nabaz-e-punjab.com

ਪੰਜਾਬ ਦੇ ਸ਼ਹਿਰਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਨਵਜੋਤ ਸਿੱਧੂ ਨੇ ਉਲੀਕੀ ਵਿਆਪਕ ਯੋਜਨਾ

ਨਵਜੋਤ ਸਿੱਧੂ ਨੇ ਨਵੀਂ ਦਿੱਲੀ ਵਿੱਚ ਵੱਖ ਵੱਖ ਸੋਲਡ ਵੇਸਟ ਮੈਨੇਜਮੈਂਟਾਂ ਪਲਾਂਟਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ

ਮੁੱਖ ਮੰਤਰੀ ਕੋਲੋਂ ਅੰਤਿਮ ਪ੍ਰਵਾਨਗੀ ਲੈਣ ਲਈ ਅਧਿਕਾਰੀਆਂ ਨੂੰ ਜਲਦੀ ਖਾਕਾ ਤਿਆਰ ਕਰਨ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹਨਵੀਂ ਦਿੱਲੀ, 9 ਮਈ:
ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਨੂੰ ਸਾਫ ਸੁਥਰੀ ਦਿੱਖ ਅਤੇ ਠੋਸ ਰਹਿੰਦ ਖੰੂਹਦ ਦੇ ਪੱਕੇ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੂਰਾ ਦਿਨ ਨਵੀਂ ਦਿੱਲੀ ਵਿਖੇ ਵੱਖ-ਵੱਖ ਥਾਵਾਂ ਤੇ ਸੋਲਿਡ ਵੇਸਟ ਮੈਨੇਜਮੈਂਟ (ਠੋਸ ਰਹਿੰਦ ਖੰੂਹਦ ਪ੍ਰਬੰਧਨ) ਦੇ ਚਲ ਰਹੇ ਸਫ਼ਲ ਪ੍ਰੋਜੈਕਟਾਂ ਦਾ ਦੌਰਾ ਕੀਤਾ। ਸ੍ਰੀ ਸਿੱਧੂ ਨੇ ਜਿੱਥੇ ਵੱਖ ਵੱਖ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਪਾਵਰ ਪੁਆਇੰਟ ਪੇਸ਼ਕਾਰੀਆਂ ਦੇਖੀਆਂ ਉੱਥੇ ਇਹਨਾਂ ਪ੍ਰੋਜੈਕਟਾਂ ਦਾ ਪ੍ਰੈਕਟੀਕਲ ਮੁਆਇਨਾ ਕਰਨ ਲਈ ਇਹਨਾਂ ਥਾਵਾਂ ਦਾ ਦੌਰਾ ਵੀ ਕੀਤਾ।
ਅੱਜ ਇੱਥੇ ਜਾਰੀ ਬਿਆਨ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਸ਼ਹਿਰੀਆਂ ਨੂੰ ਸਰਕਾਰ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਗਾਉਣ ਦੇ ਸਬਜ਼ਬਾਗ ਦਿਖਾਏ ਗਏ ਪ੍ਰੰਤੂ ਅਸਲੀਅਤ ਵਿੱਚ ਸਾਡੇ ਸ਼ਹਿਰੀ ਨਰਕ ਦੀ ਜ਼ਿੰਦਗੀ ਬਤੀਤ ਕਰਦੇ ਰਹੇ। ਉਹਨਾਂ ਕਿਹਾ ਕਿ ਵਿਭਾਗ ਦਾ ਕੰਮ ਕਾਜ ਸੰਭਾਲਦਿਆਂ ਉਹਨਾਂ ਸ਼ਹਿਰੀਆਂ ਨੂੰ ਇਹੋ ਵਾਅਦਾ ਕੀਤਾ ਸੀ ਸਭ ਤੋਂ ਪਹਿਲਾਂ ਸੋਲਿਡ ਵੇਸਟ ਮੈਨੇਜਮੈਂਟ ਦਾ ਪੱਕਾ, ਸਥਾਈ ਇੰਤਜ਼ਾਮ ਕੀਤਾ ਜਾਵੇਗਾ। ਇਸ ਦਿਸ਼ਾ ਵਿੱਚ ਅੱਜ ਉਨ੍ਹਾਂ ਇਸ ਯੋਜਨਾਂ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਲਈ ਪੂਰੇ ਦਿਨ ਦਾ ਦੌਰਾ ਰੱਖਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਸ਼ਹਿਰੀ ਸੀਵਰੇਜ ਦੀ ਜਟਿਲ ਸਮੱਸਿਆ ਨਾਲ ਜੂਝ ਰਹੇ ਹਨ। ਸੀਵਰੇਜ ਬਲਾਕ ਹੋਣ ਕਾਰਨ ਸ਼ਹਿਰਾਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਆਉਣ ਵਾਲੇ ਬਰਸਾਤਾਂ ਦੇ ਮੌਸਮ ਵਿੱਚ ਸੜਕਾਂ ’ਤੇ ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਹੈ। ਇਸ ਤੋਂ ਇਲਾਵਾ ਪਲਾਸਟਿਕ ਅਤੇ ਨਿਰਮਾਣ ਉਸਾਰੀ ਰਹਿੰਦ ਖੰੂਹਦ ਸੀਵਰੇਜ ਦੀ ਸਮੱਸਅਿਾ ਬਣਿਆ ਹੋਇਆ ਹੈ।
ਉਨ੍ਹਾਂ ਅੱਜ ਅਤਿ ਆਧੁਨਿਕ ਤਕਨੀਕ ਨਾਲ ਲੈਸ ਚਾਰ ਤਰ੍ਹਾਂ ਦੇ ਪ੍ਰੋਜੈਕਟ ਵੇਖੇ ਇਨ੍ਹਾਂ ਨੂੰ ਘੱਟੋ ਘੱਟ ਛੇ ਮਹੀਨੇ ਤੋਂ ਲੈ ਕੇ ਢਾਈ ਸਾਲ ਤੱਕ ਦੇ ਸਮੇਂ ਤੱਕ ਨੇਪਰੇ ਚਾੜਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀ ਅਸਫਲਤਾ ਕਾਰਨ ਅਸੀਂ ਮੈਨੇਜਮੈਂਟ ਪ੍ਰਬੰਧਾਂ ਨੂੰ ਲਾਗੂ ਕਰਨ ਲਈ ਸਮੇਂ ਤੱਕ ਉਡੀਕ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਲਦੀ ਹੀ ਸਭ ਤੋਂ ਪਹਿਲਾਂ ਅਤਿ ਆਧੁਨਿਕ ਸੁਪਰ ਸਕਸ਼ਿਨ ਮਸ਼ੀਨਾਂ ਸੀਵਰੇਜ ਖੋਲਣ ਲਈ ਲਿਆਂਦੀਆਂ ਜਾਣਗੀਆਂ। ਇਸ ਤੋਂ ਇਲਾਵਾ ਠੋਸ ਰਹਿੰਦ ਖੂਹਦ ਦੀ ਰੀ-ਸਾਈਕਲਿੰਗ ਰਾਹੀਂ ਪੰਜ ਤਰ੍ਹਾਂ ਦੇ ਊਰਜਾ ਉਤਪਾਦਨ ਤਿਆਰ ਕੀਤੇ ਜਾਣਗੇ। ਜਿਹਨਾਂ ਵਿਚੋਂ ਚਾਰ ਥੋੜੇ ਸਮੇਂ ਅੰਦਰ ਪੈਦਾ ਕੀਤੇ ਜਾ ਸਕਦੇ ਹਨ ਜਿਵੇਂ ਕੰਪੋਸਟ ਖਾਦ, ਹਰਾ ਕੋਲਾ (ਸੀਮੇਂਟ ਪਲਾਟਾਂ ਚ ਵਰਤਣ ਯੋਗ), ਪਲਾਸਟਿਕ ਗਰੈਨਿਉਲ ਤੇ ਬਾਇਓ ਗੈਸ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਵਾਂ ਉਤਪਾਦਨ ਬਿਜਲੀ ਹੈ। ਇਸ ਪ੍ਰੋਜੈਕਟ ਨੂੰ ਲਗਾਉਣ ਵਿੱਚ ਘੱਟੋ ਘੱਟ ਦੋ ਸਾਲ ਦਾ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੂਬੇ ਦੇ ਸਾਰੇ ਸ਼ਹਿਰਾਂ ਦੇ ਕਸਬਿਆਂ ਦੇ ਸੀਵਰੇਜ ਦੀ ਸਫ਼ਾਈ ਵੱਡੀਆਂ ਸੁਪਰ ਸਕਸ਼ਿਨ ਮਸ਼ੀਨਾ ਰਾਹੀਂ ਜਲਦੀ ਸ਼ੁਰੂ ਕੀਤੀ ਜਾਵੇਗੀ ਉੱਥੇ ਊਰਜਾ ਦੇ ਸਾਰੇ ਪਲਾਂਟ ਸੂਬੇ ਦੇ ਤਿੰਨੋ ਹਿੱਸਿਆਂ ਮਾਝਾ, ਮਾਲਵਾ ਤੇ ਦੁਆਬਾ ਲਾਉਣ ਦੀ ਪੇਸ਼ਕਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸਾਹਮਣੇ ਰੱਖੀ ਜਾਵੇਗੀ ਤਾਂ ਜੋ ਮੁੱਖ ਮੰਤਰੀ ਜੀ ਵੱਲੋਂ ਸੂਬੇ ਦੇ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਵੱਧਤਾ ਨੂੰ ਪੂਰਾ ਕੀਤਾ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਅੱਜ ਉਹਨਾਂ ਪਲਾਂਟਾਂ ਦਾ ਦੌਰਾ ਕਰਕੇ ਇਨ੍ਹਾਂ ਨੂੰ ਸਥਾਪਿਤ ਕਰਨ ਦੀਆਂ ਲੋੜਾਂ ਅਤੇ ਇਨ੍ਹਾਂ ਦੀ ਪ੍ਰੋਸੈਸਿੰਗ ਨੂੰ ਵੇਖਿਆ ਹੈ। ਉਨ੍ਹਾਂ ਵੱਖ ਵੱਖ ਕੰਪਨੀਆਂ ਰੈਮਕੇ, ਮੈਟਰੋ ਟਰਾਂਸਜਿਟ ਐਡਨੀ ਤੇ ਜਿੰਦਲ ਵੇਸਟ ਟੂ ਪਾਵਰ ਪਲਾਂਟ ਦਾ ਅੱਜ ਦੌਰਾ ਕੀਤਾ ਜਿਹਨਾਂ ਦੇ ਮੁਖੀ/ਅਧਿਕਾਰੀਆਂ ਤੋਂ ਅੱਜ ਇਹ ਭਰੋਸਾ ਲਿਆ ਹੈ ਕਿ ਇਹਨਾਂ ਪ੍ਰੋਜੈਕਟਾਂ ਨੂੰ ਪੰਜਾਬ ਵਿੱਚ ਲਗਾਉਣ ਲਈ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸ਼ਹਿਰੀਆਂ ਨੂੰ ਜਲਦ ਤੋਂ ਜਲਦ ਅਤੇ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਇੱਛਾ ਹੈ ਕਿ ਪੰਜਾਬ ਅੰਦਰ ਸਾਲਡ ਵੇਸਟ ਮੈਨੇਜਮੈਂਟ ਪ੍ਰਬੰਧਨ ਵਿੱਚ ਕੰਪਨੀਆਂ ਮੁਕਾਬਲੇ ਬਾਜੀ ਨਾਲ ਸਰਬੋਤਮ ਸੇਵਾਵਾਂ ਦੇਣ ਲਈ ਅੱਗੇ ਆਉਣ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਠੋਸ ਰਹਿੰਦ-ਖੰੂਹਦ ਦੀ ਵੱਡੀ ਮਾਤਰਾਂ ਨੂੰ ਦੇਖਦਿਆਂ ਇਸਤੋਂ ਊਰਜਾ ਦੇ ਗੈਰ ਰਵਾਇਤੀ ਊਰਜਾ ਪੈਦਾ ਕਰਨ ਦੀ ਸਮਰੱਥਾ ਵਧਾਈ ਜਾਵੇ ਅਤੇ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਕਿਸਾਨਾਂ ਲਈ ਨਾਮਾਤਰ ਭਾਅ ਤੇ ਓਰਗੈਨਿਕ ਖਾਦ ਮੁਹੱਇਆ ਕਰਵਾਈ ਜਾ ਸਕੇ। ਇਸ ਨਾਲ ਪੰਜਾਬ ਦੀ ਉਪਜਾਊ ਜ਼ਮੀਨ ਕੀਟ-ਨਾਸ਼ਕਾਂ ਦੇ ਮਾਰੂ ਪ੍ਰਭਾਵ ਤੋਂ ਵੀ ਬਚ ਸਕੇਗੀ।
ਇਸ ਮੌਕੇ ਉਨ੍ਹਾਂ ਹਾਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਕਿ ਮੁੱਖ ਮੰਤਰੀ ਅੱਗੇ ਅੰਤਿਮ ਖਰੜਾ ਲਿਜਾਉਣ ਤੋਂ ਪਹਿਲਾਂ ਇਸ ਮੈਨੇਜਮੈਂਟ ਪ੍ਰਬੰਧਨ ਨਾਲ ਜੁੜੇ ਸਮੂਹ ਅੰਗਾਂ ਦੇ ਅਧਿਕਾਰੀ, ਇੰਜੀਨੀਅਰ ਇਹਨਾਂ ਪਲਾਂਟਾਂ ਦਾ ਦੌਰਾ ਕਰਕੇ ਇਕ ਬਲੂ ਪ੍ਰਿੰਟ ਤਿਆਰ ਕਰਨ ਜੋ ਮੁੱਖ ਮੰਤਰੀ ਜੀ ਅੱਗੇ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਵਿਭਾਗ ਦੇ ਸਕੱਤਰ ਸ੍ਰੀ ਜੇ ਐਮ ਬਾਲਾ ਮੁਰਗਨ, ਡਾਇਰੈਕਟਰ ਸ੍ਰੀ ਕੇ ਕੇ ਜਾਧਵ, ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਸ੍ਰੀ ਰਜੇਸ਼ ਧੀਮਾਨ, ਨਗਰ ਨਿਗਮ ਪਠਾਨਕੋਟ ਦੇ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਵਿਭਾਗ ਦੇ ਚੀਫ ਇੰਜੀਨੀਅਰ ਸ੍ਰੀ ਏ ਐਸ ਧਾਲੀਵਾਲ ਅਤੇ ਡਿਪਟੀ ਡਾਇਰੈਕਟਰ ਸ੍ਰੀ ਗੁਰਪਾਲ ਸਿੰਘ ਚਹਿਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…