ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਣ ਲਈ ਉਪਰਾਲੇ ਕਰੇਗੀ ਐਸਜੀਪੀਸੀ: ਪ੍ਰੋ. ਬਡੂੰਗਰ

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀਆਂ ਰੈਗੂਲਰ ਮਹਿਲਾ ਮੁਲਾਜ਼ਮਾਂ ਨੂੰ 6 ਮਹੀਨੇ ਦੀ ਪ੍ਰਸੂਤੀ ਛੁੱਟੀ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਮਾਰਚ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਵਿਦਿਅਕ ਅਦਾਰਿਆਂ ਅੰਦਰ ਸਿੱਖਿਆ ਪ੍ਰਾਪਤ ਕਰਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿੱਖ ਵਿਰਾਸਤ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਉਪਰਾਲੇ ਆਰੰਭੇ ਜਾਣਗੇ। ਸ਼੍ਰੋਮਣੀ ਕਮੇਟੀ ਦੀ ਇਹ ਪ੍ਰਾਥਮਿਕਤਾ ਰਹੇਗੀ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਬੁਲੰਦੀਆਂ ਦੇ ਨਾਲ-ਨਾਲ ਸਿੱਖ ਧਰਮ ਦੇ ਸੁਨਹਿਰੀ ਸਿਧਾਤਾਂ ਅਤੇ ਪਰੰਪਰਾਵਾਂ ਨਾਲ ਜੋੜਿਆ ਜਾਵੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਥਾਨਕ ਗੁਰਦੁਆਰਾ ਕਲਗੀਧਰ ਨਿਵਾਸ, ਸੈਕਟਰ-27ਬੀ ਵਿਖੇ ਐਜੂਕੇਸ਼ਨ ਕਮੇਟੀ ਦੀ ਹੋਈ ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਇਕੱਤਰਤਾ ਵਿਚ ਲਏ ਫੈਸਲਿਆਂ ਸਬੰਧੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਵਿਦਿਅਕ ਅਦਾਰਿਆਂ ਅੰਦਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਮੌਕੇ 26 ਮਾਰਚ 2017 ਨੂੰ ਵਾਤਾਵਰਣ ਦਿਵਸ ਦੇ ਤੌਰ ’ਤੇ ਵਿਸ਼ਾਲ ਰੂਪ ਵਿਚ ਮਨਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿਚ ਉਨ੍ਹਾਂ ਦੱਸਿਆ ਕਿ ਅੱਜ ਵਾਤਾਵਰਣ ਦੇ ਪਲੀਤ ਹੋਣ ਦਾ ਵਰਤਾਰਾ ਸਭ ਦੇ ਸਾਹਮਣੇ ਹੈ। ਸ਼੍ਰੋਮਣੀ ਕਮੇਟੀ ਇਸ ਵਿਕਰਾਲ ਸਮੱਸਿਆ ਨੂੰ ਸਮਝਦਿਆਂ ਨੌਜਵਾਨਾਂ ਨੂੰ ਜਾਗਰੂਕ ਕਰੇਗੀ ਅਤੇ ਇਸੇ ਤਹਿਤ ਹੀ ਸਕੂਲਾਂ-ਕਾਲਜਾਂ ਵਿਚ ਵਾਤਾਵਰਣ ਦੀ ਸ਼ੁਧਤਾ ਲਈ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੱਤਵੇਂ ਪਾਤਸ਼ਾਹ ਜੀ ਦੇ ਗੁਰਤਾਗੱਦੀ ਦਿਵਸ ਵਾਲੇ ਦਿਨ ਵਿਦਿਅਕ ਅਦਾਰਿਆਂ ਅੰਦਰ ਬੂਟੇ ਲਗਾਏ ਜਾਣਗੇ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਨਿਰੰਤਰ ਕਾਰਜਸ਼ੀਲ ਰੱਖਣ ਲਈ ਪ੍ਰੇਰਿਆ ਵੀ ਜਾਵੇਗਾ। ਇਸੇ ਤਰ੍ਹਾਂ 21, 22 ਮਾਰਚ 2017 ਨੂੰ ਖਾਲਸਾ ਕਾਲਜ, ਗੜ੍ਹਦੀਵਾਲਾ (ਹੁਸ਼ਿਆਰਪੁਰ) ਵਿਖੇ ਖਾਲਸਾਈ ਸੱਭਿਆਚਾਰਕ ਉਤਸਵ ਕਰਵਾਇਆ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਸਿੱਖਿਆ ਸੰਸਥਾਵਾਂ ਦਾ ਅਕਾਦਮਿਕ ਆਡਿਟ ਵੀ ਕਰਵਾਇਆ ਜਾਵੇਗਾ ਅਤੇ ਸਕੂਲਾਂ/ਕਾਲਜਾਂ ਦੇ ਸਟਾਫ਼ ਨੂੰ ਰਿਫਰੈਸ਼ਰ ਕੋਰਸ ਲਗਾ ਕੇ ਵਾਤਾਵਰਣ ਸਮੇਂ ਅਨੁਕੂਲ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਸਕੂਲਾਂ/ਕਾਲਜਾਂ ਦੀਆਂ ਰੈਗੂਲਰ ਮਹਿਲਾ ਕਰਮਚਾਰੀਆਂ ਨੂੰ 6 ਮਹੀਨੇ ਦੀ ਤਨਖਾਹ ਸਮੇਤ ਪ੍ਰਸੂਤੀ ਛੁੱਟੀ ਦੇਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਕਾਲਜਾਂ ਦੇ ਸਟਾਫ਼ ਨੂੰ 1 ਜਨਵਰੀ 2017 ਤੋਂ 7 ਫੀਸਦੀ ਮਹਿੰਗਾਈ ਭੱਤਾ ਦੇ ਦਿੱਤਾ ਗਿਆ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਕੱਤਰਤਾ ਵਿਚ ਇੱਕ ਹੋਰ ਅਹਿਮ ਫੈਸਲਾ ਕਰਦਿਆਂ ਜਿਹੜੇ ਵਿਦਿਆਰਥੀਆਂ ਦੇ ਮਾਤਾ-ਪਿਤਾ ਕਿਸੇ ਲਾਇਲਾਜ ਬਿਮਾਰੀ ਤੋਂ ਪੀੜਤ ਹੋਣ ਜਾਂ ਵਿਦਿਆਰਥੀ ਵਿਦਿਅਕ ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ਵਿਚ ਵਿਸ਼ਾਲ ਪ੍ਰਾਪਤੀ ਰੱਖਦੇ ਹੋਣ ਉਨ੍ਹਾਂ ਦੀਆਂ 40 ਫੀਸਦੀ ਤੋਂ ਲੈ ਕੇ 100 ਫੀਸਦੀ ਤੱਕ ਫੀਸਾਂ ਮੁਆਫ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਸਕੂਲਾਂ/ਕਾਲਜਾਂ ਦੇ ਮੁਲਾਜ਼ਮਾਂ ਦੀਆਂ ਬਕਾਇਆ ਤਨਖਾਹਾਂ ਜਾਰੀ ਕਰਨ ਲਈ 2 ਕਰੋੜ ਪਚੱਤਰ ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰੀ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਮੁੱਖ ਸਕੱਤਰ ਹਰਚਰਨ ਸਿੰਘ, ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਤੇ ਜਗਜੀਤ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ, ਡਿਪਟੀ ਡਾਇਰੈਕਟਰ ਡਾ. ਕਸ਼ਮੀਰ ਸਿੰਘ ਅਤੇ ਡਾ. ਵੰਦਨਾ ਨਰੂਲਾ, ਅਸਿਸਟੈਂਟ ਡਾਇਰੈਕਟਰ ਪ੍ਰਿੰਸੀਪਲ ਸਤਵੰਤ ਕੌਰ ਅਤੇ ਪ੍ਰੋ. ਟੀਨਾ ਸਿੰਘ, ਇੰਚਾਰਜ ਅਜੂਕੇਸ਼ਨ ਮਨਿੰਦਰਮੋਹਨ ਸਿੰਘ ਅਤੇ ਗੁਰਦਿਆਲ ਸਿੰਘ, ਹਰਭਜਨ ਸਿੰਘ ਵਕਤਾ ਮੀਡੀਆ ਅਸਿਸਟੈਂਟ ਸ਼ਾਮਲ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…