ਮਿਸ਼ਨ-2017: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਲਦ ਰਿਲੀਜ਼ ਕਰਨਗੇ ਪੰਜਾਬ ਕਾਂਗਰਸ ਦਾ ਮੈਨੀਫੈਸਟੋ

ਕਾਂਗਰਸ ਆਗੂ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਨੇ ਮੁੱਖ ਬਿੰਦੂਆਂ ’ਤੇ ਚਰਚਾ ਲਈ ਡਾ. ਮਨਮੋਹਨ ਸਿੰਘ ਨਾਲ ਕੀਤੀ ਅਹਿਮ ਮੁਲਾਕਾਤ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਦਿੱਤਾ ਜਾਵੇਗਾ ਚੋਣ ਮੈਨੀਫੈਸਟੋ ਨੂੰ ਅੰਤਿਮ ਰੂਪ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 29 ਦਸੰਬਰ:
ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਲਦੀ ਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਨਿਫੈਸਟੋ ਨੂੰ ਰਿਲੀਜ਼ ਕਰਨਗੇ। ਉਂਜ ਪੰਜਾਬ ਵਿੱਚ ਸ਼ਾਸਨ ਨੂੰ ਲੈ ਕੇ ਪਾਰਟੀ ਦੀ ਯੋਜਨਾ ਦੀ ਵਿਆਖਿਆ ਕਰਨ ਵਾਲੇ ਚੋਣ ਮੈਨੀਫੈਸਟੋ ਦੇ ਰਿਲੀਜ਼ ਦੀ ਤਰੀਕ ਹਾਲੇ ਤੈਅ ਨਹੀਂ ਹੋਈ ਹੈ, ਲੇਕਿਨ ਕਾਂਗਰਸ ਦੀ ਕੌਮੀ ਆਗੂ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਸਾਬਕਾ ਪ੍ਰਧਾਨ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਵੱਖ-ਵੱਖ ਮੁੱਖ ਬਿੰਦੂਆਂ ’ਤੇ ਚਰਚਾ ਕੀਤੀ। ਸਾਬਕਾ ਪ੍ਰਧਾਨ ਮੰਤਰੀ ਨੇ ਉਕਤ ਦਸਤਾਵੇਜ ਨੂੰ ਰਿਲੀਜ਼ ਕਰਨ ਲਈ ਆਪਣੀ ਰਜਾਮੰਦੀ ਦੇ ਦਿੱਤੀ ਹੈ। ਜਿਸ ਨੂੰ ਹੁਣ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਕਾਂਗਰਸ ਦੀ ਮੈਨਿਫੈਸਟੋ ਕਮੇਟੀ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ।
ਸਾਬਕਾ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਆਗੂ ਆਸ਼ਾ ਕੁਮਾਰੀ ਨੇ ਕਿਹਾ ਕਿ ਪਾਰਟੀ ਨੇ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾਂ ਆਰਥਿਕ ਵਿਸ਼ਿਆਂ ’ਤੇ ਡਾ. ਮਨਮੋਹਨ ਸਿੰਘ ਦੀ ਮਾਹਿਰਤਾ ਦੇ ਮੱਦੇਨਜ਼ਰ ਉਸ ਦੇ ਡਰਾਫਟ ਉਪਰ ਉਨ੍ਹਾਂ ਦੇ ਵਿਚਾਰ ਜਾਣਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਸ਼ੇ ਦੀ ਬਾਰੀਕੀਆਂ ਨੂੰ ਸਮਝੇ ਬਗੈਰ ਹੜਬੜੀ ਵਿੱਚ ਫੈਸਲੇ ਲੈਣ ਵਿੱਚ ਵਿਸ਼ਵਾਸ ਨਹੀਂ ਰੱਖਦੀ ਹੈ। ਮੈਨੀਫੈਸਟੋ ਦੇ ਪੰਜਾਬ ਦੇ ਲੋਕਾਂ ’ਤੇ ਪ੍ਰਭਾਵ ਦੇ ਮੱਦੇਨਜ਼ਰ, ਉਸ ਨੂੰ ਫਾਈਨਲ ਟੱਚ ਦੇਣ ਦੀ ਪ੍ਰਕਿਰਿਆ ਵਿੱਚ ਡਾਕਟਰ ਸਿੰਘ ਦੀ ਸ਼ਮੂਲੀਅਤ ਦਾ ਖਾਸ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਾਂਗਰਸ ਦੀ ਕਾਰਜਪ੍ਰਣਾਲੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਤਰੀਕੇ ਨਾਲ ਤੁਲਨਾ ਕੀਤੀ। ਜਿਨ੍ਹਾਂ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਾਰ ਵਾਰ ਪੁੱਛੇ ਜਾਣ ਦੇ ਬਾਵਜੂਦ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਨੇ ਨੋਟਬੰਦੀ ’ਤੇ ਕਿਨ੍ਹਾਂ ਨਾਲ ਚਰਚਾ ਕਰਕੇ ਕੀਤੀ ਸੀ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਦਿਆਂ ਵਿਆਪਕ ਦਸਤਾਵੇਜ-ਮੈਨੀਫੈਸਟੋ ’ਤੇ ਡਾ. ਮਨਮੋਹਨ ਸਿੰਘ ਨੇ ਆਪਣੇ ਬਹੁਮੁੱਲੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੀਆਂ ਗ਼ੈਰ ਸੰਗਠਿਤ ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਰਾਜ ਦੇ ਲੋਕਾਂ ਨੂੰ ਬਰਬਾਦੀ ਵਿੱਚ ਧਕੇਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੈਨੀਫੈਸਟੋ ਨੂੰ ਸੂਬੇ ਨੂੰ ਵਿਕਾਸ ਤੇ ਤਰੱਕੀ ਦੀ ਪੱਟੜੀ ’ਤੇ ਮੁੜ ਲਿਆਉਣ ਦੇ ਟੀਚੇ ਹੇਠ ਤਿਆਰ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਮੈਨੀਫੈਸਟੋ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਮਜ਼ਬੂਤ ਆਕਾਰ ਦੇਣ ’ਤੇ ਅਧਾਰਿਤ ਹੈ, ਜਿਨ੍ਹਾਂ ਨੂੰ ਅਸਲੀਅਤ ਦਾ ਰੂਪ ਦੇਣ ਲਈ ਉਹ ਪੂਰੀ ਤਰ੍ਹਾਂ ਤੱਤਪਰ ਹਨ। ਕਾਂਗਰਸ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਮੈਨੀਫੈਸਟੋ ਨੂੰ ਨਵੀਂ ਦਿੱਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰਿਲੀਜ਼ ਕੀਤੇ ਜਾਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਇਹ ਸੂਬੇ ਭਰ ਵਿੱਚ ਫੈਲ ਕੇ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਸਕੇ ਤਾਂ ਜੋ ਸੂਬੇ ਦੇ ਲੋਕ ਸੋਚ ਸਮਝ ਕੇ ਮਤਦਾਨ ਕਰ ਸਕਣ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…