ਬੀਐਸਐਫ ਤੇ ਪੰਜਾਬ ਪੁਲੀਸ ਵੱਲੋਂ ਕੈਨੇਡਾ ਤੇ ਪਾਕਿਸਤਾਨ ਨਾਲ ਸੰਪਰਕ ਵਾਲੇ 2 ਅਤਿਵਾਦੀ ਸਰਹੱਦੀ ਇਲਾਕੇ ਤੋਂ ਗ੍ਰਿਫਤਾਰ

ਪੰਥ ਵਿਰੋਧੀ ਆਗੂ ਸਨ ਨਿਸ਼ਾਨੇ ’ਤੇ, ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਮਈ:
ਬੀ.ਐਸ.ਐਫ. ਅਤੇ ਪੰਜਾਬ ਪੁਲੀਸ ਨੇ ਐਤਵਾਰ ਨੂੰ ਇਕ ਸਾਂਝੀ ਕਾਰਵਾਈ ਵਿੱਚ ਕੈਨੇਡਾ ਅਤੇ ਪਾਕਿਸਤਾਨ ਨਾਲ ਸੰਪਰਕ ਵਾਲੇ ਇਕ ਅਤਿਵਾਦੀ ਗਿਰੋਹ ਦਾ ਸਫਾਇਆ ਕਰਦਿਆਂ ਦੋ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ‘ਪੰਥ ਦੇ ਦੁਸ਼ਮਣਾਂ’ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਘੜ ਰਹੇ ਸਨ। ਇਸ ਦੌਰਾਨ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਹੈ ਜਿਨ੍ਹਾਂ ਵਿੱਚ ਇਕ ਏ.ਕੇ. ਸੰਤਾਲੀ ਰਾਈਫਲ, ਪੰਜ ਹੈਂਡ ਗ੍ਰਨੇਡ, ਇਕ ਐਮ.ਐਮ. ਪਿਸਤੌਲ, ਪੰਜ ਪਿਸਤੌਲ ਅਤੇ ਵੱਖ-ਵੱਖ ਹਥਿਆਰਾਂ ਦੇ 450 ਜਿੰਦਾ ਕਾਰਤੂਸ ਸ਼ਾਮਲ ਹਨ। ਇਨ੍ਹਾਂ ਅਤਿਵਾਦੀਆਂ ਨੂੰ ਭਾਰਤ-ਪਾਕਿ ਸਰਹੱਦੀ ਇਲਾਕੇ ਤੋਂ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿੱਚ ਭੇਜੇ ਗਏ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਗ੍ਰਿਫਤਾਰ ਕੀਤੇ ਗਏ ਅਤਿਵਾਦੀਆਂ ਦੀ ਸ਼ਨਾਖ਼ਤ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਦੇ 40 ਸਾਲਾ ਮਾਨ ਸਿੰਘ ਅਤੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਦੇ 28 ਵਰ੍ਹਿਆਂ ਦੇ ਸ਼ੇਰ ਸਿੰਘ ਵਜੋਂ ਹੋਈ ਹੈ। ਮੁੱਢਲੀ ਪੱੁਛਗਿੱਛ ਦੌਰਾਨ ਅਤਿਵਾਦੀਆਂ ਨੇ ਇਹ ਖੁਲਾਸਾ ਕੀਤਾ ਕਿ ਕੈਨੇਡਾ ਦੇ ਓਂਟਾਰੀਓ ਅਧਾਰਿਤ ਇਕ ਗਰਮਖਿਆਲੀ ਸਿੱਖ ਗੁਰਜੀਵਨ ਸਿੰਘ ਦੀ ਨਿਰਧਾਰਤ ਯੋਜਨਾ ਤਹਿਤ ਅਤਿਵਾਦੀ ਗਿਰੋਹ ਬਣਾਇਆ ਗਿਆ। ਗੁਰਜੀਵਨ ਸਿੰਘ ਪਿਛਲੇ ਛੇ ਮਹੀਨਿਆਂ ਦੌਰਾਨ ਦੋ ਵਾਰ ਪੰਜਾਬ ਆਇਆ ਅਤੇ ਉਸ ਨੇ ਪਾਕਿਸਤਾਨ ਵਿੱਚ ਆਪਣੇ ਖਾਲਿਸਤਾਨੀ ਸੰਪਰਕਾਂ ਰਾਹੀਂ ਇਸ ਕਾਰਵਾਈ ਲਈ ਹਥਿਆਰ ਅਤੇ ਗੋਲੀ-ਸਿੱਕੇ ਦਾ ਬੰਦੋਬਸਤ ਕੀਤਾ। ਇਨ੍ਹਾਂ ਦੋਵਾਂ ਅਤਿਵਾਦੀਆਂ ਨੇ ਇਹ ਵੀ ਦੱਸਿਆ ਕਿ ਗੁਰਜੀਵਨ ਸਿੰਘ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਪੰਜਾਬ ਵਿੱਚ ਅਤਿਵਾਦੀ ਹਮਲੇ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ।
ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਗੁਰਜੀਵਨ ਸਿੰਘ ਨੇ ਪੰਜਾਬ ਦੇ ਪਿਛਲੇ ਦੋ ਦੌਰਿਆਂ ਦੌਰਾਨ ਉਨ੍ਹਾਂ ਨੂੰ ਏ.ਕੇ.-47 ਰਾਈਫਲਾਂ ਸਮੇਤ ਹਥਿਆਰਾਂ ਨੂੰ ਚਲਾਉਣ ਬਾਰੇ ਸਿਖਲਾਈ ਦਿੱਤੀ। ਦੋਵਾਂ ਅਤਿਵਾਦੀਆਂ ਨੇ ਪੁੱਛ ਪੜਤਾਲ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਉਹ ਗੁਰਜੀਵਨ ਸਿੰਘ ਨਾਲ ਹਥਿਆਰਾਂ ਦੀ ਪ੍ਰਾਪਤੀ ਲਈ ਉÎੱਤਰ ਪ੍ਰਦੇਸ਼ ਵੀ ਗਏ ਸਨ ਪਰ ਇਸ ਕੰਮ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਗੁਰਜੀਵਨ ਸਿੰਘ ਨੇ ਪਾਕਿਸਤਾਨ ਵਿੱਚ ਆਪਣੇ ਖਾਲਿਸਤਾਨੀ ਸੰਪਰਕਾਂ ਅਤੇ ਆਈ.ਐਸ.ਆਈ. ਅਕਾਵਾਂ ਰਾਹੀਂ ਉਨ੍ਹਾਂ ਲਈ ਹਥਿਆਰ ਅਤੇ ਗੋਲੀ-ਸਿੱਕੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ। ਪੱੁਛ ਪੜਤਾਲ ਦੌਰਾਨ ਮਾਨ ਸਿੰਘ ਨੇ ਮੰਨਿਆ ਕਿ ਉਹ ਕਈ ਵਾਰੀ ਪਾਕਿਸਤਾਨ ਗਿਆ ਅਤੇ ਉਥੋਂ ਦੇ ਕੁਝ ਖਾਲਿਸਤਾਨੀ ਕਾਰਕੁੰਨਾਂ ਨਾਲ ਸੰਪਰਕ ਵਿੱਚ ਸੀ। ਪੰਜਾਬ ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਾਰਵਾਈ ਦੌਰਾਨ ਹਥਿਆਰ ਤੇ ਗੋਲੀ-ਸਿੱਕਾ ਭਾਰਤ-ਪਾਕਿ ਸਰਹੱਦ ਦੇ ਨੇੜੇ ਦੱਬਿਆ ਹੋਇਆ ਮਿਲਿਆ ਅਤੇ ਸ਼ੱਕੀ ਉਸ ਨੂੰ ਹਾਸਲ ਕਰਨ ਲਈ ਕੋਸ਼ਿਸ਼ ਕਰ ਰਹੇ ਸਨ।
ਦੋਵੇਂ ਅਤਿਵਾਦੀ ਐਤਵਾਰ ਦੀ ਸਵੇਰ ਨੂੰ ਉਸ ਸਰਹੱਦੀ ਇਲਾਕੇ ਵਿੱਚ ਪਹੁੰਚੇ ਪਰ ਉਨ੍ਹਾਂ ਨੂੰ ਹਥਿਆਰ ਦੱਬੇ ਹੋਣ ਵਾਲੀ ਥਾਂ ਲੱਭਣ ਦੀ ਕੋਸ਼ਿਸ਼ ਕਰਦਿਆਂ ਬੀ.ਐਸ.ਐਫ. ਨੇ ਕਾਬੂ ਕਰ ਲਿਆ। ਹਥਿਆਰਾਂ ਦੀ ਪ੍ਰਾਪਤ ਹੋਈ ਇਸ ਖੇਪ ਵਿੱਚ ਪੰਜ 7.62 ਐਮ.ਐਮ. ਪਿਸਤੌਲ, ਉਨ੍ਹਾਂ ਦੇ 9 ਮੈਗਜ਼ੀਨ ਅਤੇ 205 ਜਿੰਦਾ ਕਾਰਤੂਸ, ਦੋ ਮੈਗਜ਼ੀਨਾਂ ਤੇ 77 ਜਿੰਦਾ ਕਾਰਤੂਸਾਂ ਦੇ ਨਾਲ ਇਕ 9 ਐਮ.ਐਮ. ਪਿਸਤੌਲ, ਤਿੰਨ ਮੈਗਜ਼ੀਨਾਂ ਅਤੇ 157 ਜਿੰਦਾ ਕਾਰਤੂਸਾਂ ਦੇ ਨਾਲ ਇਕ ਏ.ਕੇ. 47 ਰਾਈਫਲ, ਦੋ ਮੈਗਜ਼ੀਨਾਂ ਦੇ ਨਾਲ ਇਕ ਐਮ.ਪੀ. 9 ਰਾਈਫਲ, ਪੰਜ ਹੈਂਡ ਗ੍ਰਨੇਡ, 39 ਕਾਰਤੂਸਾਂ ਦੇ ਨਾਲ ਇਕ 32 ਬੋਰ ਰਿਵਾਲਵਰ, ਇਕ ਮੈਗਜ਼ੀਨ ਅਤੇ 17 ਜਿੰਦਾ ਕਾਰਤੂਸਾਂ ਦੇ ਨਾਲ ਇਕ 315 ਬੋਰ ਰਾਈਫਲ ਸ਼ਾਮਲ ਹਨ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਹੋਰ ਪੁੱਛ ਪੜਤਾਲ ਜਾਰੀ ਹੈ ਅਤੇ ਗੁਰਜੀਵਨ ਸਿੰਘ ਦੇ ਦੌਰਿਆਂ ਸਬੰਧੀ ਇਮੀਗ੍ਰੇਸ਼ਨ ਰਿਕਾਰਡ ਪ੍ਰਾਪਤ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…