ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਅਮਿਤ ਸ਼ਰਮਾ ’ਤੇ ਧਮਕੀਆਂ ਦੇਣ ਤੇ ਜਬਰੀ ਵਸੂਲੀ ਦੇ ਕੇਸ ਹੇਠ ਕੇਸ ਦਰਜ

ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਨੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਅਪਰੈਲ:
ਸ਼ਿਵ ਸੈਨਾ ਹਿੰਦੁਸਤਾਨ ਦੀ ਟਿਕਟ ’ਤੇ ਮੁਹਾਲੀ ਵਿਧਾਨ ਸਭਾ ਹਲਕੇ ਦੀ ਚੋਣ ਲੜਣ ਵਾਲੇ ਉਮੀਦਵਾਰ ਅਮਿਤ ਸ਼ਰਮਾ ਦੇ ਖਿਲਾਫ ਖਰੜ ਪੁਲੀਸ ਵੱਲੋਂ ਛੱਜੂ ਮਾਜਰਾ ਕਲੋਨੀ ਖਰੜ ਦੇ ਇੱਕ ਵਸਨੀਕ ਤਰਸੇਮ ਸਿੰਘ ਦੀ ਸ਼ਿਕਾਇਤ ਤੇ ਉਸ ਨੂੰ ਕਬੂਤਰਬਾਜੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਹਰ ਮਹੀਨੇ 40 ਤੋਂ 50 ਹਜ਼ਾਰ ਰੁਪਏ ਮੰਗਣ ਅਤੇ ਉਸ ਨੂੰ ਰਾਹ ਵਿੱਚ ਰੋਕ ਕੇ ਉਸ ਤੋਂ 8700 ਰੁਪਏ ਖੋਹਣ ਸਬੰਧੀ ਆਈਪੀਸੀ ਦੀ ਧਾਰਾ 341,384 ਅਤੇ 388 ਅਧੀਨ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਸ੍ਰੀ ਅਮਿਤ ਸ਼ਰਮਾ ਨੇ ਖੁਦ ਨੂੰ ਬੇਕਸੂਰ ਦੱਸਦਿਆ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਉਸ ਦੇ ਸਿਆਸੀ ਵਿਰੋਧੀਆਂ ਦੀ ਸ਼ਹਿ ਤੇ ਨਿੱਜੀ ਰੰਜਿਸ਼ ਦੇ ਮਾਮਲੇ ਨੂੰ ਲੁਟ ਖੋਹ ਵਿੱਚ ਤਬਦੀਲ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਸ਼ਿਕਾਇਤਕਰਤਾ ਸ੍ਰੀ ਤਰਸੇਮ ਸਿੰਘ ਵੱਲੋਂ ਬੀਤੀ 16 ਫਰਵਰੀ ਨੂੰ ਜ਼ਿਲ੍ਹਾ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਅਮਿਤ ਸ਼ਰਮਾ ਵੱਲੋੱ ਉਸਨੂੰ ਕਬੂਤਰਬਾਜੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 40 ਤੋਂ 50 ਹਜਾਰ ਰੁਪਏ ਮਹੀਨਾ ਦੇਣ ਦੀ ਮੰਗ ਕਰਨ ਅਤੇ 14 ਫਰਵਰੀ ਨੂੰ ਰਾਹ ਜਾਂਦੇ ਰੋਕ ਕੇ ਉਸ ਤੋਂ 8750 ਰੁਪਏ ਖੋਹਣ ਦੀ ਸ਼ਿਕਾਇਤ ਕੀਤੀ ਸੀ। ਤਰਸੇਮ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਛੱਜੂਮਾਜਰਾ ਕਾਲੋਨੀ ਮੁੰਡੀ ਖਰੜ ਦਾ ਵਸਨੀਕ ਹੈ ਅਤੇ ਅਮਿਤ ਸ਼ਰਮਾ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਉਸ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਜੇਕਰ ਉਸਨੇ (ਤਰਸੇਮ ਨੇ) ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਨਾ ਹੈ ਤਾਂ ਉਸਨੂੰ (ਅਮਿਤ ਸ਼ਰਮਾ ਨੂੰ) ਹਰ ਮਹੀਨੇ 40 ਤੋਂ 50 ਹਜਾਰ ਰੁਪਏ ਦੇਣੇ ਪੈਣਗੇ। ਸ਼ਿਕਾਇਤਕਰਤਾ ਅਨੁਸਾਰ ਅਮਿਤ ਸ਼ਰਮਾ ਵੱਲੋਂ ਉਸ ਨੂੰ ਧਮਕਾਇਆ ਜਾਂਦਾ ਸੀ ਕਿ ਉਸ ਦੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਦੋਸਤੀ ਹੈ ਅਤੇ ਉਹ ਚਾਹੇ ਤਾਂ ਸ਼ਿਕਾਇਤਕਰਤਾ ਨੂੰ ਕਬੂਤਰਬਾਜੀ ਦੇ ਕੇਸ ਵਿੱਚ ਅੰਦਰ ਕਰਵਾ ਸਕਦਾ ਹੈ।
ਸ਼ਿਕਾਇਤਕਰਤਾ ਅਨੁਸਾਰ ਬੀਤੀ 14 ਫਰਵਰੀ ਦੀ ਰਾਤ ਨੂੰ 7.30 ਵਜੇ ਦੇ ਕਰੀਬ ਅਮਿਤ ਸ਼ਰਮਾ ਨੇ ਰਾਹ ਜਾਂਦਿਆਂ ਉਸ ਦੀ ਗੱਡੀ ਅੱਗੇ ਆਪਣੀ ਗੱਡੀ ਲਾ ਕੇ ਰਾਹ ਰੋਕ ਲਿਆ ਅਤੇ ਕਹਿਣ ਲੱਗਾ ਕਿ ਹੁਣ ਤੂੰ ਭੱਜ ਨਹੀਂ ਸਕਦਾ ਅਤੇ 15 ਮਿਨਟ ਵਿੱਚ ਉਸਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਵੇਗਾ। ਸ਼ਿਕਾਇਤਕਰਤਾ ਅਨੁਸਾਰ ਅਮਿਤ ਸ਼ਰਮਾ ਨੇ ਉਸ ਨੂੰ ਕਿਹਾ ਕਿ ਜਿੰਨੇ ਪੈਸੇ ਉਸ ਕੋਲ ਹਨ ਉਹ ਅਮਿਤ ਸ਼ਰਮਾ ਦੇ ਹਵਾਲੇ ਕਰ ਦੇਵੇ ਅਤੇ ਉਸਦੇ 8700 ਰੁਪਏ ਖੋਹ ਲਏ।
ਪ੍ਰਾਪਤ ਜਾਣਕਾਰੀ ਅਨੁਸਾਰ ਐਸ਼ਐਸ਼ਪੀ ਵੱਲੋਂ ਉਕਤ ਸ਼ਿਕਾਇਤ ਦੀ ਜਾਂਚ ਲਈ ਐਸਐਚਓ ਖਰੜ ਦੀ ਡਿਊਟੀ ਲਗਾਈ ਸੀ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਰਸੇਮ ਸਿੰਘ 2008 ਤੋਂ 2016 ਤੱਕ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਸੀ ਅਤੇ ਅਮਿਤ ਸ਼ਰਮਾ ਵੱਲੋੱ ਖੁਦ ਦੀ ਉਚ ਅਧਿਕਾਰੀਆਂ ਨਾਲ ਦੋਸਤੀ ਦੱਸ ਕੇ ਸ਼ਿਕਾਇਤਕਰਤਾ ਤੇ ਦਬਾਅ ਪਾਇਆ ਗਿਆ ਸੀ ਕਿ ਉਹ ਅਮਿਤ ਸ਼ਰਮਾ ਨੂੰ 40-50 ਹਜ਼ਾਰ ਰੁਪਏ ਮਹੀਨਾ ਅਦਾ ਕਰਿਆ ਕਰੇ। ਜਾਂਚ ਅਧਿਕਾਰੀ ਦੀ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਵੱਲੋਂ 14 ਫਰਵਰੀ ਦੀ ਰਾਤ ਨੂੰ ਅਮਿਤ ਸ਼ਰਮਾ ਵੱਲੋਂ ਉਸ ਨੂੰ ਰਾਹ ਵਿੱਚ ਘੇਰ ਕੇ ਧਮਕਾਉਣ ਅਤੇ ਉਸ ਤੋਂ 8700 ਰੁਪਏ ਖੋਹਣ ਸਬੰਧੀ ਸ਼ਿਕਾਇਤ ਜਾਇਜ਼ ਪਾਈ ਗਈ ਸੀ।
ਐਸਐਚਉ ਦੀ ਜਾਂਚ ਰਿਪੋਰਟ ’ਤੇ ਖਰੜ ਦੇ ਡੀਐਸਪੀ ਵੱਲੋਂ ਸਹਿਮਤੀ ਜਾਹਿਰ ਕੀਤੀ ਗਈ ਸੀ ਜਿਸ ਤੋੱ ਬਾਅਦ ਇਹ ਮਾਮਲਾ ਜਿਲ੍ਹਾ ਅਟਾਰਨੀ (ਡੀਏ ਲੀਗਲ) ਕੋਲ ਗਿਆ ਸੀ ਅਤੇ ਡੀਏ ਲੀਗਲ ਦੀ ਸਿਫਾਰਿਸ਼ ਤੇ ਖਰੜ ਪੁਲੀਸ ਵਲੋੱ ਅਮਿਤ ਸ਼ਰਮਾ ਦੇ ਖਿਲਾਫ ਤਰਮੇਸ ਸਿੰਘ ਨੂੰ ਧਮਕਾਉਣ ਅਤੇ ਉਸਤੋੱ ਜਬਰੀ ਵਸੂਲੀ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।
ਉਧਰ, ਦੂਜੇ ਪਾਸੇ ਸ੍ਰੀ ਅਮਿਤ ਸ਼ਰਮਾ ਨੇ ਖ਼ੁਦ ਨੂੰ ਬੇਕੂਸਰ ਦੱਸਦਿਆਂ ਕਿਹਾ ਕਿ ਉਸ ਨੂੰ ਸਿਆਸੀ ਸਾਜ਼ਿਸ਼ ਤਹਿਤ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਰਾਤ (14 ਫਰਵਰੀ) ਨੂੰ ਉਸ ਉਪਰ ਤਰਸੇਮ ਸਿੰਘ ਨੂੰ ਰਾਹ ਵਿੱਚ ਰੋਕ ਕੇ ਪੈਸੇ ਖੋਹਣ ਦਾ ਇਲਜਾਮ ਲਗਾਇਆ ਗਿਆ ਹੈ। ਉਸ ਰਾਤ ਤਰਸੇਮ ਸਿੰਘ ਸਵਾ ਸੱਤ ਵਜੇ ਤੋਂ 8 ਵਜੇ ਤੱਕ ਖ਼ੁਦ ਉਨ੍ਹਾਂ ਦੇ ਦਫ਼ਤਰ ਵਿੱਚ ਬੈਠਾ ਸੀ। ਜਿਸ ਦੀ ਸੀਸੀਟੀਵੀ ਫੁਟੇਜ ਦੀ ਸੀਡੀ ਉਨ੍ਹਾਂ ਵੱਲੋਂ ਖਰੜ ਦੇ ਐਸਐਚਓ ਨੂੰ ਦਿੱਤੀ ਗਈ ਸੀ ਪ੍ਰੰਤੂ ਇਹ ਸੀਡੀ ਐਸਐਸਪੀ ਤੱਕ ਪੁੱਜਦੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਪਹਿਲਾਂ ਵੀ ਪੁਲੀਸ ਵੱਲੋਂ ਝੂਠੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਕਿਉਂਕਿ ਉਹ ਆਮ ਲੋਕਾਂ ਦੇ ਹੱਕਾਂ ਲਈ ਲੜਦੇ ਹਨ ਪ੍ਰੰਤੂ ਬਾਅਦ ਵਿੱਚ ਅਦਾਲਤ ਵਿੱਚ ਉਹ ਬੇਦਾਗ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ’ਤੇ ਪੁਰਾ ਭਰੋਸਾ ਹੈ ਅਤੇ ਇਸ ਵਾਰ ਵੀ ਉਹ ਅਦਾਲਤ ਤੋਂ ਬੇਦਾਗ ਹੋ ਕੇ ਨਿਕਲਣਗੇ। ਜਾਂਚ ਅਧਿਕਾਰੀ ਏਐਸਆਈ ਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਅਮਿਤ ਸ਼ਰਮਾ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…