nabaz-e-punjab.com

ਕੈਪਟਨ ਅਮਰਿੰਦਰ ਵੱਲੋਂ ਕਾਂਗਰਸ ਆਗੂਆਂ ਨੂੰ ਲਾਲ ਬੱਤੀ ਦਾ ਤਿਆਗ ਕਰਕੇ ਮਿਸਾਲ ਪੇਸ਼ ਕਰਨ ਦਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਵਿੱਚ ਆਪਣੇ ਸਾਰੇ ਸਾਥੀਆਂ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਦੀ ਪਾਲਣ ਕਰਦਿਆਂ ਖੁਦ ਹੀ ਆਪਣੇ ਵਾਹਨਾਂ ਤੋਂ ਲਾਲ ਬੱਤੀਆਂ ਹਟਾ ਕੇ ਬਾਕੀਆਂ ਲਈ ਮਿਸਾਲ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਸ਼ਨਿਚਰਵਾਰ ਨੂੰ ਇਕ ਬਿਆਨ ਰਾਹੀਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪਾਰਟੀ ਮੈਂਬਰਾਂ ਵੱਲੋਂ ਚੋਣ ਪੱਤਰ ’ਤੇ ਪਹਿਰਾ ਦਿੰਦਿਆਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਜੋਂ ਇਹ ਸਾਡੀ ਜ਼ਿੰਮੇਵਾਰੀ ਤੇ ਡਿਊਟੀ ਬਣਦੀ ਹੈ ਕਿ ਨਾ ਸਿਰਫ ਅਸੀਂ ਆਪਣੇ ਵਾਅਦੇ ਪੂਰੇ ਕਰੀਏ ਸਗੋਂ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਪੂਰਾ ਖਰਾ ਉਤਰਨ ਦੀ ਭਾਵਨਾ ਅਨੁਸਾਰ ਅੱਗੇ ਵਧੀਏ। ਮੁੱਖ ਮੰਤਰੀ ਨੇ ਆਪਣੇ ਉਨ੍ਹਾਂ ਸਾਰੇ ਕੈਬਨਿਟ ਸਾਥੀਆਂ ਅਤੇ ਵਿਧਾਇਕਾਂ ਦੀ ਵਡਿਆਈ ਕੀਤੀ ਜਿਨ੍ਹਾਂ ਨੇ ਆਪਣੇ ਵਾਹਨਾਂ ਤੋਂ ਲਾਲ ਬੱਤੀਆਂ ਹਟਾ ਦਿੱਤੀਆਂ ਹਨ ਅਤੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਇਜਲਾਸ ਵਿੱਚ ਸ਼ਾਮਲ ਹੋਣ ਲਈ ਲਾਲ ਬੱਤੀ ਤੋਂ ਰਹਿਤ ਕਾਰਾਂ ਰਾਹੀਂ ਪਹੁੰਚਣ ਨਾਲ ਮੀਡੀਆ ਦੇ ਨਾਲ ਨਾਲ ਆਮ ਜਨਤਾ ਵੱਲੋਂ ਵੀ ਸ਼ਲਾਘਾ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਾਡੇ ਵੱਲੋਂ ਕੀਤੇ ਵਾਅਦਿਆਂ ’ਤੇ ਖਰਾ ਉਤਰਣ ਦੀ ਯੋਗਤਾ ’ਤੇ ਭਰੋਸਾ ਕਰਕੇ ਵੋਟਾਂ ਪਾਈਆਂ ਹਨ ਅਤੇ ਵੋਟਰਾਂ ਦੀਆਂ ਆਸਾਂ ’ਤੇ ਪੂਰਾ ਉਤਰਣ ਦੀ ਦਿਸ਼ਾ ਵੱਲ ਵੀ.ਆਈ. ਪੀ. ਕਲਚਰ ਖਤਮ ਕਰਨਾ ਬਹੁਤ ਛੋਟੀ ਜਿਹੀ ਪੁਲਾਂਘ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਲੀਡਰ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਵਿੱਚ ਇਹ ਦਲੇਰਾਨਾ ਕਦਮ ਚੁੱਕਣ ਦੇ ਸਮਰੱਥ ਹਨ ਜੋ ਵੀ.ਆਈ.ਪੀ. ਸੱਭਿਆਚਾਰ ਨੂੰ ਲੋਕਾਂ ਤੋਂ ਨਿਖੜਨ ਤੇ ਦੂਰ ਹੋਣ ਦੇ ਨਜ਼ਰੀਏ ਤੋਂ ਦੇਖਦੇ ਹਨ।
ਮੁੱਖ ਮੰਤਰੀ ਨੇ ਕਾਂਗਰਸੀ ਲੀਡਰਾਂ ਨੂੰ ਭਰੋਸਾ ਦਿਵਾਇਆ ਕਿ ਵੀ.ਆਈ.ਪੀ. ਸੱਭਿਆਚਾਰ ਦਾ ਤਿਆਗ ਕਰਨ ਨਾਲ ਉਨ੍ਹਾਂ ਦੇ ਮਾਣ-ਸਤਿਕਾਰ ਤੇ ਰੁਤਬੇ ਨੂੰ ਢਾਹ ਨਹੀਂ ਲੱਗੇਗੀ ਸਗੋਂ ਅਸਲ ਵਿੱਚ ਉਨ੍ਹਾਂ ਨੂੰ ਚੁਣਨ ਵਾਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਸਤਿਕਾਰ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਜੇਕਰ ਲਾਲ ਬੱਤੀ ਕਿਸੇ ਲੀਡਰ ਦਾ ਰੁਤਬਾ ਵਧਾਉਣ ਦੇ ਨਾਲ-ਨਾਲ ਮਕਬੂਲੀਅਤ ਨੂੰ ਯਕੀਨੀ ਬਣਾ ਸਕਦੀ ਹੋਵੇ ਤਾਂ ਕਿਸੇ ਵੀ ਸਰਕਾਰ ਦਾ ਸੰਸਦ ਮੈਂਬਰ ਜਾਂ ਵਿਧਾਇਕ ਕੋਈ ਚੋਣ ਨਹੀਂ ਹਾਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਸ਼ੱਕ ਲਾਲ ਬੱਤੀ ਪਿਛਾਂਹਖਿੱਚੂ ਚਿੰਨ੍ਹ ਹੈ ਜਿਸ ਦਾ ਸਾਡੇ ਅਗਾਂਹਵਧੂ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਜਿੱਥੇ ਕਿਸੇ ਨੇਤਾ ਦੀ ਪ੍ਰਸਿੱਧੀ ਦਾ ਮਾਪਦੰਡ ਲੋਕਾਂ ਤੱਕ ਪਹੁੰਚ ਤੋਂ ਮਾਪਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦ੍ਰਿੜਤਾ ਜ਼ਾਹਰ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਚੋਣ ਮਨੋਰਥ ਪੱਤਰ ਦੇ ਸਾਰੇ ਵਾਅਦਿਆਂ ਅਤੇ ਮੰਤਰੀ ਮੰਡਲ ਦੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹੋਰ ਚੁਣੇ ਨੁਮਾਇੰਦਿਆਂ ਨੂੰ ਪੰਜਾਬ ਦੇ ਸਕਾਰਤਮਕ ਬਦਲਾਅ ਲਈ ਸਰਕਾਰ ਦੇ ਯਤਨਾਂ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…