ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਹੋਰ ਘਟਨਾਵਾਂ ਦੇ ਦੋਸ਼ੀਆਂ ਨੂੰ ਜੇਲ੍ਹ ਭੇਜ ਕੇ ਦਮ ਲਵਾਗਾਂ: ਕੈਪਟਨ ਅਮਰਿੰਦਰ

ਸੱਤਾ ਵਿੱਚ ਆਉਣ ਤੋਂ ਬਾਅਦ ਰਾਜ ਦੇ ਲੋਕਾਂ ਤੋਂ ਕੋਈ ਵੀ ਸਬਸਿਡੀ ਵਾਪਸ ਨਹੀਂ ਲਈ ਜਾਵੇਗੀ, ਸਗੋਂ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਫਤਹਿਗੜ੍ਹ ਸਾਹਿਬ, 26 ਦਸੰਬਰ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਮੌਕੇ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਧਾਰਮਿਕ ਬੇਅਦਬੀਆਂ ਤੇ ਪੰਜਾਬ ਦੇ ਲੋਕਾਂ ਖ਼ਿਲਾਫ਼ ਹੋਰ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ, ਸਗੋਂ ਜ਼ਿੰਮੇਵਾਰ ਵਿਅਕਤੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਕੈਪਟਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਕ ਵੀ ਸਬਸਿਡੀ ਵਾਪਸ ਨਹੀਂ ਲਈ ਜਾਵੇਗੀ। ਸਗੋਂ ਰਾਜ ਦੇ ਲੋਕਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਪੰਜਾਬ ਨੂੰ ਮੁੜ ਤਰੱਕੀ ਦੀ ਪੱਟੜੀ ’ਤੇ ਲਿਆਉਣ ਲਈ ਯੋਗ ਪੈਰਵੀ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਬਾਦਲਾਂ ਤੇ ਬਿਕਰਮ ਸਿੰਘ ਮਜੀਠੀਆ ਤੋਂ ਬਚਾਉਣ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਬਾਦਲਾਂ ਦੇ ਸੁਖਵਿਲਾਸ ਤੇ ਹੋਰ ਵਿਅਕਤੀਗਤ ਪ੍ਰਾਜੈਕਟ ਅਤੇ ਕਾਰੋਬਾਰੀਆਂ ਲਈ ਰੁਪਇਆ ਕਿੱਥੋਂ ਆਇਆ। ਮਜੀਠੀਆ ਉੱਤੇ ਨਸ਼ੇ ਵੇਚਣ ਦਾ ਦੋਸ਼ ਲਗਾਉਂਦਿਆਂ ਕੈਪਟਨ ਨੇ ਕਿਹਾ ਕਿ ਹੁਕਮਰਾਨਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਸ਼ੇ ਦੀ ਸਮੱਸਿਆ ਇੰਨੀ ਫੈਲ ਚੁੱਕੀ ਹੈ ਕਿ ਉਨ੍ਹਾਂ ਦੇ ਪੁਰਾਣੇ ਲੋਕ ਸਭਾ ਹਲਕੇ ਅੰਮ੍ਰਿਤਸਰ ਵਿੱਚ ਕਈ ਪਿੰਡਾਂ ਵਿੱਚ ਇਕ ਵੀ ਪੁਰਸ਼ ਮੈਂਬਰ ਨਹੀਂ ਬੱਚਿਆ ਸੀ, ਕਿਉਂਕਿ ਉਹ ਸਾਰੇ ਚਿੱਟੇ ਦੇ ਸ਼ਿਕਾਰ ਹੋ ਗਏ ਸਨ।
ਕੈਪਟਨ ਨੇ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਉੱਚੇ ਅਹੁਦਿਆਂ ’ਤੇ ਬਿਠਾਉਣ ਵਾਸਤੇ, ਸਾਰੇ ਕਾਇਦਿਆਂ ਦਾ ਉਲੰਘਣ ਕਰਕੇ ਬੀਤੇ ਕੁਝ ਦਿਨਾਂ ’ਚ ਧੜਾਧੜ 300 ਸਿਆਸੀ ਨਿਯੁਕਤੀਆਂ ਕਰਨ ਨੂੰ ਲੈ ਕੇ ਬਾਦਲਾਂ ਉਪਰ ਹਮਲਾ ਵੀ ਬੋਲਿਆ। ਇਸ ਮਾਮਲੇ ’ਚ ਬਾਦਲਾਂ ਦੇ ਝੂਠ ’ਤੇ ਨੁਕੇਲ ਕੱਸਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਇਕ ਵੀ ਸਰਕਾਰੀ ਸਬਸਿਡੀ ਵਾਪਿਸ ਨਹੀਂ ਲਈ ਜਾਵੇਗੀ। ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਅਗਲੀ ਕਾਂਗਰਸ ਸਰਕਾਰ ਨਾ ਸਿਰਫ ਖੇਤੀਬਾੜੀ ਖੇਤਰ ਨੂੰ ਮੁਫਤ ਬਿਜਲੀ ਜਾਰੀ ਰੱਖੇਗੀ, ਸਗੋਂ ਉਦਯੋਗਿਕ ਤੇ ਵਪਰਿਕ ਖਪਤਕਾਰਾਂ ਲਈ ਬਿਜਲੀ ਦੇ ਰੇਟ ਵੀ ਘੱਟ ਕਰੇਗੀ। ਇਸੇ ਤਰ੍ਹਾਂ, ਪੰਜਾਬ ਤੋਂ ਇਕ ਬੰੂਦ ਪਾਣੀ ਵੀ ਬਾਹਰ ਨਹੀਂ ਜਾਣ ਦੇਣ ਦਾ ਆਪਣਾ ਵਾਅਦਾ ਦੁਹਰਾਉਂਦਿਆਂ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਐਸ.ਵਾਈ.ਐਲ ’ਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ’ਚ ਨਾਕਾਮ ਰਹੀ ਹੈ, ਲੇਕਿਨ ਉਹ ਆਪਣੇ ਆਖਿਰੀ ਸਾਹ ਤੱਕ ਇਸ ’ਤੇ ਲੜਨਗੇ।
ਇਸ ਮੌਕੇ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਕੁਲਜੀਤ ਨਾਗਰਾ, ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ, ਖੰਨਾ ਤੋਂ ਗੁਰਕੀਰਤ ਸਿੰਘ ਕੋਟਲੀ, ਰਣਦੀਪ ਸਿੰਘ ਨਾਭਾ, ਸਾਧੂ ਸਿੰਘ ਧਰਮਸੋਤ, ਜਗਮੋੋਹਨ ਸਿੰਘ ਕੰਗ ਤੇ ਅਮਰੀਕ ਸਿੰਘ ਢਿੱਲੋਂ ਸ਼ਾਮਲ ਸਨ। ਸਾਰੇ ਕਾਂਗਰਸੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਤਾਂ ਜੋ ਪੰਜਾਬ ਦਾ ਸੁਨਹਿਰੀ ਦੌਰ ਵਾਪਸ ਲਿਆਉਂਦਾ ਜਾ ਸਕੇ।
ਇਸ ਤੋਂ ਪਹਿਲਾਂ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਨੇ ਬਾਦਲਾਂ ਦੀ ਪੰਜਾਬ ’ਤੇ ਤਾਨਾਸ਼ਾਹਾਂ ਵਰਗੇ ਸ਼ਾਸਨ ਕਰਨ ਨੂੰ ਲੈ ਕੇ ਨਿੰਦਾ ਕਰਦਿਆਂ ਕਿਹਾ ਕਿ ਇਥੋਂ ਤੱਕ ਕਿ ਅੌਰਤਾਂ ਤੇ ਬਜ਼ੁਰਗ ਵੀ ਦੋਵੇਂ ਪਿਓ ਪੁੱਤ ਦੇ ਜੁਲਮੀ ਰਾਜ ’ਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਹੀ ਬਾਦਲਾਂ ਤੇ ਮਜੀਠੀਆ ਵਰਗਿਆਂ ਨੂੰ ਸਬਕ ਸਿਖਾ ਸਕਦੇ ਹਨ, ਜਿਹੜੇ ਜੇਲ੍ਹ ਭੇਜੇ ਜਾਣ ਤੋਂ ਘੱਟ ਕਿਸੇ ਚੀਜ ਦੇ ਲਾਇਕ ਨਹੀਂ ਹਨ। ਉਨ੍ਹਾਂ ਫਤਹਿਗੜ੍ਹ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਦਾਇਰੇ ਅੰਦਰ ਵੱਧ ਰਹੀ ਸ਼ਰਾਬ ਦੇ ਠੇਕਿਆਂ ਦੀ ਗਿਣਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਵਿੱਚ ਆਉਣ ਤੋਂ ਬਾਅਦ ਅਜਿਹੇ ਸਾਰਿਆਂ ਠੇਕਿਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…