ਮੁਹਾਲੀ: ਕੁੰਭੜਾ ਵਿੱਚ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ, ਹਮਲਾਵਰ ਫ਼ਰਾਰ

ਪੀੜਤ ਪਰਿਵਾਰਾਂ ਤੇ ਪਿੰਡ ਵਾਸੀਆਂ ਵੱਲੋਂ ਏਅਰਪੋਰਟ ਸੜਕ ’ਤੇ ਲਾਸ਼ ਰੱਖ ਕੇ ਚੱਕਾ ਜਾਮ

ਸੀਆਈਏ ਤੇ ਪੁਲੀਸ ਦੀਆਂ 11 ਟੀਮਾਂ ਦਾ ਗਠਨ, ਹਮਲਾਵਰਾਂ ਦੀ ਭਾਲ ਜਾਰੀ, ਪੀਜੀ ਮਾਲਕ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 14 ਨਵੰਬਰ:
ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਵਿੱਚ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ (17) ਵਾਸੀ ਕੁੰਭੜਾ ਵਜੋਂ ਹੋਈ ਹੈ। ਜਦੋਂਕਿ ਉਸ ਦਾ ਦੋਸਤ ਦਿਲਪ੍ਰੀਤ ਸਿੰਘ (16) ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਮਲਾਵਰ ਪ੍ਰਵਾਸੀ ਮੌਕੇ ਤੋਂ ਫ਼ਰਾਰ ਦੱਸੇ ਗਏ ਹਨ। ਹਮਲਾਵਰ ਵੀ ਕੁੰਭੜਾ ਵਿੱਚ ਹੀ ਇੱਕ ਪੀਜੀ ਵਿੱਚ ਰਹਿੰਦੇ ਸਨ, ਜੋ ਘਟਨਾ ਤੋਂ ਬਾਅਦ ਫ਼ਰਾਰ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਸਬੰਧੀ ਮ੍ਰਿਤਕ ਨੌਜਵਾਨ ਦਮਨਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸੈਂਟਰਲ ਥਾਣਾ ਫੇਜ਼-8 ਵਿੱਚ ਲੰਘੀ ਰਾਤ ਹੀ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਸੀ ਪ੍ਰੰਤੂ ਅੱਜ ਸਵੇਰੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਮਨਪ੍ਰੀਤ ਦੀ ਲਾਸ਼ ਏਅਰਪੋਰਟ ਸੜਕ ’ਤੇ ਰੱਖ ਕੇ ਚੱਕਾ ਜਾਮ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਸਾਰੇ ਹਮਲਾਵਰ ਫੜੇ ਨਹੀਂ ਜਾਂਦੇ, ਉਦੋਂ ਤੱਕ ਉਹ ਮ੍ਰਿਤਕ ਨੌਜਵਾਨਾਂ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਸੂਚਨਾ ਮਿਲਦੇ ਹੀ ਐਸਪੀ ਸਿਟੀ ਹਰਬੀਰ ਸਿੰਘ ਅਟਵਾਲ, ਡੀਐਸਪੀ ਹਰਸਿਮਰਨ ਸਿੰਘ ਬੱਲ ਅਤੇ ਫੇਜ਼-8 ਥਾਣਾ ਦੇ ਐਸਐਚਓ ਰੁਪਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਪੀੜਤਾਂ ਨੂੰ ਗੱਲੀਂ-ਬਾਤੀਂ ਸਮਝਾਉਣ ਅਤੇ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ ਲੇਕਿਨ ਉਹ ਮੁਲਜ਼ਮਾਂ ਅਤੇ ਪੀਜੀ ਮਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ’ਤੇ ਅੜੇ ਰਹੇ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਧਰਨੇ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ। ਖੂਨੀ ਝੜਪ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਹੈ। ਸੀਸੀਟੀਵੀ ਫੁਟੇਜ ਵਿੱਚ ਹਮਲਾਵਰ ਦੋਵੇਂ ਨੌਜਵਾਨਾਂ ਨਾਲ ਕੁੱਟਮਾਰ ਕਰਦੇ ਅਤੇ ਗਲੀ ’ਚੋਂ ਭੱਜਦੇ ਦਿਖਾਈ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਸ਼ਾਮ ਬਲਵਿੰਦਰ ਸਿੰਘ ਦੁਕਾਨ ’ਤੇ ਸਬਜ਼ੀ ਵੇਚ ਰਿਹਾ ਸੀ। ਉਸ ਨੂੰ ਮੁਹੱਲੇ ਵਾਲਿਆਂ ਨੇ ਦੱਸਿਆ ਕਿ ਆਕਾਸ਼ ਅਤੇ ਉਸ ਦੇ ਸਾਥੀ ਦਮਨਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਨਾਲ ਲੜਾਈ ਝਗੜਾ ਕਰ ਰਹੇ ਹਨ। ਉਹ ਤੁਰੰਤ ਖੂਹ ਨੇੜੇ ਪੁੱਜਾ ਤਾਂ ਉਸ ਨੇ ਦੇਖਿਆ ਕਿ ਦਮਨਪ੍ਰੀਤ ਅਤੇ ਦਿਲਪ੍ਰੀਤ ਖੂਨ ਨਾਲ ਲੱਥ-ਪੱਥ ਪਏ ਹਨ। ਮੁਹੱਲੇ ਨਿਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਸੂਤਰ ਦੱਸਦੇ ਹਨ ਡਿਕ ਦਿਲਪ੍ਰੀਤ ਸਿੰਘ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ ਪ੍ਰੰਤੂ ਪੁਲੀਸ ਮਾਹੌਲ ਸ਼ਾਂਤ ਕਰਨ ਲਈ ਦੂਜੇ ਨੌਜਵਾਨ ਦੀ ਮੌਤ ਨੂੰ ਲੁਕਾਉਣ ਦਾ ਯਤਨ ਕਰ ਰਹੀ ਹੈ। ਉਂਜ ਇੱਕ ਪੁਲੀਸ ਅਫ਼ਸਰ ਨੇ ਪਿੰਡ ਵਾਸੀਆਂ ਦੇ ਹਵਾਲੇ ਨਾਲ ਦੱਸਿਆ ਕਿ ਦਿਲਪ੍ਰੀਤ ਦੀ ਵੀ ਮੌਤ ਹੋ ਗਈ ਹੈ।
ਮੁਹਾਲੀ ਦੇ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦਾਅਵਾ ਕੀਤਾ ਕਿ ਦਿਲਪ੍ਰੀਤ ਸਿੰਘ ਦੀ ਮੌਤ ਨਹੀਂ ਹੋਈ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ’ਤੇ ਹੈ। ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਦੀ ਨਿਗਰਾਨੀ ਇਲਾਜ ਚੱਲ ਰਿਹਾ ਹੈ। ਪਰਿਵਾਰ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਅਤੇ ਕੁੱਝ ਨਿਹੰਗ ਸਿੰਘਾਂ ਨੂੰ ਸ਼ੀਸ਼ੇ ’ਚੋਂ ਦਿਲਪ੍ਰੀਤ ਨੂੰ ਦਿਖਾਇਆ ਗਿਆ ਹੈ। ਪ੍ਰੰਤੂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ੀਸ਼ੇ ’ਚੋਂ ਦੇਖ ਕੇ ਕੀ ਪਤਾ ਚੱਲਦਾ ਹੈ ਕਿ ਦਿਲਪ੍ਰੀਤ ਸਹੀ ਸਲਾਮਤ ਹੈ ਜਾਂ ਨਹੀਂ?
ਪ੍ਰਤੱਖਦਰਸ਼ੀਆਂ ਦੇ ਦੱਸਣ ਅਨੁਸਾਰ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਖੂਹ ਨੇੜੇ ਬੈਠਾ ਸੀ। ਇਸ ਦੌਰਾਨ ਪ੍ਰਵਾਸੀ ਨੌਜਵਾਨ ਆਕਾਸ਼ ਮੋਟਰ ਸਾਈਕਲ ’ਤੇ ਆਇਆ ਅਤੇ ਅਚਾਨਕ ਉਸ ਦੀ ਮੋਟਰ ਸਾਈਕਲ ਦਮਨਪ੍ਰੀਤ ਅਤੇ ਦਿਲਪ੍ਰੀਤ ਨਾਲ ਟਕਰਾ ਗਿਆ ਅਤੇ ਉਨ੍ਹਾਂ ਵਿੱਚ ਬਹਿਸ ਹੋ ਗਈ। ਤਕਰਾਰ ਤੋਂ ਬਾਅਦ ਮੋਟਰ ਸਾਈਕਲ ਚਾਲਕ ਪ੍ਰਵਾਸੀ ਉੱਥੋਂ ਚਲਾ ਗਿਆ ਲੇਕਿਨ ਕੁਝ ਸਮੇਂ ਬਾਅਦ ਉਹ ਆਪਣੇ ਕੁੱਝ ਸਾਥੀਆਂ ਨਾਲ ਉੱਥੇ ਆ ਗਿਆ ਅਤੇ ਦਮਨਪ੍ਰੀਤ ਸਿੰਘ ਅਤੇ ਦਿਲਪ੍ਰੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਰੌਲਾ ਸੁਣ ਕੇ ਜਦੋਂ ਲੋਕਾਂ ਦੇ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਉਧਰ, ਪੁਲੀਸ ਨੇ ਲੋਕਾਂ ਦਾ ਗੱਸਾ ਸ਼ਾਂਤ ਕਰਨ ਲਈ ਪੀਜੀ ਮਾਲਕ ਪ੍ਰਵੀਨ ਕੁਮਾਰ ਨੂੰ ਹਿਰਾਸਤ ਵਿੱਚ ਲਿਆ ਹੈ। ਉਸਦੇ ਖ਼ਿਲਾਫ਼ ਬੀਐਨਐਸ ਦੀ ਧਾਰਾ 223 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਪੀ ਹਰਬੀਰ ਸਿੰਘ ਅਟਵਾਲ ਅਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਇਸ ਸਬੰਧੀ ਸੀਆਈਏ ਤੇ ਪੁਲੀਸ ਦੀਆਂ 11 ਟੀਮਾਂ ਬਣਾਈਆਂ ਗਈਆਂ ਹਨ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…