ਪੰਜਾਬ ਦੀਆਂ ਮੰਡੀਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਰ੍ਹੇ ਕਣਕ ਦੀ ਖ਼ਰੀਦ 113 ਲੱਖ ਮੀਟਰਕ ਟਨ ਤੱਕ ਪੁੱਜੀ

ਖ਼ਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ 13625 ਕਰੋੜ ਰੁਪਏ ਦੀਆਂ ਆਨਲਾਈਨ ਅਦਾਇਗੀਆਂ ਕਰਨ ਦਾ ਦਾਅਵਾ

ਪੰਜਾਬ ਭਰ ਦੀਆਂ ਮੰਡੀਆਂ ਵਿੱਚ ਖ਼ਰੀਦੀ ਗਈ ਕੁੱਲ ਜਿਣਸ ’ਚੋਂ 82 ਫ਼ੀਸਦੀ ਤੋਂ ਵੱਧ ਕਣਕ ਦੀ ਚੁਕਾਈ ਦਾ ਕੰਮ ਮੁਕੰਮਲ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਮਈ
ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿਲ ਮਾਲਕਾਂ ਵੱਲੋਂ ਪਿਛਲੀ ਸ਼ਾਮ ਤੱਕ 113 ਲੱਖ ਮੀਟਰਕ ਟਨ ਦੀ ਖ਼ਰੀਦ ਕੀਤੀ ਗਈ ਹੈ। ਕੁਲ ਖ਼ਰੀਦੀ ਗਈ ਕਣਕ ਵਿੱਚੋਂ ਵੱਖ-ਵੱਖ ਏਜੰਸੀਆਂ ਵੱਲੋਂ 110.5 ਲੱਖ ਮੀਟਰਕ ਟਨ ਅਤੇ ਮਿਲ ਮਾਲਕਾਂ ਵੱਲੋਂ 2.5 ਲੱਖ ਮੀਟਰਕ ਟਨ ਕਣਕ ਖ਼ਰੀਦੀ ਗਈ ਹੈ। ਪੰਜਾਬ ਵੱਲੋਂ ਪਿਛਲੇ ਵਰ੍ਹੇ ਦੇ 105 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਦੇ ਮੁਕਾਬਲੇ ਇਸ ਵਰ੍ਹੇ ਹੁਣ ਤੱਕ 113 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਸਰਕਾਰੀ ਬੁਲਾਰੇ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀਆਂ ਖ਼ਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ 13625 ਕਰੋੜ ਰੁਪਏ ਦੀਆਂ ਆਨਲਾਈਨ ਅਦਾਇਗੀਆਂ ਕਰਕੇ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਖ਼ਰੀਦੀ ਗਈ ਕੁਲ ਜਿਣਸ ਵਿੱਚੋਂ 82 ਫ਼ੀਸਦੀ ਤੋਂ ਵੱਧ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸੂਬਾਈ ਖ਼ਰੀਦ ਏਜੰਸੀਆਂ ਵੱਲੋਂ 90 ਫ਼ੀਸਦੀ ਤੋਂ ਜ਼ਿਆਦਾ ਬਕਾਇਆ ਰਕਮ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਂਾ ਸੰਗਰੂਰ ਬੀਤੀ ਸ਼ਾਮ ਤੱਕ 10.51 ਲੱਖ ਮੀਟਰਕ ਟਨ ਖ਼ਰੀਦ ਕਰਕੇ ਸੂਬੇ ’ਚੋਂ ਮੋਹਰੀ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹਂਾ ਪਟਿਆਲਾ ਕੁਲ ਖ਼ਰੀਦੀ ਕਣਕ ਵਿੱਚੋਂ 96 ਫ਼ੀਸਦੀ ਕਣਕ ਦੀ ਚੁਕਾਈ ਕਰਕੇ ਸਭ ਤੋਂ ਅੱਗੇ ਚਲ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਸੂਬੇ ਦੀਆਂ ਏਜੰਸੀਆਂ ਵਿੱਚੋਂ ਪਨਗ੍ਰੇਨ ਨੇ 25.6 ਲੱਖ ਮੀਟਰਕ ਟਨ, ਮਾਰਕਫ਼ੈਡ ਨੇ 23 ਲੱਖ ਮੀਟਰਕ ਟਨ, ਪਨਸਪ ਨੇ 21.2 ਲੱਖ ਮੀਟਰਕ ਟਨ, ਪੰਜਾਬ ਰਾਜ ਗੁਦਾਮ ਨਿਗਮ ਨੇ 17.4 ਲੱਖ ਮੀਟਰਕ ਟਨ, ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 9.6 ਲੱਖ ਮੀਟਰਕ ਟਨ ਅਤੇ ਭਾਰਤੀ ਖ਼ੁਰਾਕ ਨਿਗਮ (ਐਫ਼.ਸੀ.ਆਈ.) ਨੇ 13.5 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਵੱਲੋਂ ਖ਼ਰੀਦੀ ਗਈ ਕਣਕ ਲਈ 3719.82 ਕਰੋੜ ਰੁਪਏ, ਮਾਰਕਫ਼ੈਡ ਵੱਲੋਂ 3162.86 ਕਰੋੜ, ਪਨਸਪ ਵੱਲੋਂ 2905.31 ਕਰੋੜ, ਪੰਜਾਬ ਰਾਜ ਗੁਦਾਮ ਨਿਗਮ ਵੱਲੋਂ 2479.79 ਕਰੋੜ ਅਤੇ ਪੰਜਾਬ ਐਗਰੋ ਇੰਡਸਟਰੀ ਨਿਗਮ ਵੱਲੋਂ 1357.58 ਕਰੋੜ ਰੁਪਏ ਦੀਆਂ ਕਿਸਾਨਾਂ ਨੂੰ ਆਨਲਾਈਨ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ।
ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਖ਼ਰੀਦੀ ਗਈ ਕੁਲ ਕਣਕ ਵਿੱਚੋਂ 9 ਲੱਖ ਮੀਟਰਕ ਟਨ ਤੋਂ ਵੱਧ ਕਣਕ ਦੀ ਅਦਾਇਗੀ, ਜੋ 1493 ਕਰੋੜ ਰੁਪਏ ਬਣਦੀ ਹੈ, ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੰਡੀਆਂ ’ਚੋਂ ਕਿਸਾਨਾਂ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਖ਼ਰੀਦ ਏਜੰਸੀਆਂ ਦੇ ਸਮੂਹ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਾਲੀਆਂ ਮੰਡੀਆਂ ਵਿੱਚ ਰੋਜ਼ਾਨਾ ਨਿਜੀ ਤੌਰ ’ਤੇ ਜਾ ਕੇ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਤਾਂ ਜੋ ਕਣਕ ਦੀ ਖ਼ਰੀਦ ਦੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚਾੜ੍ਹੀ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਸਕੱਤਰ, ਖ਼ੁਰਾਕ, ਭਾਰਤ ਸਰਕਾਰ ਸੂਬੇ ਦੀਆਂ ਮੰਡੀਆਂ ਦੇ ਦੌਰੇ ’ਤੇ ਹਨ ਅਤੇ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈ ਰਹੇ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…