ਪੰਜਾਬ ਵਿੱਚ ਆਪ ਦਾ ਕੋਈ ਆਧਾਰ ਨਹੀਂ, ਸਾਡਾ ਮੁਕਾਬਲਾ ਸਿਰਫ਼ ਕਾਂਗਰਸ ਨਾਲ: ਬਾਦਲ

ਅਕਾਲੀ-ਭਾਜਪਾ ਦੇ ਉਮੀਦਵਾਰ ਕੈਪਟਨ ਸਿੱਧੂ ਦੀ ਚੋਣ ਰੈਲੀ ਵਿੱਚ ਵੱਖ-ਵੱਖ ਧੜਿਆਂ ਦੇ ਆਗੂ ਤੇ ਵਰਕਰ ਇੱਕ ਮੰਚ ’ਤੇ ਹੋਏ ਇਕੱਤਰ

ਮੁੱਖ ਮੰਤਰੀ ਬਾਦਲ ਨੇ ਵਰਕਰਾਂ ਵਿੱਚ ਭਰਿਆ ਜੋਸ਼, ਸਾਰੇ ਵਰਕਰਾਂ ਨੂੰ ਇਕਜੁਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਵੀਰਵਾਰ ਨੂੰ ਹੋਈ ਚੋਣ ਰੈਲੀ ਵਿੱਚ ਵੱਖ-ਵੱਖ ਅਕਾਲੀ ਧੜਿਆਂ ਦੇ ਆਗੂ ਅਤੇ ਵਰਕਰ ਇੱਕ ਮੰਚ ’ਤੇ ਇਕੱਠੇ ਨਜ਼ਰ ਆਏ। ਜਿਸ ਕਾਰਨ ਕੈਪਟਨ ਸਿੱਧੂ ਦੀ ਸਥਿਤੀ ਕਾਫੀ ਮਜ਼ਬੂਤ ਹੋ ਗਈ ਹੈ। ਉਂਜ ਵੀ ਡਿਪਟੀ ਕਮਿਸ਼ਨਰ ਵਜੋਂ ਸੇਵਾ ਭਾਵਨਾ ਡਿਊਟੀ ਕਰਨ ਬਦਲੇ ਇਲਾਕੇ ਦੇ ਲੋਕਾਂ ਦਾ ਉਨ੍ਹਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇੱਥੋਂ ਦੇ ਕਸਬਾ ਬਲੌਂਗੀ ਸਥਿਤ ਚਸਮਾਸ਼ਾਹੀ ਵਿੱਚ ਆਯੋਜਿਤ ਚੋਣ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਰਕਰਾਂ ਵਿੱਚ ਜੋਸ਼ ਭਰਦਿਆਂ ਉਨ੍ਹਾਂ ਨੂੰ ਇਕਜੁਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਆ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ’ਤੇ ਐਤਕੀਂ ਫਿਰ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਅਤੇ ਚੋਣਾਂ ਵਿੱਚ ਸਾਡਾ ਮੁਕਾਬਲਾ ਸਿਰਫ਼ ਕਾਂਗਰਸ ਨਾਲ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਬਾਹਰੀ ਆਗੂ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਕੇਜਰੀਵਾਲ ਸਰਕਾਰ ਤੋਂ ਬੇਹੱਦ ਦੁਖੀ ਹਨ। ਜਿਸ ਕਾਰਨ ਕੇਜਰੀਵਾਲ ਦਿੱਲੀ ਵਾਸੀਆਂ ਦਾ ਸਾਹਮਣਾ ਕਰਨ ਦੀ ਬਜਾਏ ਉਥੋਂ ਭੱਜਣ ਦੀ ਤਾਕ ਵਿੱਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਪ ਦੇ ਕਈ ਕੈਬਨਿਟ ਮੰਤਰੀ ਅਤੇ ਮੁੱਖ ਸੰਸਦੀ ਸਕੱਤਰ ਅਤੇ ਵਿਧਾਇਕ ਸੰਗੀਨ ਜੁਰਮ ਦੇ ਦੋਸ਼ਾਂ ਅਧੀਨ ਜੇਲ੍ਹਾਂ ਵਿੱਚ ਸੜ ਰਹੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੋਟਾਂ ਖਾਤਰ ਲੋਕਾਂ ਨਾਲ ਝੂਠੇ ਵਾਅਦੇ ਕਰ ਰਿਹਾ ਹੈ ਅਤੇ ਹਰੇਕ ਘਰ ਵਿੱਚ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੈਪਟਨ ਨੇ ਝੂਠ ਬੋਲਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਦੋਂ ਕਿ ਪਿਛਲੀ ਕੈਪਟਨ ਸਰਕਾਰ ਨੇ ਇਸ ਤੋਂ ਪਹਿਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਨੌਕਰੀ ’ਤੇ ਰੱਖੇ ਨੌਜਵਾਨਾਂ ਦੀਆਂ ਸੇਵਾਵਾਂ ਖ਼ਤਮ ਕਰਕੇ ਉਨ੍ਹਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਸੁੱਟ ਦਿੱਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਆਪਣੇ 10 ਸਾਲਾਂ ਦੇ ਸ਼ਾਸ਼ਨ ਦੌਰਾਨ ਢਾਈ ਲੱਖ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ ਨਿਯਮਾਂ ਅਨੁਸਾਰ ਵੱਡੀ ਪੱਧਰ ’ਤੇ ਤਰੱਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਅਤੇ ਕਾਂਗਰਸ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿੰਦਿਆਂ ਐਤਕੀਂ ਫਿਰ ਅਕਾਲੀ ਦਲ-ਭਾਜਪਾ ਦੇ ਹੱਕ ਵਿੱਚ ਫਤਵਾ ਦੇਣ।
ਇਸ ਮੌਕੇ ਕੈਪਟਨ ਸਿੱਧੂ ਸਮੇਤ ਸੀਨੀਅਰ ਅਕਾਲੀ ਆਗੂ ਕਿਰਨਬੀਰ ਸਿੰਘ ਕੰਗ, ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮੇਅਰ ਕੁਲਵੰਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਲੇਬਰਫੈੱਡ ਪੰਜਾਬ ਦੇ ਐਮ.ਡੀ. ਪਰਮਿੰਦਰ ਸਿੰਘ ਸੋਹਾਣਾ, ਬਲਾਕ ਸਮਿਤੀ ਦੇ ਚੇਅਰਮੈਨ ਰੇਸ਼ਮ ਸਿੰਘ ਬੈਂਰੋਪੁਰ, ਜ਼ਿਲ੍ਹਾ ਇਤਸਰੀ ਅਕਾਲੀ ਦਲ ਦਿਹਾਤੀ ਦੀ ਪ੍ਰਧਾਨ ਬਲਜਿੰਦਰ ਕੌਰ ਸੈਦਪੁਰ, ਜ਼ਿਲ੍ਹਾ ਸ਼ਹਿਰੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਤੇ ਕੋਰ ਕਮੇਟੀ ਦੇ ਮੈਂਬਰ ਜਸਪਿੰਦਰ ਸਿੰਘ ਲਾਲੀ, ਕਮਲਜੀਤ ਸਿੰਘ ਰੂਬੀ, ਗੁਰਮੁੱਖ ਸਿੰਘ ਸੋਹਲ, ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਭਾਜਪਾ ਆਗੂ ਅਰੁਣ ਸ਼ਰਮਾ ਤੇ ਹਰਦੀਪ ਸਿੰਘ ਸਰਾਓ, ਅਸ਼ੋਕ ਝਾਅ, ਜਸਵਿੰਦਰ ਸਿੰਘ ਵਿਰਕ, ਪਰਦੀਪ ਭਾਰਜ, ਅਮਨਿੰਦਰ ਸਿੰਘ ਬਿੰਨੀ ਸਮੇਤ ਅਕਾਲੀ ਦਲ ਤੇ ਭਾਜਪਾ ਦੇ ਵੱਖ-ਵੱਖ ਵਿੰਗਾਂ ਦੇ ਆਗੂ, ਕੌਂਸਲਰ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ ਮੈਂਬਰ, ਪੰਚ-ਸਰਪੰਚ ਅਤੇ ਹੋਰ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…