ਰਿਲਾਇੰਸ ਵੱਲੋਂ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿੱਚ ਵਾਈ-ਫਾਈ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ: ਅੰਬਾਨੀ

ਟੋਕੀਓ ਓਲੰਪਿਕ ਲਈ ਖਿਡਾਰੀਆਂ ਨੂੰ ਸਿਖਲਾਈ ਵੀ ਪ੍ਰਦਾਨ ਕਰੇਗਾ ਰਿਲਾਇੰਸ

ਸੂਬੇ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਤੇ ਵਿਕਾਸ ਪ੍ਰਾਜੈਕਟਾਂ ਲਈ ਹਿੰਦੂਜਾ ਤੇ ਐਲਐਂਡਟੀ ਕੰਪਨੀਆਂ ਸੰਭਾਵਨਾਵਾਂ ਤਲਾਸ਼ਣ ਲਈ ਰਾਜ਼ੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁੰਬਈ, 11 ਅਪਰੈਲ:
ਰਿਲਾਇੰਸ ਇੰਡਸਟਰੀਜ਼ ਲਿਮਟਡ (ਆਰ.ਆਈ.ਐਲ.) ਦੇ ਚੇਅਰਮੈਨ ਤੇ ਐਮ.ਡੀ ਮੁਕੇਸ਼ ਅੰਬਾਨੀ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਦਾ ਵਾਅਦਾ ਕਰਦਿਆਂ ਪੰਜਾਬ ਭਰ ਵਿੱਚ ਸਰਕਾਰੀ ਵਿਦਿਅਕ ਤੇ ਸਿਹਤ ਸੰਸਥਾਵਾਂ ਵਿੱਚ ਵਾਈ-ਫਾਈ ਦੀ ਮੁਫਤ ਸਹੂਲਤ ਮੁਹੱਈਆ ਕਰਵਾਉਣ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਟੋਕਿਓ ਓਲੰਪਿਕ ਲਈ ਪੰਜਾਬੀ ਖਿਡਾਰੀਆਂ ਨੂੰ ਮੁਫਤ ਸਿਖਲਾਈ ਦੇਣ ਲਈ ਹਾਮੀ ਭਰੀ ਹੈ। ਸ੍ਰੀ ਅੰਬਾਨੀ ਨੇ ਪੰਜਾਬ ਸਰਕਾਰ ਦੇ ਇਕ ਵਫ਼ਦ ਨਾਲ ਮੀਟਿੰਗ ਦੌਰਾਨ ਸੂਬਾ ਸਰਕਾਰ ਨੂੰ ਇਹ ਪੇਸ਼ਕਸ਼ ਕੀਤੀ। ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੰਚਾਈ ਮੰਤਰੀ ਸ੍ਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਮੰਗਲਵਾਰ ਦੀ ਦੁਪਹਿਰ ਨੂੰ ਉਦਯੋਗਪਤੀਆਂ ਨਾਲ ਸ਼ੁਰੂ ਕੀਤੀ ਮੀਟਿੰਗ ਦੀ ਲੜੀ ਤਹਿਤ ਸ੍ਰੀ ਅੰਬਾਨੀ, ਹਿੰਦੂਜਾ ਗਰੁੱਪ ਦੇ ਡਾਇਰੈਕਟਰ ਸ੍ਰੀ ਸ਼ੋਮ ਅਸ਼ੋਕ ਹਿੰਦੂਜਾ ਅਤੇ ਲਾਰਸਨ ਐਂਡ ਟਰਬੋ ਦੇ ਡਾਇਰੈਕਟਰ ਤੇ ਕਾਰਜਕਾਰੀ ਉਪ ਪ੍ਰਧਾਨ (ਪਾਵਰ ਐਂਡ ਹੈਵੀ ਇੰਜਨੀਅਰਿੰਗ ਐਂਡ ਡਿਫੈਂਸ) ਸ੍ਰੀ ਸ਼ੈਲੇਦਰਾ ਐਨ. ਰਾਏ ਦੇ ਨਾਲ ਮੀਟਿੰਗਾਂ ਕੀਤੀਆਂ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਦੱਸਿਆ ਕਿ ਇਨ੍ਹਾਂ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਨਹੀਂ ਹੋ ਸਕੇ ਕਿਉਂਕਿ ਦੁਪਹਿਰ ਮੌਕੇ ਉਨ੍ਹਾਂ ਦੇ ਪੈਰ ਵਿੱਚ ਮੁੜ ਤਕਲੀਫ ਹੋਣ ਨਾਲ ਉਹ ਠੀਕ ਨਹੀਂ ਸਨ। ਸ੍ਰੀ ਠੁਕਰਾਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਪੈਰ ’ਤੇ ਸੱਟ ਲੱਗ ਗਈ ਸੀ ਜਿਸ ਨਾਲ ਉਨ੍ਹਾਂ ਨੂੰ ਅੱਜ ਮੁੜ ਤਕਲੀਫ ਹੋਈ। ਡਾਕਟਰਾਂ ਨੇ ਉਨ੍ਹਾਂ ਨੂੰ ਪੈਰ ਨੂੰ ਆਰਾਮ ਦੇਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਸੂਬੇ ਵਿੱਚ ਨਿਵੇਸ਼ ਦੇ ਸਬੰਧ ਵਿੱਚ ਉੱਘੇ ਉਦਯੋਗਪਤੀਆਂ ਨਾਲ ਮਹੱਤਵਪੂਰਨ ਮੀਟਿੰਗਾਂ ਕਰਕੇ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਮੀਟਿੰਗ ਵਿੱਚ ਰਿਲਾਇੰਸ ਏ.ਡੀ.ਏ.ਜੀ. ਦੇ ਚੇਅਰਮੈਨ ਸ੍ਰੀ ਅਨਿਲ ਅੰਬਾਨੀ, ਆਰ.ਪੀ.ਜੀ. ਗਰੁੱਪ ਦੇ ਚੇਅਰਮੈਨ ਸ੍ਰੀ ਹਰਸ਼ ਗੋਇਨਕਾ, ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਸ੍ਰੀ ਆਨੰਦ ਮਹਿੰਦਰਾ ਅਤੇ ਹਿੰਦੁਸਤਾਨ ਯੂਨੀਲਿਵਰ ਦੇ ਸੀ.ਈ.ਓ. ਅਤੇ ਐਮ.ਡੀ. ਸ੍ਰੀ ਸੰਜੀਵ ਮਹਿਤਾ ਸ਼ਾਮਲ ਸਨ।
ਅੱਜ ਦੁਪਹਿਰ ਸੂਬੇ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਆਰ.ਆਈ.ਐਲ. ਦੇ ਚੇਅਰਮੈਨ ਨੇ ਕਿਸਾਨਾਂ ਦੀ ਆਮਦਨ ਵਧਾਉਣ ਤੋਂ ਇਲਾਵਾ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਦਮ ਚੁੱਕੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਸੂਬਾ ਸਰਕਾਰ ਦੀ ਅਪੀਲ ’ਤੇ ਸ੍ਰੀ ਅੰਬਾਨੀ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਸਿਹਤ ਸੰਸਥਾਵਾਂ ਵਿੱਚ ਮੁਫਤ ਵਾਈ.ਫਾਈ. ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਹਿਮਤ ਹੋ ਗਏ ਹਨ। ਮੀਟਿੰਗ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਵੇਂ ਧਿਰਾਂ ਸੂਬੇ ਵਿੱਚ ਬਾਇਓਮਾਸ ਊਰਜਾ ਦੇ ਵਿਕਾਸ ਲਈ ਉੱਦਮ ਕਰਨ ਵਾਸਤੇ ਸਹਿਮਤ ਹੋ ਗਈਆਂ ਹਨ। ਇਸ ਤੋਂ ਇਲਾਵਾ ਖੇਡਾਂ ਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਦੋਵਾਂ ਧਿਰਾਂ ਨੇ ਸਹਿਮਤੀ ਪ੍ਰਗਟਾਈ। ਆਈ.ਆਈ.ਐਲ. ਨੇ ਟੋਕਿਓ ਓਲੰਪਿਕ ਲਈ ਪੰਜਾਬ ਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਸਤੇ ਅਪਨਾਉਣ ਦੀ ਪੇਸ਼ਕਸ਼ ਕੀਤੀ। ਆਰ.ਆਈ.ਐਲ. ਵੱਲੋਂ ਖੇਤੀਬਾੜੀ ਉਤਪਾਦਨ ਨੂੰ ਹੁਲਾਰਾ ਦੇਣ ਲਈ ‘ਫਾਰਮ ਟੂ ਫੌਰਕ’ ਪ੍ਰਾਜੈਕਟ ਨੂੰ ਮੁੜ ਸੁਰਜੀਤ ਕਰਨ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਲਈ ਸਹਿਯੋਗ ਕੀਤਾ ਜਾਵੇਗਾ।
ਇਸੇ ਦੌਰਾਨ ਐਲ.ਐਂਡ.ਟੀ. ਦੇ ਡਾਇਰੈਕਟਰ ਤੇ ਕਾਰਜਕਾਰੀ ਉਪ ਪ੍ਰਧਾਨ ਸ੍ਰੀ ਸ਼ੈਲੇਦਰ ਐਨ. ਰਾਏ ਨੇ ਪੰਜਾਬ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਖਾਸ ਕਰਕੇ ਬੁਨਿਆਦੀ ਢਾਂਚੇ ਪ੍ਰਾਜੈਕਟਾਂ ਵਿੱਚ ਨਿਵੇਸ਼ ਲਈ ਕੰਪਨੀ ਦੀ ਇੱਛਾ ਜ਼ਾਹਰ ਕੀਤੀ। ਵਫ਼ਦ ਨੇ ਸੂਬਾ ਸਰਕਾਰ ਵੱਲੋਂ ਕੰਪਨੀ ਦੇ ਪੰਜਾਬ ਵਿੱਚ ਚੱਲ ਰਹੇ ਪ੍ਰਾਜੈਕਟਾਂ ਅਤੇ ਭਵਿੱਖ ਵਿੱਚ ਚੱਲਣ ਵਾਲੇ ਪ੍ਰਾਜੈਕਟਾਂ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਵਫ਼ਦ ਨਾਲ ਮੀਟਿੰਗ ਦੌਰਾਨ ਸ੍ਰੀ ਹਿੰਦੂਜਾ ਨੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਮੁੜ ਨਵਿਆਉਣਯੋਗ ਊਰਜਾ ਵਿਕਾਸ ਲਈ ਦਿਲਚਸਪੀ ਵਿਖਾਈ। ਵਿੱਤ ਮੰਤਰੀ ਨੇ ਪੰਜਾਬ ਵਿੱਚ ਹਿੰਦੂਜਾ ਨੂੰ ਟਰੱਕਾਂ ਦਾ ਉਤਪਾਦਨ ਕਰਨ ਦੀ ਅਪੀਲ ਕੀਤੀ। ਕੰਪਨੀ ਨੇ ਕਿਹਾ ਉਹ ਰੱਖਿਆ ਨਾਲ ਸਬੰਧਤ ਗੱਡੀਆਂ ਵਿੱਚ ਵਿਭਿੰਨਤਾ ਲਿਆਉਣ ਲਈ ਵਿਚਾਰ ਕਰ ਰਹੀ ਹੈ ਅਤੇ ਉਸ ਨੇ ਪੰਜਾਬ ਵਿੱਚ ਅਜਿਹਾ ਕੇਂਦਰ ਸਥਾਪਤ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਦਾ ਵਾਅਦਾ ਕੀਤਾ ਹੈ। ਵਿੱਤ ਮੰਤਰੀ ਨੇ ਟਰੈਕਟਰਾਂ ਤੇ ਹੋਰ ਗੱਡੀਆਂ ਦੇ ਡੀਜ਼ਲ ਦੀ ਖਪਤ ਵਿੱਚ ਸੁਧਾਰ ਲਿਆਉਣ ਲਈ ਕੰਪਨੀ ਨੂੰ ਅਪੀਲ ਕੀਤੀ ਤਾਂ ਜੋ ਕਿਸਾਨਾਂ ਦੇ ਖਰਚੇ ਘਟ ਸਕਣ।
ਸ਼ਾਮ ਨੂੰ ਹੋਏ ਗੋਲਮੇਜ਼ ਵਿਚਾਰ-ਵਟਾਂਦਰੇ ਦੌਰਾਨ ਉੱਘੇ ਉਦਯੋਗਪਤੀਆਂ ਨੇ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਨਾਵਾਂ ਲੱਭਣ ਬਾਰੇ ਚਰਚਾ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਐਚ.ਡੀ.ਐਫ.ਸੀ. ਬੈਂਕ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਅਦਿੱਤਿਆ ਪੁਰੀ, ਬੰਬੇ ਡਾਇੰਗ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਨੈਸ ਵਾਡੀਆ, ਜਾਨਸੀਨ ਇੰਡੀਆ (ਜੇ ਐਂਡ ਜੇ) ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਸੰਜੀਵ ਨਵਨਗੁਲ, ਐਮ.ਐਸ.ਡੀ. ਫਾਰਮਾਸਿਉਟੀਕਲ ਪ੍ਰਾਈਵੇਟ ਲਿਮਟਡ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਵਿਵੇਕ ਕੇ ਕਾਮਥ, ਵੀਡੀਓਕੋਨ ਦੇ ਡਾਇਰੈਕਟਰ ਸ੍ਰੀ ਅਨਿਰੁਧ ਧੂਤ, ਮੁਬੰਈ ਐਂਗਲਜ਼ ਦੇ ਸੀ.ਈ.ਓ. ਚਾਂਦਨੀ ਜਾਫਰੀ, ਕਨਸਈ ਨੈਰੋਲੈਂਕ ਪੇਂਟਜ਼ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਐਚ.ਐਮ. ਭਰੁਕਾ ਅਤੇ ਮਾਇਆ ਡਿਜੀਟਲ ਸਟੂਡੀਓ ਦੇ ਸਹਿ-ਬਾਨੀ ਸ੍ਰੀ ਕੇਤਨ ਮਹਿਤਾ ਤੇ ਦੀਪਾ ਸਾਹੀ, ਜੈਨ ਇਰੀਗੇਸ਼ਨ ਦੇ ਸ੍ਰੀ ਅਨਿਲ ਜੈਨ ਅਤੇ ਅਡਾਨੀ ਗਰੁੱਪ ਦੇ ਸ੍ਰੀ ਪ੍ਰਣਵ ਅਡਾਨੀ ਸ਼ਾਮਲ ਸਨ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੰਬਈ ਦੌਰੇ ਨੂੰ ਪੂਰੀ ਤਰ੍ਹਾਂ ਸਫਲ ਦੱਸਿਆ। ਉਨ੍ਹਾਂ ਕਿਹਾ ਕਿ ਮੁਲਕ ਦੇ ਵੱਡੇ ਕਾਰੋਬਾਰੀਆਂ ਨੇ ਸੂਬੇ ਦੇ ਬਦਲੇ ਹੋਏ ਸਿਆਸੀ ਤੇ ਸਨਅਤੀ ਮਾਹੌਲ ਦੇ ਕਾਰਨ ਨਿਵੇਸ਼ ਕਰਨ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਦੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ ਜੋ ਕਿ ਪੰਜਾਬ ਦੀ ਪ੍ਰਗਤੀ ਤੇ ਇਸ ਖੇਤੀਬਾੜੀ ਬੁਨਿਆਦੀ ਢਾਂਚੇ ਲਈ ਬਹੁਤ ਅਹਿਮ ਹੈ। ਇਕ ਸੁਆਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ, ਸਿਹਤ ਤੇ ਸਿੱਖਿਆ ਦਾ ਵਿਕਾਸ ਸੂਬਾ ਸਰਕਾਰ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਨਵੀਂ ਸਨਅਤੀ ਨੀਤੀ ਸੂਬੇ ਵਿੱਚ ਸਨਅਤ ਤੇ ਵਪਾਰ ਦੇ ਨਿਵੇਸ਼ ਲਈ ਰਾਹ ਸੁਖਾਲਾ ਬਣਾਏਗੀ ਕਿਉਂ ਜੋ ਪਿਛਲੀ ਸਰਕਾਰ ਦੇ ਕੁਸ਼ਾਸਨ ਦੇ ਨਤੀਜੇ ਵਜੋਂ ਸੂਬੇ ਦੀ ਵਿੱਤ ਸਿਹਤ ਡਾਵਾਂਡੋਲ ਹੋ ਗਈ ਸੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…