ਇੰਗਲੈਂਡ ਵੱਲੋਂ ਨਸ਼ਿਆਂ ਨਾਲ ਨਜਿੱਠਣ ਲਈ ਪੰਜਾਬ ਨੂੰ ਤਕਨੀਕੀ ਸਹਾਇਤਾ ਦੇ ਪੇਸ਼ਕਸ਼

ਪੰਜਾਬ ਪੁਲੀਸ ਸਿਖਲਾਈ ਅਤੇ ਆਧੁਨੀਕੀਕਰਨ ਲਈ ਵੀ ਸਹਿਯੋਗ ਦੀ ਤਜਵੀਜ਼

ਕੈਪਟਨ ਅਮਰਿੰਦਰ ਸਿੰਘ ਵੱਲੋਂ ਉਦਯੋਗ, ਖੇਤੀਬਾੜੀ, ਡੇਅਰੀ ਫਾਰਮਿੰਗ ਆਦਿ ਖੇਤਰਾਂ ’ਚ ਸਹਿਯੋਗ ਦਾ ਸੁਝਾਅ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਮਈ:
ਇੰਗਲੈਂਡ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਨਸ਼ਿਆਂ ’ਤੇ ਕਾਬੂ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਪੰਜਾਬ ਨੂੰ ਤਕਨੀਕੀ ਸਹਾਇਤਾ ਦੇਣ ਦੀ ਪੇਸ਼ਕਸ਼ ਕਰਨ ਦੇ ਨਾਲ-ਨਾਲ ਉੱਤਰ ਭਾਰਤੀ ਸੂਬੇ ਵਿਚ ਵਪਾਰਕ ਸਰਗਰਮੀਆਂ ਨੂੰ ਬੜ੍ਹਾਵਾ ਦੇਣ ਲਈ ਵੱਡੀ ਦਿਲਚਸਪੀ ਦਿਖਾਈ ਹੈ। ਇਸ ਮੁੱਦੇ ’ਤੇ ਵਿਚਾਰ ਵਟਾਂਦਰਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇੰਗਲੈਂਡ ਦੇ ਭਾਰਤ ਵਿਚ ਡਿਪਟੀ ਹਾਈ ਕਮਿਸ਼ਨਰ ਸ੍ਰੀ ਐਂਡਰੀਊ ਆਇਰ ਵਿਚਕਾਰ ਹੋਈ ਇੱਕ ਮੀਟਿੰਗ ਦੌਰਾਨ ਕੀਤਾ ਗਿਆ। ਮੁੱਖ ਮੰਤਰੀ ਨੂੰ ਮਿਲਣ ਆਏ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਨੇ ਸੂਬੇ ਵਿਚ ਨਿਵੇਸ਼ ਨੂੰ ਆਕ੍ਰਸ਼ਿਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਇੰਗਲੈਂਡ ਆ ਕੇ ਉਦਯੋਗਪਤੀਆਂ ਨੂੰ ਮਿਲਣ ਦਾ ਸੱਦਾ ਦਿੱਤਾ।
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੇ ਪੁਲਿਸ ਫੋਰਸ ਦੇ ਆਧੁਨੀਕੀਕਰਨ ਅਤੇ ਸਿਖਲਾਈ ਦੇਣ ਦੇ ਨਾਲ-ਨਾਲ ਸਾਈਬਰ ਕਰਾਈਮ ਨਾਲ ਨਿਪਟਣ ਲਈ ਪੰਜਾਬ ਨੂੰ ਸਹਾਇਤਾ ਦੇਣ ਦੀ ਵੀ ਪੇਸ਼ਕਸ਼ ਕੀਤੀ। ਦੋਵੇਂ ਧਿਰਾਂ ਕਾਨੂੰਨ ਵਿਵਸਥਾ, ਉਦਯੋਗਿਕ ਵਿਕਾਸ, ਖੇਤੀਬਾੜੀ, ਡੇਅਰੀ ਫਾਰਮਿੰਗ ਆਦਿ ਸਣੇ ਵੱਖ-ਵੱਖ ਖੇਤਰਾਂ ਵਿਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਸਹਿਮਤ ਹੋਈਆਂ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰੀ ਪ੍ਰਬੰਧਨ, ਸਿਵਲ ਸੇਵਾਵਾਂ, ਵੱਡੇ ਸ਼ਹਿਰਾਂ ਵਿਚ ਟਰਾਂਸਪੋਰਟੇਸ਼ਨ ਅਤੇ ਹੋਰਨਾਂ ਖੇਤਰਾਂ ਵਿਚ ਵੀ ਮਿਲ ਕੇ ਕੰਮ ਕਰਨ ਦਾ ਸੁਝਾਅ ਦਿੱਤਾ।
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਪਾਰ ਵਿਚ ਸਹਿਯੋਗ ਦੇ ਮਾਮਲੇ ਵਿਚ ਪੰਜਾਬ ਨਾਲ ਆਪਣੇ ਕਾਰਜ ਨੂੰ ਵਧਾਉਣਾ ਚਾਹੁੰਦੀ ਹੈ ਜਿਸ ਦੇ ਵਾਸਤੇ ਦੋਵੇਂ ਧਿਰਾਂ ਅਨੇਕਾਂ ਮਹੱਤਵਪੂਰਨ ਖੇਤਰਾਂ ਦੀ ਸਨਾਖਤ ਕਰ ਸਕਦੀਆਂ ਹਨ। ਸੂਬੇ ਵਿਚ ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਅਤੇ ਵਪਾਰ ਨੂੰ ਸੁਖਾਲਾ ਬਣਾਉਣ ਦੀ ਪ੍ਰਕ੍ਰਿਆ ਤੇਜ਼ ਕਰਨ ਬਾਰੇ ਆਪਣੀ ਸਰਕਾਰ ਦੇ ਕਾਰਜ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਪਸੀ ਸਹਿਯੋਗ ਦੇ ਖੇਤਰਾਂ ਦੀ ਸ਼ਨਾਖਤ ਕਰਨ ਲਈ ਬਰਤਾਨੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਦਾ ਪ੍ਰਬੰਧ ਕਰਨ ਲਈ ਕਿਹਾ।
ਨਸ਼ਿਆਂ ਦੀ ਸਮੱਸਿਆ ਤੋਂ ਅੱਖਾਂ ਮੁੰਦ ਲੈਣ ਦਾ ਪਿਛਲੀ ਅਕਾਲੀ ਸਰਕਾਰ ਦੇ ਸ਼ਾਸਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੇ ਵਹਾਅ ਨੂੰ ਰੋਕਣ ਲਈ ਮਹੱਤਵਪੂਰਣ ਪ੍ਰਾਪਤੀ ਕੀਤੀ ਹੈ ਅਤੇ ਵਿਸ਼ੇਸ਼ ਟਾਸਕ ਫੋਰਸ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਲਈ ਸਰਗਰਮ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤ ਨੂੰ ਵਿਆਪਕ ਰਾਸ਼ਟਰੀ ਡਰੱਗ ਨੀਤੀ ਦੀ ਜ਼ਰੂਰਤ ਹੈ ਜਿਸ ਸਬੰਧੀ ਮੁੱਦਾ ਉਨ੍ਹਾਂ ਨੇ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਉਠਾਇਆ ਹੈ।
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਦੇ ਮੁੱਖੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਬ੍ਰਿਟਿਸ਼ ਮਾਹਿਰਾਂ ਨਾਲ ਮਿਲਣਗੇ ਅਤੇ ਭਾਰਤ ਵਿੱਚ ਅਤੇ ਭਾਰਤ ਤੋਂ ਬਾਹਰ ਹੋਰਨਾਂ ਦੇਸ਼ਾਂ ਵਿੱਚ ਨਸ਼ਿਆਂ ਦੀ ਹੋ ਰਹੀ ਤਸਕਰੀ ਦੇ ਸਬੰਧ ਵਿੱਚ ਪੰਜਾਬ ’ਚ ਨਸ਼ਿਆਂ ਦੀ ਲਾਹਣਤ ਨਾਲ ਨਿਪਟਣ ਲਈ ਸਹਿਯੋਗ ਬਾਰੇ ਵਿਚਾਰ ਵਟਾਂਟਦਰਾ ਕਰਨਗੇ। ਦੋਵਾਂ ਧਿਰਾਂ ਨੇ ਕਾਨੂੰਨ ਵਿਵਸਥਾ ਅਤੇ ਪੰਜਾਬ ਨੂੰ ਦਰਪੇਸ਼ ਵਿੱਤੀ ਸੰਕਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਇਨ੍ਹਾਂ ਸਮੱਸਿਆਵਾਂ ਨਾਲ ਨਿਪਟਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਕਾਰਜਾਂ ਬਾਰੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਜਾਣੂੰ ਕਰਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸੱਤਾ ਦੌਰਾਨ ਖੂੰਬਾਂ ਵਾਂਗ ਪੈਦਾ ਹੋਏ ਗਿਰੋਹਾਂ ਨਾਲ ਨਿਪਟਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਗਠਿਤ ਕੀਤੀ ਟਾਸਕ ਫੋਰਸ ਨੇ ਮਹੱਤਵਪੂਰਣ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਬਹੁਤ ਸਾਰੇ ਗਿਰੋਹ ਪਹਿਲਾਂ ਹੀ ਪੁਲਿਸ ਦੀ ਪਕੜ ਵਿੱਚ ਆ ਗਏ ਹਨ।
ਸੂਬੇ ਵਿੱਚ ਸੰਕਟ ਦੇ ਸਬੰਧ ’ਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੂੰ ਘਰੇਲੂ ਅਤੇ ਵਿਦੇਸ਼ੀ ਉਦਯੋਗ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਉਨ੍ਹਾਂ ਨੇ ਸੂਬੇ ਵਿੱਚ ਨਿਵੇਸ਼ ਕਰਨ ਲਈ ਵੱਡੀ ਦਿਲਚਸਪੀ ਵਿਖਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਸਲ ਸਥਿੱਤੀਆਂ ਦਾ ਪ੍ਰਗਟਾਵਾ ਕਰਨ ਲਈ ਛੇਤੀ ਹੀ ਵਾਈਟ ਪੇਪਰ ਜਾਰੀ ਕਰੇਗੀ। ਸੂਬੇ ਵਿੱਚ 90 ਲੱਖ ਨੌਜੁਆਨ ਬੇਰੁਜ਼ਗਾਰ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਜਿਲ੍ਹਣ ਵਿੱਚ ਫਸੇ ਸੂਬੇ ਨੂੰ ਬਾਹਰ ਕੱਢਣ ਲਈ ਢੰਗ ਤਰੀਕੇ ਲੱਭਣ ਦੀ ਯਤਨ ਕਰ ਰਹੀ ਹੈ। ਉਨ੍ਹਾਂ ਨੇ ਆਧੁਨਿਕ ਖੇਤੀਬਾੜੀ ਅਮਲਾ, ਡੇਅਰੀ ਫਾਰਮਿੰਗ ਨੂੰ ਬੜ੍ਹਾਵਾ ਦੇਣ ਅਤੇ ਵੱਛਿਆਂ ਦੇ ਅਨਿਯੰਤਰਣ ਜਨਮ ਨੂੰ ਰੋਕਣ ਲਈ ਇੰਗਲੈਂਡ ਦੀ ਸਹਾਇਤਾ ਦੀ ਮਦਦ ਮੰਗੀ ਕਿਉਂਕਿ ਇਹ ਵੱਛੇ ਕਿਸਾਨਾਂ ਦੀ ਫਸਲਾਂ ਨੂੰ ਤਬਾਹ ਕਰ ਰਹੇ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…