ਸਿਆਸੀ ਬਦਲਾਖੋਰੀ ਤਹਿਤ ਅਕਾਲੀ ਆਗੂਆਂ ਖ਼ਿਲਾਫ਼ ਪੁਲੀਸ ਕਰ ਰਹੀ ਹੈ ਝੂਠੇ ਕੇਸ ਦਰਜ: ਐਨ.ਕੇ. ਸ਼ਰਮਾ

ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨਾਲ ਮੁਲਾਕਾਤ ਕਰਕੇ ਧੱਕੇਸ਼ਾਹੀ ਰੋਕਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਡੇਰਾਬੱਸੀ ਹਲਕੇ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਤੇ ਅਕਾਲੀ ਆਗੂਆਂ ਪ੍ਰਤੀ ਬਦਲਾਖੋਰੀ ਦੀ ਕਾਰਵਾਈ ਦਾ ਇਲਜਾਮ ਲਗਾਉੱਦਿਆਂ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨਾਲ ਮੁਲਾਕਾਤ ਕੀਤੀ ਅਤੇ ਅਕਾਲੀ ਦਲ ਨਾਲ ਸੰਬੰਧਿਤ ਮਿਉੱਸਪਲ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਖਿਲਾਫ ਦਰਜ ਕੀਤੇ ਜਾ ਰਹੇ ਪੁਲੀਸ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਪਿੰਡ ਲੋਹਗੜ੍ਹ ਵਿੱਚ ਸ਼ਰਾਬ ਦੇ ਠੇਕੇ ਦੀ ਭੰਨ ਤੋੜ ਸਬੰਧੀ ਸ੍ਰੀ ਸ਼ਰਮਾ ਦੇ ਦੋ ਭਰਾਵਾਂ ਅਤੇ ਜ਼ੀਰਕਪੁਰ ਦੇ 5 ਕੌਂਸਲਰਾਂ ’ਤੇ ਦਰਜ ਕੀਤੇ ਝੂਠੇ ਮਾਮਲੇ ਬਾਰੇ ਸ਼ਿਕਾਇਤ ਕਰਦਿਆਂ ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ। ਉਹਨਾਂ ਕਿਹਾ ਕਿ ਪਿੰਡ ਵਿੱਚ ਖੁੱਲ੍ਹੇ ਇਸ ਠੇਕੇ ਦਾ ਪਿਛਲੇ ਕਈ ਦਿਨਾਂ ਤੋੱ ਵਿਰੋਧ ਹੋ ਰਿਹਾ ਸੀ ਅਤੇ ਠੇਕੇ ਦੀ ਤੋੜਭੰਨ ਆਮ ਲੋਕਾਂ ਵੱਲੋਂ ਹੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਰਾਜਨੀਤਿਕ ਬਦਲਾ ਖੋਰੀ ਦੇ ਤਹਿਤ ਉਹਨਾ ਦੇ ਭਰਾਵਾਂ ਅਤੇ ਸਾਥੀ ਕੌਸਲਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਦੋਂ ਕਿ ਉਹਨਾਂ ਦੇ ਭਰਾ ਅਤੇ ਸੰਬੰਧਿਤ ਕੌਂਸਲਰ ਘਟਨਾ ਮੌਕੇ ਉੱਥੇ ਮੌਜੂਦ ਹੀ ਨਹੀਂ ਸੀ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਘਟਨਾ ਤੋਂ ਬਾਅਦ ਠੇਕੇ ਦੇ ਦਰਿੰਦੇ ਵੱਲੋਂ ਮੀਡੀਆਂ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਉਸ ਨਾਲ ਕਿਸੇ ਨੇ ਹੱਥੋ ਪਾਈ ਨਹੀਂ ਕੀਤੀ ਜਦੋਂ ਕਿ ਪੁਲੀਸ ਨੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 307 ਵੀ ਲੱਗਾ ਦਿੱਤੀ ਹੈ।
ਸ੍ਰੀ ਸ਼ਰਮਾ ਨੇ ਇਲਜਾਮ ਲਗਾਇਆ ਕਿ ਐਕਸਾਈਜ ਵਿਭਾਗ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਵਾਂਗ ਵਿਵਹਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਠੇਕੇਦਾਰਾਂ ਵਲੋੱ ਠੇਕੇ ਖੋਲ੍ਹਣ ਵੇਲੇ ਨਿਯਮਾਂ ਦੀ ਖੁਲ੍ਹੀ ਉਲੰਘਣਾ ਕੀਤੀ ਜਾ ਰਹੀ ਹੈ। ਡੇਰਾਬੱਸੀ ਵਿੱਚ ਕਾਲਜ ਤੋਂ 30 ਗਜ ਦੀ ਦੂਰੀ ਤੇ ਠੇਕਾ ਖੋਲ੍ਹ ਦਿੱਤਾ ਗਿਆ ਅਤੇ ਜਿਸਦਾ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਇਸੇ ਤਰ੍ਹਾਂ ਡੇਰਾਬਸੀ ਵਿੱਚ ਇਤਿਹਾਸਕ ਮੰਦਰ ਦੇ ਬਿਲਕੁਲ ਨਾਲ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਅਤੇ ਇਸਦੇ ਖਿਲਾਫ ਵਸਨੀਕਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋੱ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਜਦੋਂ ਲੋਕ ਇਸ ਦੇ ਖਿਲਾਫ ਆਵਾਜ਼ ਉਠਾਉੱਦੇ ਹਨ ਤਾਂ ਪੁਲੀਸ ਵੱਲੋਂ ਅਕਾਲੀ ਆਗੂਆਂ, ਕੌਂਸਲਰਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾਂਦੇ ਹਨ।
ਸ੍ਰੀ ਐਨ.ਕੇ. ਸ਼ਰਮਾ ਨੇ ਕਿਹਾ ਕਿ ਪਿਛਲੇ 2 ਮਹੀਨੀਆਂ ਦੌਰਾਨ ਉਹਨਾਂ ਦੇ ਸਮਰਥਕ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਤੇ ਇੱਕ ਦਰਜਨ ਦੇ ਕਰੀਬ ਝੂਠੇ ਮਾਮਲੇ ਦਰਜੇ ਕੀਤੇ ਜਾ ਚੁੱਕੇ ਹਨ। ਇਸ ਸੰਬੰਧੀ ਉਹਨਾਂ ਵੱਲੋਂ ਪਿਛਲੇ ਮਹੀਨੇ ਵੀ ਐਸ਼ਐਸ਼ਪੀ ਮੁਹਾਲੀ ਨੇ ਮਿਲ ਕੇ ਆਪਣੀ ਗੱਲ ਚੁੱਕੀ ਗਈ ਸੀ ਅਤੇ ਐਸਐਸਪੀ ਨੇ ਉਹਨਾਂ ਨੂੰ ਭਰੋਸਾ ਵੀ ਦਿੱਤਾ ਸੀ ਕਿ ਪੁਲੀਸ ਇਹਨਾਂ ਮਾਮਲਿਆਂ ਦੀ ਜਾਂਚ ਕਰਵਾਏਗੀ ਅਤੇ ਰਾਜਨੀਤਿਕ ਬਦਲੇਖੋਰੀ ਦੀ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ ਪਰੰਤੂ ਇਸਦੇ ਬਾਵਜੂਦ ਪੁਲੀਸ ਦੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਹੈ।
ਉਹਨਾਂ ਕਿਹਾ ਕਿ ਪਿੰਡਾਂ ਦੇ ਪੰਚਾਂ ਸਰਪੰਚਾਂ ਬਲਾਕ ਸੰਮਤੀ ਮੈਂਬਰਾਂ, ਕੌਂਸਲਰਾਂ ਤੇ ਝੂਠੇ ਪੁਲੀਸ ਮੁਕਾਬਲੇ ਦਰਜ ਕੀਤੇ ਜਾ ਰਹੇ ਹਨ ਅਤੇ ਜੇਕਰ ਇਹ ਕਾਰਵਾਈ ਤੇ ਰੋਕ ਨਾ ਲਗਾਈ ਗਈ ਤਾਂ ਉਹ ਇਸ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਬੰਧੀ ਨਵੇਂ ਸਿਰੇ ਤੋਂ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਡੀਸੀ ਅਤੇ ਐਸਐਸਪੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਨਿਰਪੰਖ ਜਾਂਚ ਕੀਤੀ ਜਾਵੇਗੀ ਅਤੇ ਇਸ ਸਬੰਧੀ ਡੇਰਾਬੱਸੀ ਦੇ ਡੀਐਸਪੀ ਨੂੰ ਪੜਤਾਲ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇਗਾ।
ਇਸ ਮੌਕੇ ਸੀਨੀਅਰ ਯੂਥ ਆਗੂ ਅਸ਼ਵਨੀ ਕੁਮਾਰ ਸੰਭਾਲਕੀ, ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ, ਯਾਦਵਿੰਦਰ ਸਿੰਘ, ਤੇਜਵੀਰ ਸਿੰਘ, ਗੁਰਮੁੱਖ ਸਿੰਘ, ਜੈ ਪਾਲ, ਸੁਖਵਿੰਦਰ ਕੌਰ, ਭਾਰਤ ਭੂਸ਼ਣ ਚੌਧਰੀ, ਕੁਲਬਾਗ ਸਿੰਘ ਸੋਢੀ, ਏਕਤਾ ਨਾਗਪਾਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…