ਵਿਸ਼ੇਸ਼ ਟਾਸਕ ਫੋਰਸ ਨੇ ਭਾਰਤ-ਪਾਕਿ ਸਰਹੱਦ ’ਤੇ ਬਰਾਮਦ ਕੀਤੀ 5 ਕਿਲੋ ਹੈਰੋਇਨ

ਵਿਸ਼ੇਸ਼ ਟਾਸਕ ਫੋਰਸ ਦੀ ਇਕ ਹੋਰ ਟੀਮ ਨੇ ਕੰਡਿਆਲੀ ਤਾਰ ਪਾਰੋਂ 1.450 ਕਿਲੋ ਹੈਰੋਇਨ ਬਰਾਮਦ ਕੀਤੀ

ਗਠਿਤ ਹੋਣ ਤੋਂ ਹੁਣ ਤੱਕ 10.5 ਕਿੱਲੋ ਹੈਰੋਇਨ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਮਈ:
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਲਾਹਨਤ ਦੇ ਖਾਤਮੇ ਲਈ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਵਲੋਂ ਭਾਰਤ-ਪਾਕਿ ਸਰਹੱਦ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਕੇਸ ਨੰਬਰ 83 ਜੋ ਕਿ 21 ਅਪ੍ਰੈਲ 2017 ਨੂੰ ਦਰਜ ਕੀਤਾ ਗਿਆ ਸੀ , ਦੀ ਜਾਂਚ ਦੌਰਾਨ ਤੱਥ ਸਾਹਮਣੇ ਆਉਣ ਪਿਛੋਂ ਕੀਤੀ ਗਈ ਹੈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਤੋਂ ਇਲਾਵਾ ਟਾਸਕ ਫੋਰਸ ਵਲੋਂ ਹੀ ਇਕ ਹੋਰ ਮਾਮਲੇ ਵਿਚ 1.450 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਨਾਲ ਵਿਸ਼ੇਸ਼ ਟਾਸਕ ਫੋਰਸ ਵਲੋਂ ਆਪਣੇ ਗਠਨ ਤੋਂ ਬਾਅਦ ਹੁਣ ਤੱਕ ਕੁੱਲ 10.5 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਬੁਲਾਰੇ ਨੇ ਕਿਹਾ ਕਿ 21 ਅਪ੍ਰੈਲ 2017 ਨੂੰ ਪਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੁੱਲਗਹਿਣਾ, ਪੁਲਿਸ ਸਟੇਸ਼ਨ ਸਿੱਧਵਾਂ ਬੇਟ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਮਿਹਰਬਾਨ ਵਿਖੇ ਕੇਸ ਨੰਬਰ 83 ਦਰਜ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਦੌਰਾਨ ਹੀ ਇਕ ਹੋਰ ਕਥਿਤ ਦੋਸ਼ੀ ਹਰਬੰਸ ਸਿੰਘ ਪੁੱਤਰ ਟੁੱਲਾ ਸਿੰਘ ਵਾਸੀ ਇੱਛਾ ਪੰਜ ਗਰਾਈਂ, ਜਿਲ੍ਹਾ ਫਿਰੋਜ਼ਪੁਰ ਨੂੰ 10 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਪੁੱਛਗਿੱਛ ਦੇ ਆਧਾਰ ’ਤੇ ਹੀ ਫਿਰੋਜ਼ਪੁਰ ਵਿਖੇ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਪਾਰਲੇ ਪਾਸੋਂ 2.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿਚ ਪੁਲਿਸ ਵਲੋਂ ਕੀਤੀ ਗਈ ਜਾਂਚ ਪਿਛੋਂ ਹੁਣ ਤੱਕ ਕੁੱਲ 8 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਇਕ ਹੋਰ ਕੇਸ ਵਿਚ ਪੁਲਿਸ ਪਾਰਟੀ ਜਿਸ ਵਿਤ ਇੰਸਪੈਕਟਰ ਸੁਖਵਿੰਦਰ ਸਿੰਘ, ਜੋ ਕਿ ਵਿਸ਼ੇਸ਼ ਟਾਸਕ ਫੋਰਸ ਦੇ ਮੈਂਬਰ ਵਜੋਂ ਸਰਹੱਦੀ ਜੋਨ ਵਿਚ ਤਾਇਨਾਤ ਹੈ, ਵਲੋਂ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਸਟੇਸ਼ਨ ਘਰਿੰਡਾ ਅਧੀਨ ਅੱਡਾ ਬਾਸਰਕੇ ਵਿਖੇੇ ਨਾਕੇ ਦੌਰਾਨ 1.450 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਟਰੈਕਟਰ ਦੀ ਲਿਫਟ ਵਿਚ ਲੁਕੋਈ ਹੋਈ ਹੈਰੋਇਨ ਬਰਾਮਦ ਕੀਤੀ ਗਈ, ਜਿਸ ਸਬੰਧੀ ਜਸਪਾਲ ਸਿੰਘ ਵਲੋਂ ਸੌਦਾ ਕੀਤਾ ਗਿਆ ਸੀ। ਇਸ ਛਾਪਾਮਾਰੀ ਦੌਰਾਨ ਦੋਸ਼ੀਆਂ ਸੁਖਚੈਨ ਸਿੰਘ ਤੇ ਜਸਪਾਲ ਸਿੰਘ ਦੇ ਕੋਲੋਂ ਵੀ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਕੇਸ ਨੰਬਰ 41 ਪੁਲਿਸ ਸਟੇਸ਼ਨ ਖਾਲੜਾ, ਪੁਲਿਸ ਕਮਿਸ਼ਨਰੇਟ ਅੰਮ੍ਰਿਕਸਰ ਵਿਖੇ ਮਿਤੀ 10 ਮਈ ਨੂੰ ਐਨ.ਡੀ.ਪੀ.ਐਸ.. ਐਕਟ ਦੀ ਧਾਰਾ 21,29,61,85 ਤਹਿਤ ਦਰਜ ਕੀਤਾ ਗਿਆ ਹੈ। ਇਸ ਕੇਸ ਵਿਚ ਸੁਖਚੈਨ ਸਿੰਘ ਉਰਫ ਚੰਨਾ ਪੱੁਤਰ ਗੁਰਬਚਨ ਸਿੰਘ ਪਿੰਡ ਰਾਜੋਕੇ, ਜਸਪਾਲ ਸਿੰਘ ਪੱੁਤਰ ਸਰਦਾਰਾ ਸਿੰਘ ਵਾਸੀ ਵਾ ਤਾਰਾ ਸਿੰਘ ਅਤੇ ਬਾਬਾ ਸੋਨਾ ਪੁੱਤਰ ਕੁਲਵੰਤ ਸਿੰਘ ਪਿੰਡ ਮਹਾਵਾ ਨੂੰ ਨਾਮਜਦ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੇਸ ਵਿਚ ਬਾਬਾ ਸੋਨਾ ਤੋਂ ਬਿਨ੍ਹਾਂ ਬਾਕੀ ਨਾਮਜਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…