ਕੈਪਟਨ ਅਮਰਿੰਦਰ ਸਿੰਘ ਦਲਿਤ ਤੇ ਗਰੀਬ ਵਿਰੋਧੀ: ਕੰਵਰ ਸੰਧੂ

ਆਮ ਆਦਮੀ ਪਾਰਟੀ ਨੂੰ ਲੋਕ ਹਿੱਤ ਕਾਰਜ ਕਰਨ ਤੋਂ ਰੋਕਣਾ ਚਾਹੁੰਦੇ ਹਨ ਕਾਂਗਰਸ ਪਾਰਟੀ ਦੇ ਆਗੂ: ਸੰਧੂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉਤੇ ਦਲਿਤ ਅਤੇ ਗਰੀਬ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਲੋਕ ਹਿੱਤ ਦੇ ਕਾਰਜਾਂ ਵਿੱਚ ਅੜਿੱਕਾ ਬਣਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਮਰਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸੂਬੇ ਭਰ ਦੇ ਗਰੀਬਾਂ ਅਤੇ ਦਲਿਤਾਂ ਲਈ ਯੋਜਨਾਵਾਂ ਜਾਰੀ ਕਰਨ ਜਾ ਰਹੀ ਹੈ। ਚੰਡੀਗੜ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸੰਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ 2002 ਤੋਂ 2007 ਦੀ ਸਰਕਾਰ ਦੌਰਾਨ ਵੀ ਗਰੀਬਾਂ ਲਈ ਸਕੀਮਾਂ ਬੰਦ ਕਰ ਦਿੱਤੀਆਂ ਸਨ ਅਤੇ ਸੂਬੇ ਵਿਚ ਸਰਕਾਰੀ ਨੌਕਰੀਆਂ ਉਤੇ ਮੁਕਮੰਲ ਰੋਕ ਲੱਗਾ ਦਿੱਤੀ ਸੀ। ਇਸ ਤੋਂ ਬਿਨਾ ਸੂਬੇ ਦੇ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਵੀ ਸੰਪੂਰਨ ਤੌਰ ਤੇ ਬੰਦ ਕਰ ਦਿੱਤਾ ਸੀ। ਇਸ ਤੋਂ ਕਾਂਗਰਸ ਦੇ ਆਮ ਲੋਕਾਂ ਦੇ ਵਿਰੋਧੀ ਹੋਣ ਦਾ ਪਤਾ ਲਗਦਾ ਹੈ।
ਸ੍ਰੀ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਆਪਣੇ ਸਰਕਾਰ ਦੇ ਦੌਰਾਨ ਦਿੱਲੀ ਵਿੱਚ ਗਰੀਬ ਅਤੇ ਦੱਬੇ ਵਰਗਾਂ ਲਈ ਯੋਜਨਾਵਾਂ ਜਾਰੀ ਕੀਤੀਆਂ ਹਨ ਇਸੇ ਅਧੀਨ ਹੀ ਬੁਢਾਪਾ, ਵਿਧਵਾ ਅਤੇ ਹੋਰ ਪੈਂਸ਼ਨਾਵਾਂ ਦੀ ਰਾਸ਼ੀ ਨੂੰ ਵਧਾਇਆ ਗਿਆ ਹੈ ਅਤੇ ਆਪ ਪੰਜਾਬ ਚੋਣਾਂ ਲਈ ਬਣਾਏ ਆਪਣੇ ਚੋਣ ਮਨੋਰਥ ਪੱਤਰ ਦੇ ਅਨੁਸਾਰ ਆਮ ਆਦਮੀ ਪਾਰਟੀ ਸੂਬੇ ਵਿਚ ਦਲਿਤਾਂ ਅਤੇ ਗਰੀਬਾਂ ਲਈ ਭਲਾਈ ਦੀ ਯੋਜਨਾਵਾਂ ਲਾਗੂ ਕਰੇਗੀ। ਦਿੱਲੀ ਵਿਚ ਆਪ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਦਿੱਲੀ ਦੇ ਐਲ.ਜੀ ਦੁਆਰਾ ਮੁਸ਼ਕਿਲਾਂ ਪੈਦਾ ਕਰਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਵਿਚ ਸ਼ਾਨਦਾਰ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਪਾਣੀ ਅਤੇ ਘੱਟ ਦਰਾਂ ‘ਤੇ ਬਿਜਲੀ ਉਪਲਬੱਧ ਕਰਵਾਈ ਹੈ ਅਤੇ ਇਸ ਤੋਂ ਬਿਨਾ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ‘ਤੇ ਦਿੱਤੇ ਜਾਣ ਵਾਲੀ ਮੁਆਵਜੇ ਦੇ ਮਾਮਲੇ ਵਿਚ ਦਿੱਲੀ ਸਰਕਾਰ ਸਭ ਤੋਂ ਉਪਰ ਹੈ। ਆਪ ਆਗੂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਭਲਾਈ ਦੀ ਸਕੀਮਾਂ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕੀਤਾ ਜਾਵੇਗਾ।
ਸ੍ਰੀ ਸੰਧੂ ਨੇ ਕਿਹਾ ਕਿ ਆਪ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਅਨੁਸਾਰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੇ ਵਜੀਫੇ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਨਕਾਰ ਚੁੱਕੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੇ ਜਾ ਰਹੇ ਮੋਬਾਇਲ ਫੋਨ ਅਤੇ ਹਰ ਘਰ ਵਿਚ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਸਮਝ ਚੁੱਕੇ ਹਨ। ਪੰਜਾਬ ਦੇ ਲੋਕ ਕੈਪਟਨ ਵੱਲੋਂ 2002 ਤੋਂ 2007 ਤੱਕ ਕੀਤੇ ਕਾਰਜਾਂ ਦੇ ਅਧਾਰ ’ਤੇ ਹੀ ਅਮਰਿੰਦਰ ਉਤੇ ਵਿਸ਼ਵਾਸ਼ ਕਰਨ ਤੋਂ ਗੁਰੇਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਪੰਜਾਬ ਦੇ ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸੁਵਿਧਾ ਖੋਹੀ ਸੀ। ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਖੁਦ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਨੂੰ ਅਜਿਹਾ ਕਰਨ ਦੇ ਰਹੇ ਹਨ। ਇਸੇ ਦੇ ਤਹਿਤ ਹੀ ਉਨ੍ਹਾਂ ਨੇ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦੇ ਰਾਹੀਂ ਚੋਣ ਕਮਿਸ਼ਨ ਵਿੱਚ ਇਹ ਸ਼ਿਕਾਇਤ ਕਰਵਾਈ ਹੈ ਕਿ ਆਮ ਆਦਮੀ ਪਾਰਟੀ ਸੂਬੇ ਵਿਚ ਲੋਕ ਹਿੱਤ ਦੀਆਂ ਸਕੀਮਾਂ ਲਾਗੂ ਕਰਨਾ ਚਾਹੁੰਦੀ ਹੈ। ਇਸ ਸਬੰਧੀ ਚੋਣ ਕਮਿਸ਼ਨ ਨੇ ਆਪ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ। ਜਿਸ ਦਾ ਜਵਾਬ ਪਾਰਟੀ ਦੇ ਦਿੱਤਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…