ਕੁੰਭੜਾ ਕਤਲ ਕਾਂਡ: ਮੁਹਾਲੀ ਪੁਲੀਸ ਵੱਲੋਂ 5 ਮੁਲਜ਼ਮ ਗ੍ਰਿਫ਼ਤਾਰ, ਫ਼ਰਾਰ ਮੁਲਜ਼ਮਾਂ ਦੀ ਭਾਲ ਜਾਰੀ, ਧਰਨਾ ਖ਼ਤਮ

ਮ੍ਰਿਤਕ ਨੌਜਵਾਨ ਦਮਨਪ੍ਰੀਤ ਦਾ ਤੀਜੇ ਦਿਨ ਕੀਤਾ ਸਸਕਾਰ, ‘ਆਪ’ ਵਿਧਾਇਕ ਸਮੇਤ ਹੋਰ ਆਗੂ ਪਹੁੰਚੇ

ਨਬਜ਼-ਏ-ਪੰਜਾਬ, ਮੁਹਾਲੀ, 16 ਨਵੰਬਰ:
ਪਿੰਡ ਕੁੰਭੜਾ ਵਿੱਚ ਨੌਜਵਾਨ ਦੇ ਕਤਲ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਅੱਜ ਇੱਕ ਬਾਲ ਅਪਰਾਧੀ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਪੁਲੀਸ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮਾਂ ਦੀ ਪਛਾਣ ਅਮਨ ਟਾਕ ਵਾਸੀ ਯੂਪੀ ਹਾਲ ਵਾਸੀ ਸੈਕਟਰ-52 ਚੰਡੀਗੜ੍ਹ, ਅਰੁਣ ਕੁਮਾਰ ਤੇ ਆਕਾਸ਼ ਕੁਮਾਰ ਦੋਵੇਂ ਵਾਸੀ ਯੂਪੀ ਵਜੋਂ ਹੋਈ ਹੈ, ਜੋ ਇਸ ਸਮੇਂ ਪਿੰਡ ਕੁੰਭੜਾ ਵਿੱਚ ਹੀ ਪੀਜੀ ਵਿੱਚ ਰਹਿੰਦੇ ਸਨ। ਜਦੋਂਕਿ ਚੌਥਾ ਮੁਲਜ਼ਮ (ਨਾਬਾਲਗ) ਹੈ। ਇੱਕ ਮੁਲਜ਼ਮ ਗੌਰਵ ਕੁਮਾਰ ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਵਿੱਚ ਰਿਤੇਸ਼ ਕੁਮਾਰ ਅਤੇ ਅਮਿਤ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਫਿਲਹਾਲ ਇਹ ਦੋਵੇਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੀੜਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਨੇ ਏਅਰਪੋਰਟ ਸੜਕ ’ਤੇ ਲਾਇਆ ਧਰਨਾ ਖ਼ਤਮ ਕਰ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪਿੰਡ ਵਾਸੀ ਮ੍ਰਿਤਕ ਦਮਨਪ੍ਰੀਤ ਸਿੰਘ ਦੀ ਲਾਸ਼ ਸੜਕ ’ਤੇ ਰੱਖ ਕੇ ਧਰਨਾ ਉੱਤੇ ਬੈਠੇ ਸਨ। ਦਿਲਪ੍ਰੀਤ ਸਿੰਘ (16) ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਹ ਆਈਸੀਯੂ ਵਿੱਚ ਵੈਂਟੀਲੇਟਰ ’ਤੇ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਰੂਪਨਗਰ ਰੇਂਜ ਦੀ ਡੀਆਈਜੀ ਸ੍ਰੀਮਤੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਤਿਲਕ ਨਗਰ, ਨਵੀਂ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਰਦਾਤ ਤੋਂ ਬਾਅਦ ਇਹ ਸਾਰੇ ਆਪਣੇ ਪਰਿਵਾਰਾਂ ਸਮੇਤ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਗੌਰਵ ਦੀ ਮਦਦ ਨਾਲ ਪਹਿਲਾਂ ਧਨਾਸ ਗਏ। ਫਿਰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਉਹ ਦਿੱਲੀ ਸਥਿਤ ਮੁਲਜ਼ਮ ਅਕਾਸ਼ ਦੇ ਇੱਕ ਰਿਸ਼ਤੇਦਾਰ ਦੇ ਘਰ ਪਹੁੰਚੇ। ਡੀਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲੀਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਇਸ ਦੌਰਾਨ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮ ਗੌਰਵ ਵਿਰੁੱਧ ਬਾਕੀ ਮੁਲਜ਼ਮਾਂ ਦੀ ਭੱਜਣ ਵਿੱਚ ਮੱਦਦ ਕਰਨ ਦੀ ਜੁਰਮ ’ਚ ਵਾਧਾ ਕੀਤਾ ਗਿਆ ਹੈ।
ਡੀਆਈਜੀ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਕੁੰਭੜਾ ਵਿੱਚ ਦਮਨਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਦਿਲਪ੍ਰੀਤ ਸਿੰਘ ਦਾ ਉਕਤ ਮੁਲਜ਼ਮਾਂ ਨਾਲ ਮਾਮੂਲੀ ਝਗੜਾ ਹੋਇਆ ਸੀ, ਜੋ ਬਾਅਦ ਵਿੱਚ ਖੂੰਨੀ ਸੰਘਰਸ਼ ਵਿੱਚ ਬਦਲ ਗਿਆ। ਮੁਲਜ਼ਮ ਅਕਾਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦਮਨਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦੋਂਕਿ ਦਿਲਪ੍ਰੀਤ ਹਾਲੇ ਵੀ ਜੇਰੇ ਇਲਾਜ ਹੈ। ਅੱਜ ਪਿੰਡ ਦੇ ਮੋਹਤਬਰ ਦਿਲਪ੍ਰੀਤ ਦੀ ਖਬਰਸਾਰ ਲੈਣ ਲਈ ਨਿੱਜੀ ਹਸਪਤਾਲ ਗਏ ਸੀ ਪ੍ਰੰਤੂ ਡਾਕਟਰਾਂ ਨੇ ਉਨ੍ਹਾਂ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਸਦਾ ਇਲਾਜ ਚਲ ਰਿਹਾ ਹੈ।

ਇਸ ਤੋਂ ਪਹਿਲਾਂ ਐਸਡੀਐਮ ਦਮਨਦੀਪ ਕੌਰ, ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਅਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਧਰਨੇ ਵਾਲੀ ਥਾਂ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਪੰਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਅਤੇ ਹੋਰਨਾਂ ਨੇ ਧਰਨਾ ਖ਼ਤਮ ਕਰਨ ਅਤੇ ਲਾਸ਼ ਦਾ ਸਸਕਾਰ ਕਰਨ ਦੀ ਸਹਿਮਤੀ ਜਤਾਈ। ਇਸ ਤੋਂ ਬਾਅਦ ਲਾਸ਼ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਐੱਸਐੱਸਪੀ ਦੀਪਕ ਪਾਰਿਕ, ਬਲਵਿੰਦਰ ਸਿੰਘ ਕੁੰਭੜਾ, ਕੁਲਦੀਪ ਸਿੰਘ ਸਮਾਣਾ, ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ, ਸਾਬਕਾ ਬਲਾਕ ਸਮਿਤੀ ਮੈਂਬਰ ਗੁਰਨਾਮ ਕੌਰ, ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਸੁਲੱਖਣ ਸਿੰਘ, ਪ੍ਰਗਟ ਸਿੰਘ, ਡਾ. ਕੁਲਦੀਪ ਸਿੰਘ, ਚਰਨਜੀਤ ਕੌਰ, ਨਿਹੰਗ ਸਿੰਘਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…