nabaz-e-punjab.com

ਕੈਪਟਨ ਅਮਰਿੰਦਰ ਵੱਲੋਂ ਸਿਆਸੀ ਲੀਡਰਾਂ ਨੂੰ ਵੀਆਈਪੀ ਕਲਚਰ ਖਤਮ ਕਰਨ ਦੇ ਫੈਸਲੇ ਦਾ ਸਮਰਥਨ ਕਰਨ ਦੀ ਅਪੀਲ

ਪ੍ਰਗਤੀਸ਼ੀਲ ਸਮਾਜ ਵਿੱਚ ਲਾਲ ਬੱਤੀ ਸਮੇਤ ਕਿਸੇ ਤਰ੍ਹਾਂ ਦੀ ਵਿਖਾਵੇਬਾਜ਼ੀ ਲਈ ਕੋਈ ਥਾਂ ਨਹੀਂ: ਕੈਪਟਨ ਅਮਰਿੰਦਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਵੀ.ਆਈ.ਪੀ ਕਲਚਰ ਖਤਮ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਜ਼ਾਹਰ ਕਰਦਿਆਂ ਸਮੂਹ ਸਿਆਸੀ ਆਗੂਆਂ ਨੂੰ ਕਰਜ਼ੇ ਵਿੱਚ ਡੁੱਬੇ ਸੂਬੇ ਨੂੰ ਬਾਹਰ ਕੱਢਣ ਲਈ ਇਸ ਫੈਸਲੇ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਇਸ ਬੇਲੋੜੇ ਚਿੰਨ੍ਹ ਦੀ ਪ੍ਰਗਤੀਸ਼ੀਲ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਅਤੇ ਨਾ ਹੀ ਇਸ ਨੂੰ ਸਹਿਣ ਕੀਤਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਨੂੰ ਵਿਰਾਸਤ ਵਿੱਚ ਮਿਲੇ ਭਾਰੀ ਕਰਜ਼ੇ ਵੱਲ ਧਿਆਨ ਦਿਵਾਉਂਦਿਆਂ ਆਖਿਆ ਕਿ ਇਕ-ਇਕ ਕਦਮ ਸੂਬੇ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਸਹਾਈ ਹੋਵੇਗਾ ਜੋ ਸੂਬੇ ਨੂੰ ਮੁੜ ਖੁਸ਼ਹਾਲੀ ਦੇ ਰਾਹ ਲੈ ਕੇ ਜਾਵੇਗਾ। ਕੁਝ ਲੋਕਾਂ ਵੱਲੋਂ ਲਾਲ ਬੱਤੀ ਦਾ ਤਿਆਗ ਕਰਨ ਤੋਂ ਨਾਂਹ-ਨੁੱਕਰ ਕਰਨ ਦੀਆਂ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਮੁਤਾਬਕ ਉਨ੍ਹਾਂ ਦੀ ਸਰਕਾਰ ਸੂਬੇ ਵਿੱਚੋਂ ਵੀ.ਆਈ.ਪੀ. ਕਲਚਰ ਦਾ ਅੰਤ ਕਰਨ ਲਈ ਪੂਰਨ ਤੌਰ ’ਤੇ ਵਚਨਬੱਧ ਹੈ।
ਮੁੱਖ ਮੰਤਰੀ ਨੇ ਆਪਣੇ ਦਫ਼ਤਰ ਰਾਹੀਂ ਜਾਰੀ ਇਕ ਬਿਆਨ ਵਿੱਚ ਆਖਿਆ ਕਿ ਅਜਿਹੀ ਵੀ.ਆਈ.ਪੀ. ਵਿਖਾਵੇਬਾਜ਼ੀ ਆਜ਼ਾਦੀ ਤੋਂ ਪਹਿਲਾਂ ਦੇ ਯੁੱਗ ਦਾ ਹਿੱਸਾ ਸੀ ਪਰ ਸਾਡੇ ਵਰਗੇ ਜਮਹੂਰੀ ਤੇ ਪ੍ਰਗਤੀਵਾਦੀ ਸਮਾਜ ਵਿੱਚ ਇਸ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਸਰਕਾਰ ਅਤੇ ਪਾਰਟੀ ਵਿੱਚ ਆਪਣੇ ਸਾਰੇ ਸਾਥੀਆਂ ਦੇ ਨਾਲ-ਨਾਲ ਅਜਿਹੇ ਅਧਿਕਾਰ ਦੇ ਹੱਕਦਾਰ ਬਾਕੀ ਚੁਣੇ ਹੋਏ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਇੱਜ਼ਤ ਦਾ ਸੁਆਲ ਨਾ ਬਣਾਉਣ ਸਗੋਂ ਉਨ੍ਹਾਂ ਵੱਲੋਂ ਇਸ ਫੈਸਲੇ ਨੂੰ ਲੋਕਾਂ ਪ੍ਰਤੀ ਧੰਨਵਾਦ ਦੇ ਪ੍ਰਤੀਕ ਵਜੋਂ ਮੰਨਣਾ ਚਾਹੀਦਾ ਹੈ ਜਿਨ੍ਹਾਂ ਨੇ ਵੋਟਾਂ ਪਾ ਕੇ ਉਨ੍ਹਾਂ ਨੂੰ ਸੱਤਾ ਤੱਕ ਪਹੁੰਚਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੀ.ਆਈ.ਪੀ. ਸੱਭਿਆਚਾਰ ਨੇ ਸਾਡੇ ਜਮਹੂਰੀ ਢਾਂਚੇ ਨੂੰ ਬੁਰੀ ਤਰ੍ਹਾਂ ਢਾਹ ਲਾਈ ਹੈ ਅਤੇ ਵੱਡੀਆਂ ਉਮੀਦਾਂ ਅਤੇ ਆਸਾਂ ਨਾਲ ਵੋਟਾਂ ਪਾਉਣ ਵਾਲੇ ਆਮ ਲੋਕਾਂ ਨੂੰ ਆਪਣੇ ਲੀਡਰਾਂ ਤੋਂ ਦੂਰ ਕਰ ਦਿੱਤਾ ਹੈ। ਉਨ੍ਹਾਂ ਨੇ ਜਨਤਕ ਸ਼ਖਸੀਅਤਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਅਜਿਹੇ ਕਦਮ ਲੋਕਾਂ ਵਿੱਚ ਆਪਣੇ ਲੀਡਰਾਂ ਤੱਕ ਪਹੁੰਚ ਅਤੇ ਮੌਜੂਦਗੀ ਦੀ ਹਾਮੀ ਭਰਦੇ ਹਨ।
ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਅਤੇ ਮੰਤਰੀ ਮੰਡਲ ਵਿੱਚ ਲਏ ਫੈਸਲਿਆਂ ਨੂੰ ਅਸਲ ਭਾਵਨਾ ਨਾਲ ਲਾਗੂ ਕਰਨ ਬਾਰੇ ਆਪਣੀ ਸਰਕਾਰ ਦੀ ਦ੍ਰਿੜਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਸਤਿਕਾਰ ਤੇ ਪ੍ਰਸਿੱਧੀ ਲਾਲ ਬੱਤੀਆਂ ਵਰਗੀਆਂ ਚੀਜ਼ਾਂ ਨਾਲ ਨਹੀਂ ਸਗੋਂ ਸਖਤ ਮਿਹਨਤ, ਵਚਨਬੱਧਤਾ ਅਤੇ ਸੰਜੀਦਗੀ ਨਾਲ ਵਧਦੀ ਹੈ। ਸਾਕਾਰਤਮਤ ਤਬਦੀਲੀ ਅਤੇ ਕ੍ਰਾਂਤੀ ਲਈ ਸਦਾ ਹੀ ਪੰਜਾਬੀਆਂ ਵੱਲੋਂ ਅਗਵਾਈ ਕਰਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸਮੂਹ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹੋਰ ਚੁਣੇ ਹੋਏ ਲੀਡਰਾਂ ਨੂੰ ਵੀ.ਆਈ.ਪੀ. ਸੱਭਿਆਚਾਰ ਦਾ ਤਿਆਗ ਕਰਕੇ ਮੁਲਕ ਦੇ ਬਾਕੀ ਹਿੱਸਿਆਂ ਲਈ ਮਿਸਾਲ ਕਾਇਮ ਕਰਨ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਵੀ.ਆਈ.ਪੀ. ਵਾਹਨਾਂ ਤੋਂ ਲਾਲ ਬੱਤੀਆਂ ਹਟਾਉਣ ਤੋਂ ਇਲਾਵਾ ਅਜਿਹੇ ਹੋਰ ਵੱਖ-ਵੱਖ ਕਦਮ ਚੱੁਕੇ ਗਏ ਹਨ ਜਿਸ ਨੂੰ ਸੱਚੀ ਭਾਵਨਾ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਦੂਰਗਾਮੀ ਬਦਲਾਅ ਨਾ ਸਿਰਫ ਸਿਆਸੀ ਲੀਡਰਸ਼ਿਪ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਨੇੜਿਓਂ ਜੁੜਨ ਲਈ ਸਹਾਈ ਹੋਣਗੇ ਸਗੋਂ ਸੂਬੇ ਦੇ ਡਾਵਾਂਡੋਲ ਖਜ਼ਾਨੇ ਦੀ ਸਥਿਤੀ ਵੀ ਸੁਧਰੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…