ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ ਦੀ ਪਲੇਠੀ ਮਿੰਨੀ ਕਹਾਣੀ ਸੰਗ੍ਰਹਿ ‘ਹਲਫ਼ਨਾਮਾ’ ਰਿਲੀਜ਼

ਜ਼ਿਲ੍ਹਾ ਮੁਹਾਲੀ ਦੇ ਵੱਡੀ ਗਿਣਤੀ ’ਚ ਪੱਤਰਕਾਰਾਂ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਲੁਆਈ ਭਰਵੀਂ ਹਾਜ਼ਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਕੇਵਲ ਸਿੰਘ ਰਾਣਾ ਦੇ ਮਿੰਨੀ ਕਹਾਣੀ ਸੰਗ੍ਰਹਿ ‘ਹਲਫ਼ਨਾਮਾ’ ਨੂੰ ਲੋਕ-ਅਰਪਣ ਸਬੰਧੀ ਇੱਕ ਭਰਵਾਂ ਸਾਹਿਤਕ ਸਮਾਗਮ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਮੁਹਾਲੀ ਵਿਖੇ ਕਰਵਾਇਆ ਗਿਆ, ਜੋ ਕਿ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਡੀਸ਼ਨਲ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਓਮਾ ਸ਼ੰਕਰ ਗੁਪਤਾ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਚੇਅਰਪਰਸਨ ਹਰੀ ਸਿੰਘ ਮੈਮੋਰੀਅਲ ਟਰੱਸਟ ਮੁਹਾਲੀ ਬੀਬੀ ਜਗਜੀਤ ਕੌਰ ਕਾਹਲੋਂ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਗ਼ਜ਼ਲਗੋ ਸਿਰੀ ਰਾਮ ਅਰਸ਼, ਡਾ: ਬਲਜੀਤ ਸਿਘ, ਬਲਕਾਰ ਸਿੱਧੂ, ਮਨਜੀਤ ਕੌਰ ਮੀਤ, ਕੇਵਲ ਸਿੰਘ ਰਾਣਾ ਤੇ ਮਨਮੋਹਨ ਸਿੰਘ ਦਾਊਂ ਸੁਸ਼ੋਭਿਤ ਹੋਏ। ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਗੁਲਦਸਤਿਆਂ ਨਾਲ ਨਿਵਾਜਿਆ ਗਿਆ। ਸੱਥ ਦੇ ਮੁਖੀ ਤੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਸਵਾਗਤੀ ਸ਼ਬਦ ਆਖਦਿਆਂ ‘ਹਲਫ਼ਨਾਮਾ’ ਪੁਸਤਕ ਦੇ ਲੇਖਕ ਬਾਰੇ ਅਤੇ ਸੱਥ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਪਹਿਲੇ ਦੌਰ ’ਚ ਹਾਜ਼ਰ ਕਵੀਆਂ ਦਰਸ਼ਨ ਤਿਊਣਾ, ਦਲਜੀਤ ਕੌਰ ਦਾਊਂ, ਮਨਜੀਤ ਕੌਰ ਅੰਬਾਲਵੀ, ਹਰੀ ਸਿੰਘ ਮੌਜ਼ਪੁਰੀ, ਸੁਖਵੀਰ ਸਿੰਘ ਧਾਮੀ, ਪ੍ਰੋ: ਬਲਵਿੰਦਰ ਸਿੰਘ, ਪ੍ਰੋ: ਸੁਖਵੀਰ ਕੌਰ, ਧਿਆਨ ਸਿੰਘ ਕਾਹਲੋਂ, ਦਰਸ਼ਨ ਬਨੂੰੜ, ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਕੁਲਬੀਰ ਸੈਣੀ, ਨਰਿੰਦਰ ਨਸਰੀਨ, ਗੁਰਪ੍ਰੀਤ ਸਿੰਘ ਤੰਗੌਰੀ ਤੇ ਗੁਰਿੰਦਰ ਕਲਸੀ ਨੇ ਖੂਬ ਰੰਗ ਬੰਨ੍ਹਿਆ। ਸਮਾਗਮ ਦੇ ਦੂਜੇ ਦੌਰ ’ਚ ਪੱਤਰਕਾਰ ਕੇਵਲ ਸਿੰਘ ਰਾਣਾ ਦੀ ਪਲੇਠੀ ਪੁਸਤਕ ‘ਹਲਫ਼ਨਾਮਾ’ ਮਿੰਨੀ ਕਹਾਣੀ-ਸੰਗ੍ਰਹਿ ਪ੍ਰਧਾਨਗੀ ਮੰਡਲ ਨੇ ਤਾੜੀਆਂ ਦੀ ਗੂੰਜ ’ਚ ਲੋਕ-ਅਰਪਣ ਕੀਤੀ। ਪੁਸਤਕ ਬਾਰੇ ਡਾ: ਗੁਰਦਰਪਾਲ ਸਿੰਘ ਨੇ ਪਰਚਾ ਪੜ੍ਹਦਿਆਂ ਮਿੰਨੀ ਕਹਾਣੀਆਂ ਦੇ ਵਿਭਿੰਨ ਵਿਸ਼ਿਆਂ ਬਾਰੇ ਚਾਨਣਾ ਪਾਇਆ ਤੇ ਸੱਚੋ ਸੱਚ ਵਾਲੀਆਂ ਕਹਾਣੀਆਂ ਆਖਿਆ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਦੀਪਕ ਚਨਾਰਥਲ ਨੇ ਕਹਾਣੀਆਂ ਦੇ ਯਥਾਰਥਕ ਪੱਖ ਨੂੰ ਸਲਾਹਿਆ। ਡਾ: ਬਲਜੀਤ ਸਿੰਘ, ਸਿਰੀ ਰਾਮ ਅਰਸ਼, ਮਨਜੀਤ ਕੌਰ ਮੀਤ, ਮਨਮੋਹਨ ਸਿੰਘ ਦਾਊਂ ਤੇ ਬਲਕਾਰ ਸਿੱਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਓਮਾ ਸ਼ੰਕਰ ਗੁਪਤਾ ਨੇ ਜਿਥੇ ਸੱਥ ਦੇ ਉਦਮਾਂ ਦੀ ਸ਼ਲਾਘਾ ਕੀਤੀ, ਉਥੇ ਲੇਖਕ ਕੇਵਲ ਸਿੰਘ ਰਾਣਾ ਦੀ ਸ਼ਖਸੀਅਤ ਤੇ ਲਿਖਤ ਨੂੰ ਸਮਾਜ ਲਈ ਵਰਦਾਨ ਆਖਿਆ।
ਇਸੇ ਦੌਰਾਨ ਵਿਸ਼ੇਸ਼ ਮਹਿਮਾਨ ਬੀਬੀ ਜਗਜੀਤ ਕੌਰ ਕਾਹਲੋਂ ਨੇ ਬੜੇ ਹੀ ਵਿਸ਼ਮਾਦੀ ਸ਼ਬਦਾਂ ਰਾਹੀਂ ਲੇਖਕ ਦੀ ਕਿਰਤ ਤੇ ਕਰਮ ਨੂੰ ਵਡਿਆਇਆ। ਇਸ ਮੌਕੇ ਸੱਥ ਵੱਲੋਂ ਲੇਖਕ ਕੇਵਲ ਸਿੰਘ ਰਾਣਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਦਰਸ਼ਨ ਬਨੂੜ ਨੇ ਬਾਖ਼ੂਬੀ ਨਿਭਾਈ। ਸਮਾਗਮ ਦੌਰਾਨ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰ ਜਿਨ੍ਹਾਂ ਵਿੱਚ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਬ ਅਡੀਟਰ ਅਵਤਾਰ ਸਿੰਘ ਭੰਵਰਾ, ਜ਼ਿਲ੍ਹਾ ਪ੍ਰੈੱਸ ਕਲੱਬ ਐਸਏਐਸ ਨਗਰ ਦੇ ਪ੍ਰਧਾਨ ਦਰਸ਼ਨ ਸਿੰਘ ਸੋਢੀ, ਡੇਰਾਬੱਸੀ ਪ੍ਰੈਸ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਲੱਕੀ, ਪ੍ਰਦੀਪ ਸਿੰਘ ਹੈਪੀ, ਅਮਿਤ ਸ਼ਰਮਾ, ਵਿਜੈਪਾਲ, ਕੁਲਵੰਤ ਸਿੰਘ ਗਿੱਲ, ਰਣਜੀਤ ਰਾਣਾ, ਪ੍ਰਭਮੀਤ ਲੂਥਰਾ, ਗੁਰਮੁੱਖ ਸਿੰਘ ਵਾਲੀਆ ਤੇ ਕਿਰਨਦੀਪ ਅੌਲਖ, ਨਰਿੰਦਰ ਸਿੰਘ ਝਾਂਮਪੁਰ, ਤਰਵਿੰਦਰ ਸਿੰਘ ਬੈਨੀਪਾਲ, ਜਸਬੀਰ ਸਿੰਘ ਜੱਸੀ, ਅਮਰਜੀਤ ਸਿੰਘ, ਅਮਰਜੀਤ ਰਤਨ, ਗੁਰਜੀਤ ਸਿੰਘ, ਡੇਰਾਬੱਸੀ ਤੋਂ ਸ਼ਾਮ ਸਿੰਘ ਸੰਧੂ, ਹਰਦੀਪ ਸਿੰਘ ਹੈਪੀ ਪੰਡਵਾਲਾ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਤੋਂ ਇਲਾਵਾ ਜਸਬੀਰ ਮੰਡ, ਪ੍ਰੋ. ਹਰਨੇਕ ਸਿੰਘ, ਪ੍ਰਦੀਪ ਸਿੰਘ ਗਿੱਲ, ਡਾ. ਬਲਦੇਵ ਸਿੰਘ, ਬਲਜੀਤ ਪਪਨੇਜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…