ਦਲਿਤਾਂ ’ਤੇ ਜਬਰ ਜੁਲਮ ਢਾਹੁਣ ਵਾਲੇ ਬਾਦਲਾਂ ਨੂੰ ਲੰਬੀ ਵਿੱਚ ਸਬਕ ਸਿਖਾਵਾਂਗੇ: ਕੈਪਟਨ ਅਮਰਿੰਦਰ ਸਿੰਘ

ਦਲਿਤਾਂ ਦਾ ਪੱਧਰ ਉੱਚਾ ਚੁੱਕਣ ਲਈ ਰਾਖਵਾਂਕਰਨ ਨੀਤੀ ਜਾਰੀ ਰੱਖਣ ਦੀ ਹਮਾਇਤ, ਉਦਯੋਗਾਂ ਨੂੰ ਮੁੜ ਖੜਾ ਕਰਨ ਦਾ ਵਾਅਦਾ

ਸੰਪ੍ਰਦਾਇਕ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਜੇਲਾਂ ਵਿੱਚ ਡੱਕਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਬੱਸੀ ਪਠਾਣਾ/ਪਾਇਲ/ਅਮਲੋਹ, 21 ਜਨਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੱਸੀ ਪਠਾਣਾ, ਅਮਲੋਹ ਅਤੇ ਪਾਇਲ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ 10 ਸਾਲਾਂ ਸ਼ਾਸਨਕਾਲ ਦੌਰਾਨ ਦਲਿਤਾਂ ਤੇ ਹੋਰ ਵਰਗਾਂ ਉੱਤੇ ਕੀਤੇ ਗਏ ਅੱਤਿਆਚਾਰਾਂ ਬਦਲੇ ਲੰਬੀ ਵਿੱਚ ਬਾਦਲਾਂ ਨੂੰ ਸਬਕ ਸਿਖਾਉਣਗੇ ਅਤੇ ਇਸੇ ਦੇ ਨਾਲ ਹੀ ਉਨ੍ਹਾਂ ਨੇ ਇਸ ਪਛੜੀ ਅਬਾਦੀ ਤੋਂ ਰਾਖਵੇਂਕਰਨ ਨੂੰ ਵਾਪਸ ਲਏ ਜਾਣ ਸਬੰਧੀ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕੀਤਾ।
ਇਸ ਮੌਕੇ ਕੈਪਟਨ ਨੇ ਬਾਦਲਾਂ ਵੱਲੋਂ ਕਥਿਤ ਸਰਕਾਰੀ ਲੁੱਟਮਾਰ ਕਰਕੇ ਸੂਬੇ ਨੂੰ ਬਰਬਾਦ ਕੀਤੇ ਜਾਣ ਦੀ ਨਿੰਦਾ ਕੀਤੀ ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਦੀ ਉਨ੍ਹਾਂ ਵੱਲੋਂ ਝੂਠੇ ਵਾਅਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਨੂੰ ਲੁੱਟਣ ਦੀ ਸਾਜ਼ਿਸ਼ ਰਚਣ ਤੋਂ ਬਾਜ਼ ਆਉਣ ਲਈ ਆਖਿਆ।
ਬੱਸੀ ਪਠਾਣਾ ਵਿੱਚ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਟਰਾਂਸਪੋਰਟ, ਰੇਤ, ਸ਼ਰਾਬ ਸਭ ਤਰ੍ਹਾਂ ਦੇ ਮਾਫੀਆ ਨੂੰ ਸਹਿ ਦਿੰਦਿਆਂ ਬਾਦਲਾਂ ਵੱਲੋਂ ਪੰਜਾਬ ਵਿੱਚ ਫੈਲਾਏ ਜਾ ਰਹੇ ਭ੍ਰਿਸ਼ਟਚਾਰ ਅਤੇ ਕਥਿਤ ਅਪਰਾਧੀਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਲੋਕਾਂ ਦੀ ਉਤਸ਼ਾਹਿਤ ਭੀੜ ਵਿੱਚ ਐਲਾਨ ਕੀਤਾ ਕਿ ਵੱਡੇ ਬਾਦਲ ਨੂੰ ਲੰਬੀ ਵਿੱਚ ਸਿਆਸੀ ਮੈਦਾਨ ਕੁੱਟਾਂਗੇ। ਉਨ੍ਹਾਂ ਨੇ ਜਿਥੇ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਨੂੰ ਲੋਕਾਂ ਦੇ ਪੈਸਿਆਂ ਦੀ ਬਰਬਾਦੀ ਕਰਾਰ ਦਿੰਦਿਆਂ ਇਸਦੀ ਨਿੰਦਾ ਕੀਤੀ। ਉਥੇ ਉਨ੍ਹਾਂ ਨੇ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਵਾਧਾ ਦੇ ਕੇ ਸੂਬੇ ਅੰਦਰ ਸੰਪ੍ਰਦਾਇਕ ਏਕਤਾ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਮੁੱਖ ਮੰਤਰੀ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ਅਕਾਲੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਾਰ ਦਿੱਤਾ।
ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ 2007 ਵਿੱਚ 651 ਮਾਮਲਿਆਂ ਤੋਂ ਵਧ ਕੇ 2015 ਵਿੱਚ 12834 ਨੂੰ ਪਹੁੰਚਣ ਦੇ ਨਾਲ ਦਲਿਤਾਂ ਖਿਲਾਫ ਅੱਤਿਆਚਾਰਾਂ ਵਿੱਚ ਕਈ ਗੁਣਾਂ ਵਾਧਾ ਹੋਇਆ ਹੈ। ਉਨ੍ਹਾਂ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ ਦੇ ਅਧਾਰ ’ਤੇ ਲੋਕ ਭਲਾਈ ਸਕੀਮਾਂ ਰਾਹੀਂ ਦਲਿਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਦਾ ਵਾਅਦਾ ਕੀਤਾ। ਕੈਪਟਨ ਅਮਰਿੰਦਰ ਨੇ ਇਹ ਵੀ ਕਿਹਾ ਕਿ ਉਹ ਹਰੇਕ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣਗੇ ਤੇ ਭਰੋਸਾ ਦਿੱਤਾ ਕਿ ਸੂਬੇ 90 ਫੀਸਦੀ ਬੇਰੁਜ਼ਗਾਰਾਂ/ਅਰਧ ਬੇਰੁਜ਼ਗਾਰਾਂ ਨੂੰ ਲਾਭਦਾਇਕ ਰੁਜ਼ਗਾਰ ਦਿੱਤਾ ਜਾਵੇਗਾ, ਤਾਂ ਜੋ ਪੰਜਾਬ ਨੂੰ ਮੁੜ ਤੋਂ ਤਰੱਕੀ ਦੀ ਰਾਹ ’ਤੇ ਲਿਜਾਇਆ ਜਾ ਸਕੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਇਸ ਗੱਲ ਦਾ ਵੀ ਪਤਾ ਲਗਾਉਣਗੇ ਕਿ ਬਾਦਲਾਂ ਦੇ ਹੋਟਲਾਂ ਨੂੰ ਵੇਚ ਕੇ ਲੋੜੀਂਦਾ ਮਾਲੀਆ ਹਾਸਲ ਕਰਦਿਆਂ 600 ਕਰੋੜ ਰੁਪਏ ਦਾ ਵੈਟ ਰਿਫੰਡ ਕੀਤਾ ਜਾਵੇ। ਅਮਲੋਹ ਵਿੱਚ ਕੈਪਟਨ ਅਮਰਿੰਦਰ ਨੇ ਇਲਾਕੇ ਵਿੱਚ 220 ਸਟੀਲ ਯੂਨਿਟਾਂ ਦੇ ਬੰਦ ਹੋਣ ਨੂੰ ਲੈ ਕੇ ਬਾਦਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੱਤਾ ’ਚ ਆਉਣ ਤੋਂ ਬਾਅਦ ਕਾਂਗਰਸ ਸੂਬੇ ਲਈ ਬਹੁਤ ਜ਼ਰੂਰੀ ਆਰਥਿਕ ਪ੍ਰਬੰਧ ਮੁਹੱਈਆ ਕਰਵਾਏਗੀ। ਅਰਵਿੰਦ ਕੇਜਰੀਵਾਲ ਦੀ ਆਪ ਪਾਰਟੀ ਦਾ ਜ਼ਿਕਰ ਕਰਦਿਆਂ ਕੈਪਟਨ ਕਿਹਾ ਕਿ ਇਸ ਪਾਰਟੀ ਨੂੰ ਬਾਹਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦਿੱਲੀ ਵਿੱਚ ਆਪ ਦੇ 19 ਵਿਧਾਇਕਾਂ ਨੂੰ ਬਲਾਤਕਾਰ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਬੱਸੀ ਪਠਾਣਾ ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ, ਪਾਇਲ ਤੋਂ ਕਾਂਗਰਸ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਅਤੇ ਸਾਬਕਾ ਮੰਤਰੀ ਤੇਜ਼ ਪ੍ਰਕਾਸ਼, ਮੰਡੀ ਗੋਬਿੰਦਗੜ੍ਹ, ਅਮਲੋਹ ਵਿੱਚ ਪਾਰਟੀ ਉਮੀਦਵਾਰ ਕਾਕਾ ਰਣਦੀਪ ਨੇ ਵੀ ਚੋਣ ਰੈਲੀਆਂ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…