ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜਾਰੀ ਕੀਤਾ ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ

ਮੌਜੂਦਾ ਹਾਲਾਤਾਂ ਵਿੱਚ ਸੂਬੇ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਦੀ ਸਖ਼ਤ ਲੋੜ: ਡਾ. ਮਨਮੋਹਨ ਸਿੰਘ

ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ, ਪਾਣੀਆਂ ਦ ਰਾਖੀ ਲਈ ਸਖ਼ਤ ਕਾਨੂੰਨ ਬਣਾਏਗੀ ਕਾਂਗਰਸ ਸਰਕਾਰ: ਕੈਪਟਨ ਅਮਰਿੰਦਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 9 ਜਨਵਰੀ:
ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਅੱਜ ਇਸ ਵਿਸ਼ਵਾਸ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ਜੋ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਾਦਲ ਸਰਕਾਰ ਵੱਲੋਂ ਸੂਬੇ ਦੇ ਕੀਤੇ ਗਏ ਨੁਕਸਾਨ ਦੀ ਭਰਪਾਈ ਕਰੇਗਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਬਕਾ ਮੁੱਖ ਮੰਤਰੀ ਤੇ ਮੈਨਿਫੈਸਟੋ ਕਮੇਟੀ ਦੀ ਚੇਅਰਪਰਸਨ ਰਜਿੰਦਰ ਕੌਰ ਭੱਠਲ, ਅੰਬਿਕਾ ਸੋਨੀ, ਆਸ਼ਾ ਕੁਮਾਰੀ ਅਤੇ ਰਣਦੀਪ ਸੁਰਜੇਵਾਲਾ ਵੀ ਮੌਜ਼ੂਦ ਰਹੇ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਸੂਬੇ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਦੀ ਸਖ਼ਤ ਲੋੜ ਹੈ। ਉਨ੍ਹਾਂ ਨੇ ਇਕ ਵੱਡਾ ਤਜ਼ੁਰਬਾ ਰੱਖਣ ਵਾਲੇ ਕੈਪਟਨ ਅਮਰਿੰਦਰ ਦੀ ਦੂਰਦਰਸ਼ੀ ਸੋਚ ਦਾ ਜ਼ਿਕਰ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਅਗਵਾਈ ਹੇਠ ਸੂਬੇ ਦਾ ਭਵਿੱਖ ਬੇਹਤਰ ਹੈ। ਉਨ੍ਹਾਂ ਕਿਹਾ ਕਿ ਇਕ ਦੂਰਦਰਸ਼ੀ ਦਸਤਾਵੇਜ ਵਜੋਂ ਚੋਣ ਮਨੋਰਥ ਪੱਤਰ ਲਈ ਕੈਪਟਨ ਅਮਰਿੰਦਰ ਨੂੰ ਸਾਰੇ ਭਾਗੀਦਾਰਾਂ ਤੋਂ ਵਿਚਾਰ ਹਾਸਿਲ ਕਰਨ, ਪਿੰਡਾਂ ’ਚ ਜਾਣ ’ਚ ਛੇ ਮਹੀਨੇ ਦਾ ਸਮਾਂ ਲੱਗਿਆ ਹੈ। ਡਾ. ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਸ਼ਾਸਨ ਦੌਰਾਨ ਸੂਬੇ ’ਚ ਸਰਵਪੱਖੀ ਵਿਕਾਸ ਹੋਵੇਗਾ ਤੇ ਅਰਥ ਵਿਵਸਥਾ, ਉਦਯੋਗ, ਖੇਤੀਬਾੜੀ ਤੇ ਇਨਫਰਾਸਟਰੱਕਚਰ ਨੂੰ ਮੁੜ ਖੜ੍ਹਾ ਕਰਨ ਸਮੇਤ ਆਮਦਨ ਨੂੰ ਵਧਾਇਆ ਜਾਵੇਗਾ ਤੇ ਧੰਨ ਦੀ ਬਰਾਬਰ ਵੰਡ ਹੋਵੇਗੀ।
ਇਸ ਲੜੀ ਹੇਠ ਪਹਿਲੀ ਵਾਰ ਵਿਆਪਕ 120 ਪੰਨ੍ਹਿਆਂ ਦੇ ਚੋਣ ਮਨੋਰਥ ਪੱਤਰ ਨੂੰ ਇਕੱਠੇ ਸੂਬੇ ਦੇ ਪਾਰਟੀ ਆਗੂਆਂ ਮਨਪ੍ਰੀਤ ਸਿੰਘ ਬਾਦਲ ਨੇ ਚੰਡੀਗੜ੍ਹ, ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ, ਸੁਨੀਲ ਜਾਖੜ ਨੇ ਬਠਿੰਡਾ, ਵਿਜੈ ਇੰਦਰ ਸਿੰਗਲਾ ਨੇ ਲੁਧਿਆਣਾ, ਡਾ. ਅਮਰ ਸਿੰਘ ਨੇ ਜਲੰਧਰ ਤੇ ਰਾਣਾ ਗੁਰਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਰਿਲੀਜ਼ ਕੀਤਾ। ਚੋਣ ਮਨੋਰਥ ਪੱਤਰ ਨੂੰ ਅੰਗਰੇਜ਼ੀ ਤੇ ਪੰਜਾਬੀ ਵਿੱਚ ਆਨਲਾਈਨ ਸੋਫਟ ਫਾਰਮੇਟ ਵਜੋਂ ਰਿਲੀਜ਼ ਕਰਨ ਸਮੇਤ, ਮੀਡੀਆ ਨੂੰ ਇਸ ਦੀ ਹਾਰਡ ਕਾਪੀ ਵੀ ਵੰਡੀ ਗਈ। ਸਮਾਜ ਦੇ ਹਰੇਕ ਵਰਗ ਦੀਆਂ ਚਿੰਤਾਵਾਂ ਤੇ ਉਮੀਦਾਂ ਨੂੰ ਦਰਸਾਉਣ ਵਾਲੇ ਇਸ ਪਵਿੱਤਰ ਚੋਣ ਮਨੋਰਥ ਪੱਤਰ ਲਈ ਸਮਾਜ ਦੇ ਸਾਰੇ ਵਰਗਾਂ ਤੋਂ ਵਿਚਾਰ ਲਏ ਗਏ ਹਨ ਅਤੇ ਡਾਕਟਰ ਸਿੰਘ ਨੇ ਇਸ ਵਿੱਚ ਆਪਣੇ ਮੁੱਲਵਾਣ ਸੁਝਾਅ ਵੀ ਦਿੱਤੇ ਸਨ। ਇਸ ਨੂੰ ਬੀਬੀ ਭੱਠਲ ਤੇ ਕੋ-ਚੇਅਰਮੈਨ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ 17 ਮੈਂਬਰੀ ਚੋਣ ਮੈਨੀਫੈਸਟੋ ਕਮੇਟੀ ਨੇ ਤਿਆਰ ਕੀਤਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਿਆਂ ਕਿਹ ਕਿ ਪੰਜਾਬ ਦੀ ਅਗਲੀ ਸਰਕਾਰ 5000 ਕਰੋੜ ਰੁਪਏ ਦੇ ਵਿੱਤੀ ਘਾਟੇ ਸਮੇਤ ਭਾਰੀ ਕਰਜ਼ਿਆਂ ਨੂੰ ਅਪਣਾਉਣ ਜਾ ਰਹੀ ਹੈ, ਕੈਪਟਨ ਅਮਰਿੰਦਰ ਨੇ ਜਰਾ ਹੱਟ ਕੇ ਸੋਚ ਅਪਣਾਉਂਦਿਆਂ ਸੂਬੇ ਨੂੰ ਮੁੜ ਵਿਕਾਸ ਦੀ ਪੱਟੜੀ ’ਤੇ ਲਿਆਉਣ ਦਾ ਵਾਅਦਾ ਕੀਤਾ ਹੈ।
ਇਸ ਦੌਰਾਨ ਨੈਸ਼ਨਲ ਕਾਂਗਰਸ ਦੇ ਮੁੱਖ ਦਫਤਰ ਵਿੱਚ ਚੋਣ ਮਨੋਰਥ ਪੱਤਰ ਦੇ ਰਿਲੀਜ਼ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਵਿਕਾਸਸ਼ੀਲ ਕਦਮਾਂ ਤਹਿਤ ਸ਼ਰਾਬ ’ਤੇ ਸੈਸ ਲਗਾਉਣ ਤੇ ਖੁਦਾਈ ਤੋਂ ਹੋਣ ਵਾਲੀ ਆਮਦਨ ਰੋਜ਼ਗਾਰ ਪੈਦਾ ਕਰਨ ਵਾਸਤੇ ਸਹਾਇਤਾ ਕਰਨਗੇ, ਜਿਸ ਬਾਰੇ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਵਾਅਦਾ ਕੀਤਾ ਹੈ। ਹਰੇਕ ਘਰ ਤੋਂ ਇਕ ਵਿਅਕਤੀ ਨੂੰ ਨੌਕਰੀ ਦੇਣ ਦੇ ਵਾਅਦੇ ਨਾਲ ਕਾਂਗਰਸ ਨੇ ਕਈ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ, ਜਿਨ੍ਹਾਂ ਵਿੱਚ ਇਕ ਰੁਜ਼ਗਾਰ ਕਮਿਸ਼ਨ ਦੀ ਨਿਗਰਾਨੀ ਹੇਠ ਸੂਬੇ ਅੰਦਰ ਰੁਜ਼ਗਾਰ ਕੇਂਦਰ ਸਥਾਪਤ ਕਰਨਾ ਸ਼ਾਮਲ ਹੈ, ਤਾਂ ਜੋ ਨੌਜ਼ਵਾਨਾਂ ਲਈ ਰੁਜ਼ਗਾਰ ਪੈਦਾ ਕੀਤਾ ਜਾ ਸਕੇ।
ਇਸੇ ਤਰ੍ਹਾਂ, ਸੂਬੇ ਅੰਦਰ ਖੇਤੀਬਾੜੀ ਤੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਦਾ ਵਾਅਦਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਵੇਂ ਖੇਤੀਬਾੜੀ ਲੋਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ, ਉਹ ਪੁਖਤਾ ਕਰਨਗੇ ਕਿ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਪਹਿਲ ਦੇ ਅਧਾਰ ’ਤੇ ਮੁਆਫ ਕੀਤਾ ਜਾਵੇ। ਉਦਯੋਗਿਕ ਮੋਰਚੇ ’ਤੇ, ਉਨ੍ਹਾਂ ਨੇ ਉਦਯੋਗਾਂ ਲਈ ਬਰਾਬਰੀ ਦੇ ਮੌਕੇ ਪੈਦਾ ਕਰਨ ਅਤੇ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਵਾਸਤੇ ਕਦਮ ਚੁੱਕਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਿਛਲੀ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਉਦਯੋਗਿਕ ਨਿਵੇਸ਼ ਹਾਸਿਲ ਕੀਤਾ ਸੀ, ਜਿਸ ਤੋਂ 20 ਲੱਖ ਨੌਕਰੀਆਂ ਪੈਦਾ ਹੋ ਸਕਦੀਆਂ ਸਨ, ਲੇਕਿਨ ਅਕਾਲੀਆਂ ਨੇ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਇਸ ਪ੍ਰੀਕ੍ਰਿਆ ’ਚ ਰੁਕਾਵਟ ਪਾ ਦਿੱਤੀ।
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਨਸ਼ਿਆਂ ਖਿਲਾਫ ਲੜਾਈ ਦੇ ਵਾਅਦੇ ’ਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਸੋਚ ਛਿੱਪੀ ਹੈ ਅਤੇ ਉ ਨਸ਼ਿਆਂ ਦਾ ਲੱਕ ਤੋੜ ਦੇਣਗੇ ਤੇ ਇਸ ਲਈ ਜ਼ਿੰਮੇਵਾਰਾਂ ਨੂੰ ਨਹੀਂ ਬਖਸ਼ਾਂਗੇ। ਐਸ.ਵਾਈ.ਐਲ ਦੇ ਮੁੱਦੇ ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਪਾਣੀ ਨੂੰ ਬਚਾਉਣ ਖਾਤਿਰ ਇਕ ਕਾਨੂੰਨ ਲਿਆਏਗੀ, ਜਿਸ ਕੋਲ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਦੇ ਰੁਜ਼ਗਾਰ ਪੈਦਾ ਕਰਨ ਦੇ ਵਾਅਦੇ ’ਤੇ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਝੂਠੇ ਵਾਅਦੇ ਕਰਨ ’ਚ ਭਰੋਸਾ ਨਹੀਂ ਰੱਖਦੇ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੰਜਾਬ ਅੰਦਰ ਹਰੇਕ ਪਰਿਵਾਰ ’ਚੋਂ ਇਕ ਵਿਅਕਤੀ ਨੂੰ ਨੌਕਰੀ ਦੇਣ ਲਈ 20 ਲੱਖ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਦੀ ਤਰ੍ਹਾਂ ਜਾਇਦਾਦਾਂ ਗਹਿਣੇ ਰੱਖਣ ਦੇ ਉਲਟ, ਸੂਬੇ ਦੀ ਵਿੱਤੀ ਹਾਲਤ ਨੂੰ ਬੇਹਤਰ ਬਣਾਉਣ ਵਾਸਤੇ ਕਦਮ ਚੁੱਕਦਿਆਂ ਮਾਲੀਆ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਉਸਦੇ ਭ੍ਰਿਸ਼ਟਾਚਾਰ ਤੇ ਮਾੜੇ ਪ੍ਰਬੰਧਾਂ ਕਾਰਨ ਸੂਬੇ ਦੇ ਮਾਲੀਏ ਨੂੰ ਹੋਏ ਨੁਕਸਾਨ ਨੂੰ ਭਰਨ ਲਈ ਇਥੋਂ ਤੱਕ ਕਿ ਸਕੂਲਾਂ, ਮੈਂਟਨ ਹਸਪਤਾਲਾਂ, ਤੇ ਬਿਰਧ ਆਸ਼ਰਮਾਂ ਤੱਕ ਨੂੰ ਗਹਿਣੇ ਰੱਖ ਦਿੱਤਾ ਹੈ। ਡਾ. ਸਿੰਘ ਤੇ ਕੈਪਟਨ ਅਮਰਿੰਦਰ, ਦੋਨਾਂ ਨੇ ਸਵੀਕਾਰ ਕੀਤਾ ਕਿ ਸੂਬੇ ਨੂੰ ਪੇਸ਼ ਆ ਹੋਰ ਮੁੱਦਿਆਂ ਦੀ ਤਰ੍ਹਾਂ ਨੋਟਬੰਦੀ ਵੀ ਪੰਜਾਬ ਲਈ ਇਕ ਮੁੱਦਾ ਹੈ। ਉਨ੍ਹਾਂ ਜੀਡੀਪੀ ’ਤੇ ਨੋਟਬੰਦੀ ਦੇ ਅਸਰ ਨੂੰ ਲੈ ਕੇ ਚਿੰਤਾ ਪ੍ਰਗਟਾਈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮਾਜ ਦੇ ਹਰੇਕ ਵਰਗ ਨੂੰ ਕਵਰ ਕਰਨ ਵਾਲਾ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਇਕ ਅਸਲਿਅਤ ’ਤੇ ਅਧਾਰਿਤ ਦਸਤਾਵੇਜ ਹੈ, ਨਾ ਕਿ ਆਪ ਵੱਲੋਂ ਬਣਾਏ ਗਏ ਵੱਖ ਵੱਖ ਮੈਨਿਫੈਸਟੋਜ ਦੀ ਤਰ੍ਹਾਂ, ਜਿਨ੍ਹਾਂ ਦੇ ਲਾਗੂ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਦੁਹਰਾਇਆ ਕਿ ਕਾਂਗਰਸ ਮੈਨਿਫੈਸਟੋ ਇਕ ਪਵਿੱਤਰ ਦਸਤਾਵੇਜ ਹੈ ਅਤੇ ਇਸਨੂੰ ਪੂਰੀ ਤਰ੍ਹਾਂ ਨਿਸ਼ਠਾ ਨਾਲ ਤਿਆਰ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਨਾ ਹੀ ਆਪ ਤੇ ਨਾ ਹੀ ਅਕਾਲੀਆਂ ਨੇ ਬੀਤੇ ਵਕਤ ਦੌਰਾਨ ਕੀਤੇ ਵਾਅਦਿਆਂ ’ਚੋਂ 20 ਪ੍ਰਤੀਸ਼ਤ ਵੀ ਪੂਰੇ ਕੀਤੇ ਹਨ ਤੇ ਨਾ ਹੀ ਉਹ ਪੰਜਾਬ ਦੀ ਭਲਾਈ ਨੂੰ ਗੰਭੀਰ ਹਨ। ਇਕ ਹੋਰ ਸਵਾਲ ’ਤੇ ਕੈਪਟਨ ਅਮਰਿੰਦਰ ਨੇ ਪੁਸ਼ਟੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਟਿਕਟ ’ਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਲੜਨਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…