ਕੈਪਟਨ ਅਮਰਿੰਦਰ ਨੇ ਲੰਬੀ ਤੋਂ ਬਾਦਲ ਖ਼ਿਲਾਫ਼ ਚੋਣ ਲੜਨ ਲਈ ਕਾਂਗਰਸ ਹਾਈ ਕਮਾਂਡ ਤੋਂ ਇਜ਼ਾਜਤ ਮੰਗੀ

ਕੈਪਟਨ ਦੇ ਇਸ ਨਵੇਂ ਪੈਂਤੜੇ ਨਾਲ ਬਾਦਲ ਪਰਿਵਾਰ ਦੀ ਨੀਂਦ ਉੱਡੀ, ਬਾਦਲਾਂ ਨੂੰ ਬਠਿੰਡਾ ਵਿੱਚ ਬੰਨ੍ਹ ਮਾਰਨਾ ਚਾਹੁੰਦੀ ਹੈ ਵਿਰੋਧੀ ਧਿਰ

ਆਪ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 14 ਜਨਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਵਿੱਚ ਲੰਬੀ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਲੜਣ ਲਈ ਕਾਂਗਰਸ ਹਾਈ ਕਮਾਂਡ ਤੋਂ ਇਜ਼ਾਜਤ ਮੰਗ ਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕੈਪਟਨ ਦੇ ਇਸ ਨਵੇਂ ਪੈਂਤੜੇ ਨਾਲ ਬਾਦਲ ਪਰਿਵਾਰ ਦੀ ਨੀਂਦ ਉੱਡਾ ਦਿੱਤੀ ਹੈ। ਉਂਜ ਉਹ ਪਟਿਆਲਾ ਤੋਂ ਵੀ ਚੋਣ ਲੜਨਗੇ। ਇਸ ਤੋਂ ਪਹਿਲਾਂ ਆਪ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਲੰਬੀ ਤੋਂ ਚੋਣ ਲੜਨ ਦਾ ਫੈਸਲਾ ਲੈ ਕੇ ਬਾਦਲਾਂ ਨੂੰ ਇੱਕ ਹਲਕੇ ਵਿੱਚ ਬੰਨ੍ਹੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਵੱਡੇ ਆਗੂਆਂ ਨਾਲ ਮੱਥਾ ਲਾਉਣ ਕਾਰਨ ਬਾਦਲ ਪਿਊ-ਪੁੱਤਰ ਨੂੰ ਪੰਜਾਬ ਵਿੱਚ ਹੋਰ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਕਰਨ ਦੇ ਰਸਤੇ ਵਿੱਚ ਜਬਰਦਸਤ ਬੰਨ੍ਹ ਲੱਗਣਾ ਸੁਭਾਵਿਕ ਹੈ।
ਅੱਜ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਬਾਦਲ ਦੇ ਖ਼ਿਲਾਫ਼ ਉਨ੍ਹਾਂ ਦੇ ਘਰ ਲੰਬੀ ਤੋਂ ਚੋਣ ਲੜਨਾ ਚਾਹੁੰਦੇ ਹਨ ਕਿਉਂਕਿ ਉਹ ਨਸ਼ਿਆਂ, ਮਾਫੀਆ ਤੇ ਗੁੰਡਾਰਾਜ ਰਾਹੀਂ ਸੂਬੇ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਅਤੇ ਇਸ ਦੇ ਵਪਾਰ, ਉਦਯੋਗਾਂ ਤੇ ਖੇਤੀਬਾੜੀ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਸਾਰੇ ਪ੍ਰਮੁੱਖ ਅਕਾਲੀ ਆਗੂਆਂ ਨੂੰ ਚੋਣਾਂ ਵਿੱਚ ਹਰਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਉਨ੍ਹਾਂ ਨੂੰ ਲੰਬੀ ਤੋਂ ਚੋਣ ਲੜਨ ਦੀ ਇਜ਼ਾਜਤ ਦੇਣ ਲਈ ਕਿਹਾ ਸੀ ਤਾਂ ਜੋ ਉਹ ਪੰਜਾਬ ਨੂੰ ਬਾਦਲਾਂ ਦੇ ਅਨੈਤਿਕ ਤੇ ਵਿਨਾਸ਼ਕਾਰੀ ਸ਼ਾਸਨ ਤੋਂ ਅਜ਼ਾਦ ਕਰਵਾ ਸਕਣ। ਇਸ ਮੌਕੇ ਆਪ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਕਰ ਪਾਰਟੀ ਨੇ ਉਨ੍ਹਾਂ ਨੂੰ ਇਜ਼ਾਜਤ ਦਿੱਤੀ ਤਾਂ ਉਹ ਲੰਬੀ ਅਤੇ ਪਟਿਆਲਾ ਦੋਵਾਂ ਸੀਟਾਂ ਤੋਂ ਚੋਣ ਲੜਨਗੇ। ਕੈਪਟਨ ਅਮਰਿੰਦਰ ਨੇ ਪੰਜਾਬ ਲਈ ਅਜਿਹੇ ਅਪਮਾਨਜਨਕ ਹਾਲਾਤ ਪੈਦਾ ਕਰਨ ਲਈ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਉੱਤੇ ਵਰ੍ਹਦਿਆਂ ਕਿਹਾ ਕਿ ਪੂਰੇ ਸੂਬੇ ਅੰਦਰ ਅਵਿਵਸਥਾ ਫੈਲ ਚੁੱਕੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਨਾਭਾ ਜੇਲ੍ਹ ਬਰੇਕ ਦੀ ਘਟਨਾ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਗੁੰਡਿਆਂ ਨੂੰ ਸੂਬੇ ਤੋਂ ਭੱਜਣ ਦੀ ਅਜ਼ਾਦੀ ਦਿੱਤੀ ਗਈ ਤਾਂ ਉਹ ਚਣਾਂ ਦੌਰਾਨ ਅਕਾਲੀਆਂ ਦੀ ਸਹਾਇਤਾ ਕਰ ਸਕਣ।
ਕੈਪਟਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਅਕਾਲੀਆਂ ਦੇ ਸਾਰੇ ਘੁਟਾਲਿਆਂ ਦੀ ਜਾਂਚ ਕਰਵਾਏਗੀ ਤੇ ਕਿਸੇ ਵੀ ਅਪਰਾਧਿਕ ਹਰਕਤ, ਖਾਸ ਕਰਕੇ ਨਸ਼ੇ ਵਪਾਰ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇਗੀ। ਜਦਕਿ ਬਾਦਲਾਂ ਖਿਲਾਫ ਹਿੰਸਾ ਦੇ ਇਸਤੇਮਾਲ ਖਿਲਾਫ ਆਪਣੇ ਵਿਰੋਧ ਨੂੰ ਦੁਹਰਾਉਂਦਿਆਂ, ਉਨ੍ਹਾਂ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਅਕਾਲੀਆਂ ਖਿਲਾਫ ਆਪਣੀ ਨਿਰਾਸ਼ਾ ਤੇ ਗੁੱਸੇ ਨੂੰ ਵੋਟ ਰਾਹੀਂ ਜਾਹਿਰ ਕਰਨ ਦੀ ਅਪੀਲ ਕੀਤੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਤਿੰਨੋਂ ਸਕੀਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ ਅਤੇ ਉਹ ਸੂਬੇ ਦੇ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰਨਗੇ, ਜਿਸ ’ਚ ਕਿਸਾਨਾਂ ਦੇ ਲੋਨ ਮੁਆਫ ਕਰਨਾ, ਹਰੇਕ ਘਰ ’ਚੋਂ ਇਕ ਵਿਅਕਤੀ ਨੂੰ ਨੌਕਰੀ ਦੇਣਾ ਤੇ ਨੌਜ਼ਵਾਨਾਂ ਨੂੰ ਵਿਸ਼ਵ ਨਾਲ ਜੋੜਨ ਲਈ ਉਨ੍ਹਾਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾਉਣਾ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀ ਲੋਨਾਂ ਉਪਰ ਵਿਆਜ਼ ਦਰਾਂ ’ਤੇ ਫਿਰ ਤੋਂ ਗੱਲਬਾਤ ਕਰੇਗੀ ਅਤੇ ਉਨ੍ਹਾਂ ਲੋਨਾਂ ਨੂੰ ਇਸ ਤਰ੍ਹਾਂ ਸੈਟਲ ਕੀਤਾ ਜਾਵੇਗਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਆਪਣੀ ਜੇਬ ਤੋਂ ਇਕ ਵੀ ਪੈਸੇ ਦੀ ਅਦਾਇਗੀ ਨਾ ਕਰਨੀ ਪਵੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੀ ਭਲਾਈ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦਿਸ਼ਾ ’ਚ ਪੰਜਾਬ ਦੇ ਪਾਣੀਆਂ ਲਈ ਉਨ੍ਹਾਂ ਨੇ ਖੁਦ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਭਲਾਈ ਤਹਿਤ ਆਪਣੇ ਟਾਰਗੇਟਾਂ ਨੂੰ ਪੁਖਤਾ ਕਰਨ ਵਾਸਤੇ ਉਨ੍ਹਾਂ ਨੂੰ ਦੋ-ਤਿਹਾਈ ਬਹੁਮਤ ਦੀ ਲੋੜ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਦੇ ਹਿੱਤ ’ਚ ਆਪਣੀਆਂ ਵੋਟਾਂ ਦਾ ਸੋਚ ਸਮਝ ਕੇ ਇਸਤੇਮਾਲ ਕਰਨ ਵਾਸਤੇ ਕਿਹਾ। ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਬਾਦਲ ਦੇ ਉਲਟ ਪੰਜਾਬ ਪੁਲਿਸ ’ਤੇ ਪੂਰਾ ਭਰੋਸਾ ਹੈ, ਜਿਹੜੇ ਆਪਣੀ ਸੁਰੱਖਿਆ ਵਾਸਤੇ ਕੇਂਦਰੀ ਫੋਰਸਾਂ ਦਾ ਇਸਤੇਮਾਲ ਕਰਦੇ ਹਨ। ਇਕ ਹੋਰ ਸਵਾਲ ਦੇ ਜਵਾਬ ਵਿੱਚ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਕਦੇ ਵੀ ਭਾਰਤੀ ਕਰੰਸੀ ਦੇ ਨੋਟਾਂ ਉਪਰ ਗਾਂਧੀ ਦੀ ਤਸਵੀਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਦਲਣ ਦੀ ਇਜ਼ਾਜਤ ਨਹੀਂ ਦੇਵੇਗਾ ਤੇ ਇਸ ਬਾਰੇ ਦਿੱਤਾ ਗਿਆ ਕੋਈ ਵੀ ਸੁਝਾਅ ਚਾਪਲੂਸੀ ਦਾ ਲੱਛਣ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…