ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖਰੀਦ ਲਈ ਨਗਦ ਕਰਜ਼ਾ ਹੱਦ ਵਧਾ ਕੇ 20683 ਕਰੋੜ ਰੁਪਏ ਕੀਤੀ

ਪੰਜਾਬ ਸਰਕਾਰ ਨੇ ਅਪਰੈਲ ਤੱਕ ਕਿਸਾਨਾਂ ਨੂੰ 14053.61 ਕਰੋੜ ਦੀ ਅਦਾਇਗੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਸ਼ਨਿਚਰਵਾਰ ਨੂੰ ਸੂਬੇ ਦੀ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਵਧਾ ਕੇ 20,683 ਕਰੋੜ ਰੁਪਏ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹੁਣ ਤੱਕ 14053.61 ਕਰੋੜ ਰੁਪਏ ਦੀ ਵੱਡੀ ਰਾਸ਼ੀ ਚਾਲੂ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਅਦਾ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਕਾਇਆ ਪਈਆਂ ਸਾਰੀਆਂ ਅਦਾਇਗੀਆਂ ਨੂੰ ਫੌਰੀ ਤੌਰ ’ਤੇ ਸਮੇਂ ਸਿਰ ਨਿਪਟਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਤੁਰੰਤ ਤੇ ਨਿਰਵਿਘਨ ਖਰੀਦ ਲਈ ਪ੍ਰਗਟਾਈ ਵਚਨਬੱਧਤਾ ਦੇ ਸਦਕਾ ਹੀ ਪੰਜਾਬ ਸਰਕਾਰ ਨੇ ਹੁਣ ਤੱਕ ਦੀ ਇਸ ਸਾਲ ਦੀ ਸਭ ਤੋਂ ਜ਼ਿਆਦਾ 14053.61 ਕਰੋੜ ਦੀ ਅਦਾਇਗੀ ਕੀਤੀ ਹੈ ਜਦਕਿ ਪਿਛਲੇ ਸਾਲ ਇਹ ਅਦਾਇਗੀ ਅਪਰੈਲ ਮਹੀਨੇ ਦੌਰਾਨ 5938.21 ਕਰੋੜ ਅਤੇ ਅਪਰੈਲ, 2015 ਦੌਰਾਨ 947.19 ਕਰੋੜ ਸੀ।
ਸਰਕਾਰੀ ਬੁਲਾਰੇ ਅਨੁਸਾਰ ਰਿਜ਼ਰਵ ਬੈਂਕ ਨੇ ਪਹਿਲਾਂ ਮਨਜ਼ੂਰ ਕੀਤੀ 17994.21 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਪਿਛਲੀ 30 ਅਪਰੈਲ, 2017 ਤੋਂ ਹੀ ਅੱਗੇ ਵਧਾਉਂਦਿਆਂ 2688.79 ਕਰੋੜ ਰੁਪਏ ਦੀ ਵਧੀਕ ਰਾਸ਼ੀ ਨੂੰ ਮਈ ਮਹੀਨੇ ਦੀ ਖਰੀਦ ਵਾਸਤੇ ਪ੍ਰਵਾਨਗੀ ਦਿੱਤੀ ਹੈ। ਆਰ.ਬੀ.ਆਈ. ਨੇ ਵਧਾਈ ਗਈ ਕਰਜ਼ਾ ਹੱਦ ਮੁਤਾਬਕ ਖੁਰਾਕੀ ਖਾਤਿਆਂ ਦੇ ਸਟਾਕ ਅਨੁਸਾਰ ਮਿਲਾਣ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਸੂਬੇ ਦੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਰਿਜ਼ਰਵ ਬੈਂਕ ਨੇ ਆਖਿਆ ਕਿ ਕਰਜ਼ਾ ਹੱਦ ਵਿੱਚ ਇਹ ਵਾਧਾ ਕਣਕ ਦੇ ਮੌਜੂਦਾ ਖਰੀਦ ਸੀਜ਼ਨ ਲਈ ਲੋੜੀਂਦੀ ਅਦਾਇਗੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਭਾਰਤੀ ਸਟੇਟ ਬੈਂਕ ਵੱਲੋਂ ਦਿੱਤੇ ਭਰੋਸੇ ’ਤੇ ਮੱਦੇਨਜ਼ਰ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਅਨੁਸਾਰ ਇਸ ਸਾਲ ਕਣਕ ਦੀ ਹੁਣ ਤੱਕ 118,08,318 ਮੀਟਰਕ ਟਨ ਖਰੀਦ ਹੋਈ ਹੈ ਜਿਸ ਵਿੱਚੋਂ ਸਰਕਾਰੀ ਏਜੰਸੀਆਂ ਨੇ 115,47,340 ਮੀਟਰਕ ਟਨ ਕਣਕ ਖਰੀਦੀ ਹੈ। ਇਸ ਵਿੱਚੋਂ 111,41,940 ਮੀਟਰਕ ਟਨ ਕਣਕ ਮੰਡੀਆਂ ਵਿੱਚੋਂ ਸਫਲਤਾਪੂਵਰਕ ਚੁੱਕੀ ਗਈ ਹੈ ਜਿਸ ਨਾਲ ਇਸ ਹਾੜ੍ਹੀ ਸੀਜ਼ਨ ਦੌਰਾਨ ਖਰੀਦ ਕਾਰਜ ਨਿਰਵਿਘਨ ਅਤੇ ਤੇਜ਼ੀ ਨਾਲ ਸਿਰੇ ਚੜ੍ਹੇ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…