ਖੇਤੀਬਾੜੀ ਵਿਭਾਗ ਵੱਲੋਂ ਸੈਕਟਰ 70 ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਖੇਤੀਬਾੜੀ ਨੂੰ ਲਾਹੇਬੰਦ ਧੰਦਾ ਬਣਾਉਣ ਲਈ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ: ਬਲਬੀਰ ਸਿੱਧੂ

ਕਿਸਾਨਾਂ ਲਈ ਖੇਤੀ ਸੰਦਾਂ ਤੇ ਸਬਸਿਡੀ ਦੁਬਾਰਾ ਸ਼ੁਰੂ ਕਰਵਾਉਣ ਲਈ ਖੇਤੀਯੋਗ ਜ਼ਮੀਨ ਦਾ ਪੈਨਲ ਸੋਧ ਕੇ ਭੇਜਿਆ ਜਾਵੇਗਾ: ਡੀਸੀ ਸਪਰਾ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕੀਤੀ ਖੇਤਾਂ ਵਿੱਚ ਕਣਕ ਦੀ ਰਹਿੰਦ ਖੂੰਹਦ ਨਾ ਸੜਣ ਦੀ ਅਪੀਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਸਬੰਧੀ ਕਮਿਊਨਿਟੀ ਸੈਂਟਰ ਸੈਕਟਰ -70 ਐਸ.ਏ.ਐਸ ਨਗਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਖੇਤੀ ਮਾਹਰਾਂ ਦੀ ਟੀਮ ਅਤੇ ਉਚ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਅਤੇ ਖੇਤੀ ਵਿੱਚ ਆਈਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ।
ਕਿਸਾਨ ਮੇਲੇ ਵਿਚ ਭਾਗ ਲੈਣ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਖੇਤੀਬਾੜੀ ਨੂੰ ਲਾਹੇਬੰਦਾ ਧੰਦਾ ਬਣਾਉਣ ਲਈ ਮੌਜੂਦਾ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ । ਉਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਫਸਲਾਂ ਸਬੰਧੀ ਤਿਆਰ ਕੀਤੇ ਨਵੇਂ ਬੀਜਾਂ ਦੀ ਜਾਣਕਾਰੀ ਕਿਸਾਨਾਂ ਨੂੰ ਫਸਲ ਦੀ ਬੀਜਾਈ ਤੋਂ ਤਕਰੀਬਨ 3/4 ਮਹੀਨੇ ਪਹਿਲਾਂ ਦੇਣ ਨੂੰ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨ ਨਵੇ ਬੀਜ ਪ੍ਰਾਪਤ ਕਰਕੇ ਸਮੇਂ ਸਿਰ ਬਿਜਾਈ ਕਰ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਵੀ ਓ.ਟੀ.ਆਈ.ਐਸ ਤਹਿਤ ਮੁਆਫ ਕੀਤਾ ਜਾਵੇਗਾ ਕਿਸਾਨਾਂ ਦਾ ਕਰਜ਼ਾ ਮੂਲ ਰੂਪ ਵਿਚ ਘੱਟ ਹੈ ਅਤੇ ਵਿਆਜ ਦਰ ਨਾਲ ਰਕਮ ਵੱਧ ਬਣੀ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਜਰੂਰ ਅਪਣਾਏ ਜਾਣ ਅਤੇ ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਇਸ ਚ ਆਉਣ ਵਾਲੀ ਲਾਗਤ ਘਟਾਉਣ ਲਈ ਖੇਤੀ ਮਾਹਰਾਂ ਦੀ ਰਾਏ ਅਨੁਸਾਰ ਹੀ ਕੀਟ ਨਾਸ਼ਕ, ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਨ ਨੂੰ ਤਰਹੀਜ ਦੇਣ।
ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕੀਤਾ। ਉਨ੍ਹਾਂ ਨੇ ਕਿਸਾਨੀ ਨਾਲ ਸਬੰਧਤ ਵੱਖ ਵੱਖ ਅਦਾਰਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਅਤੇ ਪ੍ਰਦਰਸ਼ਨੀ ਦੇ ਸਟਾਲਾਂ ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਦੀ ਸਮੀਖਿਆ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਿਸਾਨ ਸਿਖਲਾਈ ਕੈਂਪ ਸ਼ਹਿਰ ਤੋਂ ਬਾਹਰ ਖੁਲ੍ਹੇ ਸਥਾਨ ਤੇ ਲਗਾਇਆ ਜਾਵੇਗਾ। ਜਿਥੇ ਕਿਸਾਨਾਂ ਨੂੰ ਖੇਤੀਬਾੜੀ ਲਈ ਵਰਤੀ ਜਾਣਵਾਲੀ ਮਸ਼ੀਨਰੀ ਸਬੰਧੀ ਦਿੱਤੀ ਜਾ ਰਹੀ ਜਾਣਕਾਰੀ ਅਮਲੀ ਰੂਪ ਵਿਚ ਵੀ ਮਸ਼ੀਨਰੀ ਚਲਾਕੇ ਦਿਖਾਈ ਜਾਇਆ ਕਰੇਗੀ। ਉਨ੍ਹਾਂ ਸੈਲਫ ਹੈਲਪ ਗਰੁੱਪ ਦੇ ਸਟਾਲ ਦਾ ਮੁਆਇਨਾ ਕੀਤਾ ਅਤੇ ਸਲੈਫ ਹੈਲਪ ਗਰੁੱਪ ਨੂੰ ਮਾਰਕੀਟਿੰਗ ਦੀ ਆ ਰਹੀ ਸਮੱਸਿਆ ਬਾਰੇ ਜਾਣਕਾਰੀ ਹਾਸਲ ਕਰਨ ਉਪਰੰਤ ਇਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਖੇਤੀਬਾੜੀ ਵਿਭਾਗ ਦੇ ਜਿਲਾ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗੋ ਕਿਸਾਨ ਸਿਖਲਾਈ ਕੈਂਪ ਵਿਚ ਸੈਲਫ ਹੈਲਪ ਗਰੁੱਪ ਦੀਆਂ ਤਿਆਰ ਕੀਤੀਆਂ ਵਸਤਾਂ ਜਿਆਦਾ ਗਿਣਤੀ ਵਿਚ ਅਤੇ ਵੱਡੇ ਸਟਾਲ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਖੇਤੀ ਕਰਨ ਸਬੰਧੀ ਆਪਣੇ ਤਜਰਬੇ ਬਾਰੇ ਆਪਣੇ ਨੜਲੇ ਖੇਤੀਬਾੜੀ ਦਫਤਰ ਵਿਖੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਭੇਜਣ ਤਾਂ ਜੋ ਉਨ੍ਹਾਂ ਤੇ ਵਿਚਾਰ ਕਰਕੇ ਖੇਤੀਬਾੜੀ ਨੂੰ ਲਾਹੇਬੰਦ ਧੰਦਾ ਬਣਾਉਣ ਲਈ ਅਮਲ ਵਿਚ ਲਿਆਉਂਦਾ ਜਾ ਸਕੇ। ਕਿਸਾਨਾਂ ਵੱਲੋਂ ਜਿਲ੍ਹੇ ਵਿਚ ਖੇਤੀ ਸੰਦਾਂ ਤੇ ਬੰਦ ਕੀਤੀ ਸਬਬਿਡੀ ਨੂੰ ਮੁੜ ਚਾਲੂ ਕਰਨ ਬਾਰੇ ਕੀਤੀ ਮੰਗ ਤੇ ਸ੍ਰੀਮਤੀ ਸਪਰਾ ਨੇ ਕਿਹਾ ਕਿ ਜਿਲ੍ਹੇ ਦੀ ਖੇਤੀਬਾੜੀ ਯੋਗ ਜ਼ਮੀਨ ਦਾ ਪੈਨਲ ਸੋਧਕੇ ਤਹਿਸੀਲ ਪੱਧਰ ਤੇ ਤਿਆਰ ਕੀਤਾ ਜਾਵੇਗਾ ਤਾਂ ਜੋ ਪੂਰੇ ਜਿਲ੍ਹੇ ਦੇ ਕਿਸਾਨਾਂ ਦਾ ਖੇਤੀ ਸੰਦਾਂ ਤੇ ਮਿਲਣ ਵਾਲੀ ਸਬਸਿਡੀ ਪੱਖੋਂ ਨੁਕਸਾਨ ਨਾ ਹੋਵੇ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸਵੱਛਤਾ ਨੂੰ ਧਿਆਨ ਵਿਚ ਰੱਖਦੇ ਹੋਏ ਕਣਕ ਦੀ ਰਹਿੰਦ ਖੂੰਹਦ ਨੂੰ ਨਾ ਸਾੜਿਆਂ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਸਾਉਣੀ ਦੌਰਾਨ ਜਿਲ੍ਹੇ ਵਿਚ ਝੋਨੇ ਅਧੀਨ 25 ਹਜ਼ਾਰ ਹੈਕਟੇਅਰ ਅਤੇ ਮੱਕੀ ਅਧੀਨ 12 ਹਜ਼ਾਰ ਹੈਕਟੇਅਰ ਰਕਬੇ ਦੀ ਬਿਜਾਈ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਬਿਨ੍ਹਾਂ ਕੱਦੂ ਕੀਤੇ ਝੋਨੇ ਦੀ ਸਿਧੀ ਬਿਜਾਈ 1100 ਹੈਕਟੇਅਰ ਰਕਬੇ ਵਿਚ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਕਣਕ ਦੇ ਨਾੜ ਨੂੰ ਸਾੜੇ ਬਿਨ੍ਹਾਂ ਝੋਨੇ ਦੀ ਬਿਜਾਈ ਕਰਨ ਲਈ ਪਿੰਡ ਪੱਧਰ ਤੇ ਪਹੁੰਚ ਕਰਕੇ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਆਂ ਵਿਕਸਤ ਤਕਨੀਕਾਂ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣ ਲਈ 9 ਇੰਟਰ ਸਟੇਟ, 18 ਜ਼ਿਲ੍ਹੇ ਤੋਂ ਬਾਹਰ ਅਤੇ 27 ਜਿਲ੍ਹੇ ਦੇ ਅੰਦਰ ਟ੍ਰੇਨਿੰਗਾਂ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਖੇਤੀ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਜਿਲ੍ਹਾ ਪੱਧਰ ਦੀਆਂ 2 ਅਤੇ ਬਲਾਕ ਪੱਧਰ ਦੀਆਂ 6 ਖੇਤੀ ਸਾਇੰਸਦਾਨ ਅਤੇ ਕਿਸਾਨ ਗੋਸਟੀਆਂ ਕਰਵਾਉਣ ਦਾ ਟੀਚਾ ਹੈ ਜਿਥੇ ਕਿਸਾਨ ਖੇਤੀ ਸਮੱਸਿਆਵਾਂ ਸਬੰਧੀ ਮਾਹਿਰਾਂ/ਸਾਇੰਸਦਾਨਾਂ ਨਾਲ ਸਿੱਧੀ ਗੱਲਬਾਤ ਕਰ ਸਕਣਗੇ।
ਇਸ ਮੌਕੇ ਇੰਜਨੀਅਰ ਮਨਮੋਹਨ ਕਾਲੀਆ, ਡਿਪਟੀ ਡਾਇਰੈਕਟਰ ਹਰਜਿੰਦਰ ਸਿੰਘ, ਬਾਗਬਾਨੀ ਵਿਭਾਗ ਤੋਂ ਡਾ. ਮੁਨੀਸ਼ ਸ਼ਰਮਾ, ਡਾ. ਸੰਜੀਵ ਅਹੂਜਾ, ਪਸ਼ੂ ਪਾਲਣ ਵਿਭਾਗ, ਤੋਂ ਡਾ. ਰਣਧੀਰ ਸਿੰਘ, ਐਗਰੋ ਫੋਰੈਸਟਰੀ ਤੋਂ ਡਾ. ਅੰਕੁਰਦੀਪ ਪ੍ਰੀਤੀ ਮਾਹਿਰਾਂ ਨੇ ਕਿਸਾਨ ਨੂੰ ਕੀੜੇਮਾਰ ਦਵਾਈਆਂ, ਖਾਦਾਂ ਅਤੇ ਬੀਜਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਕਿਸਾਨ ਆਗੂ ਬਲਵੰਤ ਸਿੰਘ ਨਡਿਆਲੀ, ਕਿਸਾਨ ਨਛੱਤਰ ਸਿੰਘ ਬੈਦਵਾਣ, ਜੋਰਾ ਸਿੰਘ ਭੁੱਲਰ ਨੇ ਵੀ ਖੇਤੀ ਸਬੰਧੀ ਆਪਣੇ ਤਜਰਬਿਆਂ ਤੋਂ ਕਿਸਾਨ ਨੂੰ ਜਾਣੂ ਕਰਵਾਇਆ। ਇਸ ਮੌਕੇ ਐਮ.ਐਲ.ਏ ਮੋਹਾਲੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਮੱਛਲੀ ਕਲਾਂ, ਚਮਨ ਲਾਲ, ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…