ਬਾਦਲ ਵੱਲੋਂ ਲੋਕਾਂ ਦਾ ਧੰਨਵਾਦ, ਕੈਪਟਨ ਤੇ ਕਾਂਗਰਸ ਨੂੰ ਵੀ ਦਿੱਤੀ ਵਧਾਈ

ਲੰਬੀ ਵਾਸੀਆਂ ਵੱਲੋਂ ਸਾਥ ਦੇਣ ਲਈ ਧੰਨਵਾਦ

ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਪੰਜਾਬ ਪੱਖੀ ਨੀਤੀਆਂ ਲਈ ਨਵੀਂ ਸਰਕਾਰ ਨੂੰ ਸਹਿਯੋਗ ਦੇਵੇਗਾ: ਬਾਦਲ

ਨਬਜ਼-ਏ-ਪੰਜਾਬ ਬਿਊਰੋ, ਬਾਦਲ ਪਿੰਡ, 11 ਮਾਰਚ:
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਵਾਸੀਆਂ ਦੇ ਫਤਵੇ ਅੱਗੇ ਨਿਮਰਤਾ ਨਾਲ ਸਿਰ ਝੁਕਾਉਂਦਿਆਂ ਆਖਿਆ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਇਸ ਫਤਵੇ ਦਾ ਸਤਿਕਾਰ ਕਰਦੀ ਹੈ ਅਤੇ ਇਸ ਫੈਸਲੇ ਮੁਤਾਬਕ ਆਪਣੀ ਕਰਗੁਜ਼ਾਰੀ ਨਿਭਾਏਗੀ। ਸ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਫੈਸਲਾਕੁੰਨ ਜਿੱਤ ਲਈ ਵਧਾਈ ਦਿੰਦਿਆਂ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਸ਼ੁੱਭ ਇਛਾਵਾਂ ਵੀ ਦਿੱਤੀਆਂ। ਉਨ੍ਹਾਂ ਆਖਿਆ ਕਿ ਨਵੀਂ ਸਰਕਾਰ ਦੀ ਮੁੱਖ ਤਰਜੀਹ ਅਮਨ-ਸ਼ਾਂਤੀ ਤੇ ਫਿਰਕੂ ਸਦਭਾਵਨਾ, ਕਿਸਾਨਾਂ, ਦਲਿਤਾਂ, ਨੌਜਵਾਨਾਂ, ਮਹਿਲਾਵਾਂ ਅਤੇ ਪੇਂਡੂ ਤੇ ਸ਼ਹਿਰੀ ਗਰੀਬਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ।
ਇਸ ਦੌਰਾਨ ਸ੍ਰੀ ਬਾਦਲ ਦੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਹਰਚਰਨ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਲਕੇ 12 ਮਾਰਚ ਨੂੰ ਸਵੇਰੇ ਚੰਡੀਗੜ੍ਹ ਪਹੁੰਚਣਗੇ ਅਤੇ ਪੰਜਾਬ ਰਾਜ ਭਵਨ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਨਵੇਂ ਨਿਜ਼ਾਮ ਨੂੰ ਕਿਸਾਨਾਂ ਨੂੰ ਟਿਊਬਵੈਲਾਂ ਲਈ ਮੁਫ਼ਤ ਬਿਜਲੀ, ਦਲਿਤਾਂ ਤੇ ਗਰੀਬਾਂ ਨੂੰ ਮੁਫਤ ਘਰੇਲੂ ਬਿਜਲੀ, ਸ਼ਗਨ ਸਕੀਮ, ਵਜ਼ੀਫਾ ਸਕੀਮ, ਆਟਾ-ਦਾਲ ਸਕੀਮ, ਮੁਫਤ ਤੀਰਥ ਯਾਤਰਾ, ਪੰਜਾਬੀਆਂ ਨੂੰ ਮੁਫਤ ਇਲਾਜ ਦੀ ਸਹੂਲਤ ਸਮੇਤ ਲੋਕ ਭਲਾਈ ਸਕੀਮਾਂ ਦੇ ਫੈਸਲੇ ਵਾਪਸ ਨਾ ਲੈਣ ਦੀ ਅਪੀਲ ਕੀਤੀ।
ਸ੍ਰੀ ਬਾਦਲ ਨੇ ਕਿਹਾ ਕਿ ਅਸੀਂ ਸਮਾਜ ਭਲਾਈ ਨੀਤੀਆਂ ਅਤੇ ਵਿਕਾਸ ਦੀ ਸਿਖਰ ਛੂਹ ਰਿਹਾ ਪੰਜਾਬ ਉਨ੍ਹਾਂ ਨੂੰ ਸੌਂਪ ਰਹੇ ਹਾਂ। ਸਾਨੂੰ ਵਿਰਾਸਤ ਵਿੱਚ ਉਹ ਸੂਬਾ ਮਿਲਿਆ ਸੀ ਜਿੱਥੇ ਰੋਜ਼ਾਨਾ 14 ਤੋਂ 18 ਘੰਟੇ ਨਿਰੰਤਰ ਬਿਜਲੀ ਦੇ ਕੱਟ ਲਗਦੇ ਸਨ। ਅਸੀਂ ਦੇਸ਼ ਵਿੱਚ ਪਹਿਲੇ ਵਾਧੂ ਬਿਜਲੀ ਵਾਲੇ ਸੂਬੇ ਨੂੰ ਛੱਡ ਰਹੇ ਹਾਂ। ਆਮ ਬੁਨਿਆਦੀ ਢਾਂਚਾ, ਸਿਹਤ ਖੇਤਰ ਦਾ ਬੁਨਿਆਦੀ ਢਾਂਚਾ ਅਤੇ ਹਵਾਈ ਸੰਪਰਕ ਵਿੱਚ ਅੱਵਲ ਸੂਬਾ ਅਤੇ ਸਿੱਖਿਆ ਵਿੱਚ ਤੀਜਾ ਸਥਾਨ, ਖੇਡਾਂ ਵਿੱਚ ਪਹਿਲਾ ਸਥਾਨ ਵਾਲਾ ਸੂਬਾ ਬਣਾਇਆ। ਸਿੱਖਿਆ ਤੇ ਖੇਡਾਂ ਨੌਜਵਾਨਾਂ ਲਈ ਬਹੁਤ ਅਹਿਮ ਹਨ ਜਿਸ ਕਰਕੇ ਅਗਲੀ ਸਰਕਾਰ ਨੂੰ ਇਨ੍ਹਾਂ ਖੇਤਰਾਂ ਨੂੰ ਅੱਗੇ ਲਿਜਾਣਾ ਚਾਹੀਦਾ ਹੈ। ਸ੍ਰੀ ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਹੁਣ ਚੋਣਾਂ ਵਿੱਚ ਜਿੱਤ ਜਾਂ ਹਾਰ ਦਾ ਫੈਸਲਾ ਹੋ ਗਿਆ ਹੈ ਤਾਂ ਕਾਂਗਰਸ ਤੇ ਆਪ ਨੂੰ ਪੰਜਾਬ ਨੂੰ ਨਸ਼ੇੜੀਆਂ ਵਜੋਂ ਬਦਨਾਮ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਬੀਆਂ ਨੇ ਕਾਂਗਰਸ ਦੇ ਹੱਕ ਵਿੱਚ ਫੈਸਲਾਕੁੰਨ ਤੇ ਜ਼ਬਰਦਸਤ ਫਤਵਾ ਦਿੱਤਾ ਹੈ ਜਿਸ ਕਰਕੇ ਮੈਨੂੰ ਵਿਸ਼ਵਾਸ ਹੈ ਕਿ ਕਾਂਗਰਸ ਹੁਣ ਇਹ ਮੰਨ ਲਵੇਗੀ ਕਿ 70 ਫੀਸਦੀ ਕਾਂਗਰਸੀਆਂ ਨੂੰ ਨਸ਼ੇੜੀ ਗਰਦਾਨਣਾ ਪਾਪ ਸੀ। ਘੱਟੋ-ਘੱਟ ਪਾਰਟੀ ਹੁਣ ਪੰਜਾਬੀਆਂ ਨੂੰ ਬਦਨਾਮ ਨਾ ਕਰੇ।
ਇਕ ਬਿਆਨ ਰਾਹੀਂ ਸ੍ਰ. ਬਾਦਲ ਨੇ ਪੰਜਾਬ ਵਾਸੀਆਂ ਤੇ ਉਨ੍ਹਾਂ ਦਰਮਿਆਨ ਲਗਪਗ ਸਦੀ ਪੁਰਾਣੀ ਸਾਂਝ-ਮੁਹੱਬਤ ਤੇ ਵਿਸ਼ਵਾਸ ਬਣਾਈ ਰੱਖਣ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਏਨਾ ਜ਼ਿਆਦਾ ਪਿਆਰ, ਵਿਸ਼ਵਾਸ ਤੇ ਮਾਣ-ਸਤਿਕਾਰ ਤੇ ਸਹਿਯੋਗ ਦਿੱਤਾ ਜਿਨ੍ਹਾਂ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਇੰਤਹਾ ਸਾਂਝ ਤੇ ਪਿਆਰ ਹੈ ਅਤੇ ਲੋਕਾਂ ਨੂੰ ਕਿਸੇ ਵੀ ਚੀਜ਼ ਲਈ ਮੈਨੂੰ ਸਜ਼ਾ ਦੇਣ ਦਾ ਅਧਿਕਾਰ ਹੈ ਜਿਸ ਲਈ ਉਹ ਸੋਚਦੇ ਹਨ ਕਿ ਮੈਂ ਉਨ੍ਹਾਂ ਦੀਆਂ ਆਸਾਂ ’ਤੇ ਖਰਾ ਨਹੀਂ ਉਤਰਿਆ। ਜਿੱਥੇ ਵੀ ਮੈਂ ਉਨ੍ਹਾਂ ਦੇ ਹੁਕਮ ਮੁਤਾਬਕ ਖਰਾ ਨਹੀਂ ਉਤਰਿਆ, ਉਸ ਲਈ ਮੈਂ ਉਨ੍ਹਾਂ ਪਾਸੋਂ ਹੱਥ ਜੋੜ ਕੇ ਖਿਮਾਂ ਮੰਗਦਾ ਹਾਂ। ਸ. ਬਾਦਲ ਨੇ ਕਿਹਾ ਕਿ ਅਕਾਲ ਪੁਰਖ ਅਤੇ ਮਹਾਨ ਗੁਰੂ ਸਾਹਿਬਾਨ ਤੋਂ ਬਾਅਦ ਲੋਕ ਸਦਾ ਹੀ ਮੇਰੇ ਲਈ ਸਰਵਉਚ ਹਨ। ਮੈਂ ਉਨ੍ਹਾਂ ਦੇ ਪਿਆਰ ਦੇ ਕਾਬਲ ਬਣਿਆ ਰਹਿਣ ਲਈ ਆਪਣਾ ਕਾਰਜ ਜਾਰੀ ਰੱਖਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਪੰਜਾਬ ਵਾਸੀਆਂ ਦੇ ਅਸਲ ਧੰਨਵਾਦ ਦਾ ਬਿਹਤਰ ਤਰੀਕਾ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰਾ ਕਰਨਾ ਹੋਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਕਿਸੇ ਹੋਰ ਨੇ ਨਹੀਂ ਸਗੋਂ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਵਿਸ਼ਵ ਦੇ ਉੱਘੇ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਤਿਆਰ ਕੀਤਾ ਹੈ। ਉਨ੍ਹਾਂ ਵੱਲੋਂ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਇਲਮ ਤੇ ਸਮਝ ਹੋਣ ’ਤੇ ਹੀ ਵਾਅਦੇ ਕੀਤੇ ਗਏ ਹੋਣਗੇ। ਪੈਨਸ਼ਨ ਤੇ ਸ਼ਗਨ ਸਕੀਮ ਦੀ ਰਾਸ਼ੀ ਵਧਾਉਣ ਦਾ ਵਾਅਦਾ ਪਹਿਲੀ ਕੈਬਨਿਟ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪਹਿਲੀ ਕੈਬਨਿਟ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣੇ ਚਾਹੀਦੇ ਹਨ ਅਤੇ 30 ਲੱਖ ਨੌਕਰੀਆਂ ਦੇਣ ਨੂੰ ਤਰਜੀਹ ਦਿੱਤੀ ਜਾਵੇ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬੀਆਂ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਵਿਰੋਧੀ ਧਿਰ ਦਾ ਉਸਾਰੂ ਰੋਲ ਅਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਅਤੇ ਪੰਜਾਬ ਨੂੰ ਅੱਗੇ ਲਿਜਾਣ ਲਈ ਨਵੀਂ ਸਰਕਾਰ ਨੂੰ ਪੂਰਾ ਸਹਿਯੋਗ ਦੇਵਾਂਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…