ਲੰਬੀ ਤੋਂ ਮੁੱਖ ਮੰਤਰੀ ਬਾਦਲ ਖ਼ਿਲਾਫ਼ ਚੋਣ ਲੜਨ ਲਈ ਕੈਪਟਨ ਅਮਰਿੰਦਰ ਨੂੰ ਮਿਲੀ ਹਾਈ ਕਮਾਂਡ ਤੋਂ ਇਜ਼ਾਜਤ

ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੀ 5ਵੀਂ ਲਿਸਟ ਜਾਰੀ, ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਤੋਂ ਮਿਲੀ ਟਿਕਟ

ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਜਲਾਲਾਬਾਦ ਵਿੱਚ ਸੁਖਬੀਰ ਸੁਖਬੀਰ ਨੂੰ ਦੇਣਗੇ ਟੱਕਰ, ਬਾਦਲ ਪਰਿਵਾਰ ਦੀ ਨੀਂਦ ਉੱਡੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਠਿੰਡਾ ਵਿੱਚ ਬੰਨ੍ਹ ਕੇ ਰੱਖਣ ਕਾਂਗਰਸ ਨੇ ਮਜ਼ਬੂਤ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਹਲਕੇ ਤੋਂ ਮੁੱਖ ਮੰਤਰੀ ਬਾਦਲ ਦੇ ਖ਼ਿਲਾਫ਼ ਚੋਣ ਲੜਨ ਦੀ ਇਜ਼ਾਜਤ ਦੇ ਦਿੱਤੀ ਹੈ। ਇਹੀ ਨਹੀਂ ਜੂਨੀਅਰ ਬਾਦਲ ਦੇ ਖ਼ਿਲਾਫ਼ ਲੁਧਿਆਣਾ ਦੇ ਨੌਜਵਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਅੱਜ ਕਾਂਗਰਸ ਨੇ ਉਮੀਦਵਾਰਾਂ ਦੀ 5ਵੀਂ ਸੂਚੀ ਵੀ ਜਾਰੀ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੈਬੀਵੇਟ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੰਬੀ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਤਿਆਰ ਹਨ। ਇਸ ਸੀਟ ’ਤੇ ਉਨ੍ਹਾਂ ਦੇ ਨਾਂਅ ਨੂੰ ਸੋਮਵਾਰ ਸ਼ਾਮੀ ਕਾਂਗਰਸ ਹਾਈ ਕਮਾਂਡ ਨੇ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਪਾਰਟੀ ਨੇ ਚਾਰ ਹੋਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਨ ਸਮੇਤ ਹੋਰ ਚਾਰ ਉਮੀਦਵਾਰਾਂ ਨੂੰ ਬਦਲ ਦਿੱਤਾ ਹੈ।
ਇਸ ਲੜੀ ਹੇਠ ਜਿਥੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ, ਕ੍ਰਿਕੇਟ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਆਪਣੀ ਪਤਨੀ ਦੀ ਥਾਂ ਚੋਣ ਲੜਨਗੇ। ਜਿਨ੍ਹਾਂ ਦੀ ਸੀਟ ਪਹਿਲਾਂ ਤੋਂ ਹੀ ਇਸ ਵਿਧਾਨ ਸਭਾ ਹਲਕੇ ਤੋਂ ਤੈਅ ਕਰ ਦਿੱਤੀ ਗਈ ਸੀ। ਜਦੋਂ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਹਮਲਾ ਬੋਲਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਸਿੱਧੂ ਦੇ ਸਾਥੀ ਅਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੂੰ ਜਲੰਧਰ ਕੈਂਟ ਤੋਂ ਟਿਕਟ ਦਿੱਤੀ ਗਈ ਹੈ ਅਤੇ ਜਲੰਧਰ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਜਗਬੀਰ ਸਿੰਘ ਬਰਾੜ ਨੂੰ ਨਕੋਦਰ ਸੀਟ ਤੋਂ ਚੋਣ ਲੜਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਸੂਚਨਾ ਕਮਿਸ਼ਨਰ ਹਰਿੰਦਰਪਾਲ ਸਿੰਘ ਮਾਨ (ਹੈਰੀ ਮਾਨ) ਨੂੰ ਸਨੌਰ ਤੋਂ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਜਰਾ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਿਨ੍ਹਾਂ ਸੀਟਾਂ ’ਤੇ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਬਦਲਿਆ ਹੈ। ਉਨ੍ਹਾਂ ਵਿੱਚ ਜਗਰਾਉਂ (ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ ਨੂੰ ਗੇਜਾ ਰਾਮ ਦੀ ਥਾਂ ਦਿੱਤੀ ਗਈ ਹੈ), ਜਲੰਧਰ ਉੱਤਰੀ (ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਬੇਟੇ ਬਾਵਾ ਹੈਨਰੀ, ਰਾਜ ਕੁਮਾਰ ਗੁਪਤਾ ਦੀ ਥਾਂ ਚੋਣ ਲੜਨਗੇ) ਅਤੇ ਭੁਲੱਥ (ਰਣਜੀਤ ਸਿੰਘ ਰਾਣਾ, ਗੁਰਵਿੰਦਰ ਸਿੰਘ ਅਟਵਾਲ ਦੀ ਥਾਂ ਕਾਂਗਰਸ ਦੇ ਉਮੀਦਵਾਰ ਹੋਣਗੇ) ਸ਼ਾਮਲ ਹਨ। ਪਾਰਟੀ ਨੇ ਫਿਲੌਰ-ਰਾਖਵੀਂ ਸੀਟ ਨੂੰ ਵੀ ਬਦਲ ਦਿੱਤਾ ਹੈ। ਜਿਹੜੀ ਟਿਕਟ ਹੁਣ ਬਿਕਰਮਜੀਤ ਸਿੰਘ ਚੌਧਰੀ ਨੂੰ ਉਨ੍ਹਾਂ ਦੀ ਮਾਂ ਕਰਮਜੀਤ ਕੌਰ ਚੌਧਰੀ ਦੀ ਥਾਂ ਦਿੱਤੀ ਗਈ ਹੈ। ਜਦੋਂ ਕਿ ਲਟਕੀਆਂ ਸੀਟਾਂ ਅੰਮ੍ਰਿਤਸਰ ਦੱਖਣੀ, ਮਾਨਸਾ ਤੇ ਲੁਧਿਆਣਾ ਪੂਰਬੀ ’ਤੇ ਭਲਕੇ ਮੰਗਲਵਾਰ ਨੂੰ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…