਦੇ ਕੰਮ ਲਈ ਜਾਰੀ ਹੋਏ ਲਾਇਸੈਂਸ ਬਾਰੇ ਪੁੱਛਿਆ ਗਿਆ ਪ੍ਰੰਤੂ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵੱਲੋਂ ਪੁਲੀਸ ਨੂੰ ਦੱਸਿਆ ਗਿਆ ਕਿ ਮੁਹਾਲੀ ਪ੍ਰਸ਼ਾਸਨ ਨੇ ਉਕਤ ਕੰਪਨੀ ਨੂੰ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਟਰੈਵਲ ਏਜੰਟ ਵੱਲੋਂ ਬਿਨਾ ਲਾਇਸੈਂਸ ਤੋਂ ਫੇਜ਼-7 ਵਿੱਚ ਇਮੀਗਰੇਸ਼ਨ ਦਾ ਦਫ਼ਤਰ ਖੋਲ੍ਹ ਕੇ ਭੋਲੇ-ਭਾਲੇ ਲੋਕਾਂ ਨਾਲ ਸ਼ਰ੍ਹੇਆਮ ਠੱਗੀਆਂ ਮਾਰੀਆਂ ਜਾ ਰਹੀਆਂ ਸਨ। ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਟਰੈਵਲ ਏਜੰਟ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ