ਆਪ ਵੱਲੋਂ ਅਰੁਣ ਜੇਤਲੀ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਿਸ ਬੈਂਕ ਮਾਮਲੇ ਵਿੱਚ ਬਚਾਉਣ ਦਾ ਦੋਸ਼

ਜੇਕਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਕੈਪਟਨ ਖ਼ਿਲਾਫ਼ ਸਬੂਤ ਹਨ ਤਾਂ ਅਮਰਿੰਦਰ ਦੀ ਗ੍ਰਿਫ਼ਤਾਰ ’ਚ ਦੇਰੀ ਕਿਉਂ: ਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਉੱਤੇ ਦੋਸ਼ ਲਾਇਆ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸਵਿਸ ਬੈਂਕ ਖਾਤੇ ਵਾਲੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਤੋਂ ਬਚਾ ਰਹੇ ਹਨ। ਆਮ ਆਦਮੀ ਪਾਰਟੀ ਦੀ ਚੋਣ-ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ’ਤੇ ਜੇਟਲੀ ਨੇ ਕੁਝ ਨਰਮ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ ਅਤੇ ਕੇਵਲ ਫੋਕੀ ਸ਼ੋਹਰਤ ਖੱਟਣ ਲਈ ਉਹ ਆਪਣੇ ਚੋਣ ਭਾਸ਼ਨਾਂ ਵਿੱਚ ਕੈਪਟਨ ਉੱਤੇ ਦੋਸ਼ ਲਾ ਰਹੇ ਹਨ।
ਸ੍ਰੀ ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਜੇਟਲੀ ਇਹ ਦਾਅਵਾ ਕਰ ਰਹੇ ਹਨ ਕਿ ਕੇਂਦਰ ਸਰਕਾਰ ਕੋਲ ਅਮਰਿੰਦਰ ਦੇ ਸਵਿੱਸ ਬੈਂਕ ਖਾਤੇ ਦੇ ਸਬੂਤ ਹਨ ਪਰ ਨਾਲ ਹੀ ਦੂਜੇ ਪਾਸੇ ਉਹ ਕੋਈ ਕਾਰਵਾਈ ਵੀ ਨਹੀਂ ਕਰ ਰਹੇ। ਜੇ ਜੇਟਲੀ ਕੋਲ ਅਜਿਹਾ ਕੋਈ ਸਬੂਤ ਹੈ, ਤਾਂ ਉਨਂਾਂ ਨੂੰ ਕੈਪਟਨ ਅਮਰਿੰਦਰ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਿਆ ਕਿਸ ਨੇ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਾਂ ਸਵਿੱਸ ਬੈਂਕ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ ਨੰਬਰ ਤੱਕ ਵੀ ਜੱਗ ਜ਼ਾਹਿਰ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਰੁੱਧ ਇਸ ਵੇਲੇ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਭ ਇੱਕਜੁਟ ਹੋ ਚੁੱਕੀਆਂ ਹਨ ਅਤੇ ਇੱਕ-ਦੂਜੇ ਦੇ ਆਗੂਆਂ ਨੂੰ ਬਚਾ ਰਹੇ ਹਨ। ਉਨਂਾਂ ਕਿਹਾ ਕਿ ਭਾਜਪਾ ਦਰਅਸਲ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੋਈ ਕਾਰਵਾਈ ਕਰਨਾ ਹੀ ਨਹੀਂ ਚਾਹੁੰਦੀ। ਸ਼੍ਰੋਮਣੀ ਅਕਾਲੀ ਦਲ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਨੂੰ ‘ਸਾਫ਼ ਬਰੀ’ ਕਰ ਚੁੱਕਾ ਹੈ ਅਤੇ ਬਦਲੇ ਵਿੱਚ ਕੈਪਟਨ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਮਦਦ ਕਰ ਰਹੇ ਹਨ। ਉਨਂਾਂ ਕਿਹਾ ਕਿ ਜੇਟਲੀ ਨੂੰ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇ ਉਨਂਾਂ ਕੋਲ ਸੱਚਮੁਚ ਕੋਈ ਸਬੂਤ ਹੈ, ਤਾਂ ਉਹ ਕੈਪਟਨ ਨੂੰ ਗ੍ਰਿਫ਼ਤਾਰ ਕਰਨ ਤੋਂ ਝਿਜਕ ਕਿਉਂ ਰਹੇ ਹਨ।
ਸ੍ਰੀ ਮਾਨ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਜਿਸ ਨੇ ਅੱਜ ਅੰਮ੍ਰਿਤਸਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ, ਨੇ ਇੱਕ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਤੇ ਉਸ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਆਪਣਾ ਸਾਰਾ ਭਾਸ਼ਣ ਅਰਵਿੰਦ ਕੇਜਰੀਵਾਲ ਨੂੰ ਸਮਰਪਿਤ ਕਰ ਦਿੱਤਾ। ਉਨਂਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ਵਿੱਚ ਆਪਣੀਆਂ ਪਿਛਲੀਆਂ ਦੋ ਰੈਲੀਆਂ ਦੌਰਾਨ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਸੀ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਜਪਾ ਆਗੂ ਆਖ਼ਰ ਕਾਂਗਰਸੀ ਆਗੂਆਂ ’ਤੇ ਕੋਈ ਉਂਗਲ ਉਠਾਉਣ ਤੋਂ ਕਿਉਂ ਨਾਕਾਮ ਰਹੇ ਹਨ? ਮਾਨ ਨੇ ਇਹ ਵੀ ਕਿਹਾ ਕਿ ਮੋਦੀ ਅਤੇ ਸ਼ਾਹ ਨੇ ਇਹ ਮੁੱਦਾ ਵੀ ਉਠਾਇਆ ਸੀ ਕਿ ਦੇਸ਼ ਦੀ ਸੁਰੱਖਿਆ ਲਈ ਲੋਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦਾ ਸਾਥ ਦੇਣ। ਉਨਂਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੇ ਗ਼ੁਲਾਮ ਨਹੀਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਣੇ ਭ੍ਰਿਸ਼ਟ ਸ਼ਾਸਨ ਨੂੰ ਬਰਦਾਸ਼ਤ ਕਰਦੇ ਰਹਿਣ ਲਈ ਲੋਕਾਂ ਉੱਤੇ ਕੋਈ ਦਬਾਅ ਨਹੀਂ ਪਾ ਸਕਦੇ। ਗੱਠਜੋੜ ਸਰਕਾਰ ਨੇ ਪਿਛਲੇ 10 ਵਰਿਂਆਂ ਦੌਰਾਨ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਬਾਦਲ ਦੇ ਪਰਿਵਾਰਕ ਮੈਂਬਰ ਮਾਫ਼ੀਆ ਡੌਨ ਬਣ ਚੁੱਕੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…