ਪਠਾਨਕੋਟ ਅਤਿਵਾਦੀ ਹਮਲਾ: ਐਨਆਈਏ ਦੀ ਟੀਮ ਵੱਲੋਂ ਪਾਕਿਸਤਾਨੀ ਦਹਿਸਤਗਰਦਾ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਐਨਆਈਏ ਨੇ ਆਪਣੀ ਰਿਪੋਰਟ ਵਿੱਚ ਕੀਤੇ ਕਈ ਅਹਿਮ ਖੁਲਾਸੇ, ਮੁਲਜ਼ਮ ਪਾਕਿ ਨੂੰ ਦੇ ਰਹੇ ਸੀ ਅਤਿਵਾਦੀ ਹਮਲੇ ਦੀ ਪਲ ਪਲ ਦੀ ਖ਼ਬਰ

ਅਤਿਵਾਦੀ ਪਹਿਲੀ ਜਨਵਰੀ 2016 ਨੂੰ ਤੜਕਸਾਰ ਕੰਡਾ ਤਾਰ ਕੱਟੀ, ਫਿਰ ਰੱਸੀ ਦੇ ਸਹਾਰੇ ਉੱਚੀ ਕੰਧ ਟੱਪ ਕੇ ਏਅਰਬੇਸ ਵਿੱਚ ਹੋਏ ਸੀ ਦਾਖ਼ਲ

Watch Video
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ
ਪੰਜਾਬ ਦੇ ਪਠਾਨਕੋਟ ਏਅਰਬੇਸ ਉੱਤੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ 2 ਜਨਵਰੀ ਨੂੰ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਸਬੰਧੀ ਐਨਆਈਏ ਟੀਮ ਵੱਲੋਂ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਜ਼ਿਲ੍ਹਾ ਅਦਾਲਤ ਵਿੱਚ 4 ਪਾਕ ਦਹਿਸਤਗਰਦਾ ਦੇ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਹੈ। ਜਿਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜ਼ਸੀਟ ਵਿੱਚ ਦਾਇਰ ਕੀਤੀ ਗਈ ਹੈ। ਉਨ੍ਹਾਂ ਵਿੱਚ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਚੀਫ਼ ਮੌਲਾਨਾ ਮਸੂਦ ਅਜਹਰ, ਡਿਪਟੀ ਚੀਫ਼ ਮੁਫਤੀ ਅਬਦੁਲ ਰੋਫ ਅਸਗਰ, ਜੱਥੇਬੰਦੀ ਦੇ ਲਾਚਿੰਗ ਕਮਾਂਡਰ ਸਾਹਿਦ ਲਤੀਫ ਅਤੇ ਇਸ ਹਮਲੇ ਦੇ ਮੁਖ ਹੈਂਡਲਰ ਕਾਸਿਫ ਜਨ ਦੇ ਨਾਂ ਸ਼ਾਮਲ ਹਨ। ਇਨ੍ਹਾਂ ਅਤਿਵਾਦੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ,121,121ਏ, 302,307,364,365,367,368,397, ਗ਼ੈਰ ਕਾਨੂੰਨੀ ਕਾਰਵਾਈਆਂ ਰੋਕੂ ਐਕਟ 1967 ਦੀ ਧਾਰਾ 16,18,20,23,38 ਅਤੇ ਅਸਲਾ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਪਾਕ ਦਹਿਸਤਗਰਦ ਨਸੀਰ ਹੁਸੈਨ, ਹਾਫਿਜ ਅਬੂ ਬਕਰ, ਉਮਰ ਫਾਰੂਕ ਅਤੇ ਅਬਦੁਲ ਕਯੂਮ ਦੇ ਖ਼ਿਲਾਫ਼ ਜੁਰਮ ਸਥਾਪਿਤ ਹੁੰਦੇ ਹਨ। ਜਿਨ੍ਹਾਂ ਵੱਲੋਂ ਪਠਾਨਕੋਟ ਏਅਰਬੇਸ ’ਤੇ ਅਤਿਵਾਦੀ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਅਤਿਵਾਦੀਆਂ ਨੂੰ ਜੁਆਬੀ ਹਮਲੇ ਦੌਰਾਨ ਮਾਰ ਦਿੱਤਾ ਗਿਆ ਸੀ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਸ ਸੰਬੰਧੀ ਪਹਿਲੇ ਤਿੰਨ ਮੁਲਜਮਾਂ ਮਸੂਦ ਅਜਹਰ, ਅਬਦੂਲ ਰਉਫ ਅਤੇ ਸ਼ਾਹਿਦ ਲਤੀਫ ਦੇ ਖਿਲਾਫ ਇੰਟਰਪੋਲ ਵੱਲੋਂ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ ਜਦੋਕਿ ਚੌਥੇ ਮੁਲਜਮ ਕਾਸਿਫ ਜਾਨ ਦੇ ਖਿਲਾਫ ਇਹ ਨੋਟਿਸ ਜਾਰੀ ਕੀਤੇ ਜਾਣ ਦੀ ਪ੍ਰਕ੍ਰਿਅ ਜਾਰੀ ਹੈ।
ਚਾਰਜਸੀਟ ਵਿੱਚ ਕਿਹਾ ਗਿਆ ਹੈ ਕਿ ਜਾਂਚ ਵਿੱਚ ਇਹ ਸਾਬਿਤ ਹੋਇਆ ਹੈ ਕਿ ਉਕਤ ਅਤਿਵਾਦੀਆਂ ਵੱਲੋਂ ਭਾਰਤ ਦੇ ਖਿਲਾਫ ਯੋਜਨਾਬੱਧ ਤਰੀਕੇ ਨਾਲ ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਜੈਸ਼ ਏ ਮੁੰਹਮਦ ਦੇ ਮੁਖੀ ਮਸ਼ੂਦ ਅਜਹਰ ਅਤੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਹੋਰਨਾਂ ਅਤਿਵਾਦੀਆਂ ਤੋਂ ਇਲਾਵਾ ਹੋਰ ਵੀ ਕਈ ਵਿਅਕਤੀ ਸ਼ਾਮਲ ਹਨ। ਉਨ੍ਹਾਂ ਵੱਲੋਂ ਪਾਕਿਸਤਾਨ ਵਿੱਚ ਸਥਿਤ ਟਰੇਨਿੰਗ ਕੈਂਪਾਂ ਵਿੱਚ ਅਤਿਵਾਦੀਆਂ ਨੂੰ ਸਿਖਲਾਈ ਦਿੱਤੀ ਗਈ ਅਤੇ ਭਾਰਤ ਵਿਰੁੱਧ ਹਮਲੇ ਲਈ ਤਿਆਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੀ 2 ਜਨਵਰੀ ਨੂੰ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ’ਤੇ ਵੱਡਾ ਅਤਿਵਾਦੀ ਹਮਲਾ ਕੀਤਾ ਗਿਆ ਸੀ। ਜਿਸ ਦੌਰਾਨ ਫੌਜ ਦੇ ਕਈ ਜਵਾਨ ਸ਼ਹੀਦ ਹੋ ਗਏ ਸਨ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਸੀ ਜਦੋਂ ਕਿ ਮੁਕਾਬਲੇ ਵਿੱਚ 4 ਅਤਿਵਾਦੀਆਂ ਨੂੰ ਲੰਮੀ ਜਦੋ ਜਹਿਦ ਤੋਂ ਬਾਅਦ ਮੌਕੇ ’ਤੇ ਹੀ ਢੇਰ ਕਰ ਦਿੱਤਾ ਗਿਆ ਸੀ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਦੀ ਟੀਮ ਨੂੰ ਸੌਂਪੀ ਸੀ।
ਐਨਆਈਏ ਟੀਮ ਦੀ ਕਰੀਬ 11 ਮਹੀਨੇ ਦੀ ਜਾਂਚ ਦੌਰਾਨ ਇਹ ਪਤਾ ਚਲਿਆ ਹੈ ਕਿ ਪਾਕ ਅਤਿਵਾਦੀਆਂ ਨੇ ਪਹਿਲੀ ਜਨਵਰੀ 2016 ਨੂੰ ਤੜਕਸਾਰ ਹੀ ਪਹਿਲਾਂ ਕੰਡਾ ਤਾਰ ਕੱਟੀ ਅਤੇ ਫਿਰ ਰੱਸੀ ਦੇ ਸਹਾਰੇ ਉੱਚੀ ਕੰਧ ਟੱਪ ਕੇ ਏਅਰਬੇਸ ਵਿੱਚ ਦਾਖ਼ਲ ਹੋਏ ਸੀ। ਦੱਸਿਆ ਗਿਆ ਹੈ ਕਿ ਇਕ ਪਾਸੇ ਜਿਥੇ ਪਾਕਿ ਅਤਿਵਾਦੀ ਪਠਾਨਕੋਟ ਏਅਰਬੇਸ ’ਤੇ ਹਮਲਾ ਕਰ ਰਹੇ ਸੀ, ਉਥੇ ਦੂਜੇ ਪਾਸੇ ਉਕਤ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਆਪਣੇ ਆਕਾਵਾਂ ਨੂੰ ਫੋਨ ਦੇ ਜਰੀਏ ਪਲ ਪਲ ਦੀ ਰਿਪੋਰਟ ਦੇ ਰਹੇ ਸੀ। ਇਸ ਗੱਲ ਦਾ ਖੁਲਾਸਾ ਫੋਨ ਕਾਲ ਡਿਟੇਲ ਵਿੱਚ ਹੋਇਆ ਹੈ। ਜਾਂਚ ਟੀਮ ਨੇ ਰੈੱਡ ਬਲਿਊ ਡਰਿੰਕ ਦੀਆਂ ਖਾਲੀਆਂ ਬੋਤਲਾਂ, ਡਰਾਈ ਫਰੂਟ ਦੇ ਖਾਲੀ ਡੱਬੇ, ਕੰਡਾ ਤਾਰ ਕੱਟਣ ਵਾਲੇ ਅੌਜ਼ਾਰ, ਰੱਸੀ, ਗਰਮ ਟੋਪੀਆਂ, ਵਗੈਰਾ ਵੀ ਬਰਾਮਦ ਕੀਤੀਆਂ ਹਨ। ਇਹ ਸਾਰੀਆਂ ਵਸਤੂਆਂ ਪਾਕਿਸਤਾਨ ਵਿੱਚ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਮਹਿੰਦਰਾ ਐਕਸ ਯੂਵੀ ਗੱਡੀ ਤੋਂ ਕਈ ਥਾਵਾਂ ’ਤੇ ਅਤਿਵਾਦੀਆਂ ਦੇ ਫਿੰਗਰ ਪ੍ਰਿੰਟ, ਸੀਟ ਬੈਲਟ ਵੀ ਜ਼ਬਤ ਕੀਤੇ ਹਨ। ਇਸ ਸਾਰੇ ਸਮਾਨ ਨੂੰ ਕੇਸ ਪ੍ਰਾਪਰਟੀ ਬਣਾਇਆ ਗਿਆ ਹੈ।
ਐਨਆਈਏ ਟੀਮ ਨੇ ਅੱਜ ਚਲਾਨ ਪੇਸ਼ ਕਰਨ ਮੌਕੇ ਅਦਾਲਤ ਵਿੱਚ ਇੱਕ ਵੱਖਰੀ ਅਰਜ਼ੀ ਦਾਇਰ ਕਰਕੇ ਪਠਾਨਕੋਟ ਏਅਰਬੇਸ ਅਤਿਵਾਦੀ ਹਮਲੇ ਤੋਂ ਬਾਅਦ ਮੌਕੇ ਤੋਂ ਬਰਾਮਦ ਹੋਏ ਸਮਾਨ ਨੂੰ ਮਾਲ ਖਾਨੇ ਵਿੱਚ ਰੱਖਣ ਦੀ ਇਜਾਜ਼ਤ ਮੰਗੀ। ਇਸ ਸਬੰਧੀ ਅਦਾਲਤ ਦਾ ਕਹਿਣਾ ਸੀ ਕਿ ਨਵੀਂ ਜ਼ਿਲ੍ਹਾ ਅਦਾਲਤ ਵਿੱਚ ਹਾਲੇ ਮਾਲ ਖਾਲੇ ਦੀ ਵਿਵਸਥਾ ਨਹੀਂ ਕੀਤੀ ਗਈ ਹੈ। ਲਿਹਾਜ਼ਾ ਇਹ ਸਾਰਾ ਸਮਾਨ ਸੋਹਾਣਾ ਥਾਣੇ ਵਿੱਚ ਰੱਖਿਆ ਜਾਵੇ ਪ੍ਰੰਤੂ ਸੋਹਾਣਾ ਥਾਣੇ ਵਿੱਚ ਵੀ ਮਾਲ ਖਾਨਾ ਨਾ ਹੋਣ ਕਾਰਨ ਬਾਅਦ ਵਿੱਚ ਅਦਾਲਤ ਨੇ ਇਸ ਨੂੰ ਸੈਂਟਰਲ ਥਾਣਾ ਫੇਜ਼-8 ਦੇ ਮਾਲ ਖਾਨੇ ਵਿੱਚ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਇਸ ਸਬੰਧੀ ਬਕਾਇਦਾ ਐਸਐਚਓ ਨੂੰ ਵੀ ਅਦਾਲਤ ਵਿੱਚ ਸੱਦਿਆ ਗਿਆ ਅਤੇ ਥਾਣੇ ਵਿੱਚ ਡੀਡੀਆਰ ਦਰਜ ਕੀਤੀ ਗਈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…