ਮੁਹਾਲੀ ਜ਼ਿਲ੍ਹੇ ਵਿੱਚ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਰਮਨਪ੍ਰੀਤ ਅੱਵਲ, ਕਵਿਤਾ ਸੈਕਿੰਡ

ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਮਾੜੀ, ਪ੍ਰਾਈਵੇਟ ਸਕੂਲ ਦੀਆਂ ਕੁੜੀਆਂ ਨੇ ਰੱਖੀ ਮੁਹਾਲੀ ਦੀ ਲਾਜ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਦਸਵੀਂ ਸ਼੍ਰੇਣੀ ਦੇ ਅੱਜ ਐਲਾਨੇ ਗਏ ਸਾਲਾਨਾ ਨਤੀਜੇ ਅਨੁਸਾਰ ਐਤਕੀਂ ਵੀ ਉੱਚੀ ਪਹੁੰਚ ਤੇ ਸਿਫਾਰਸ਼ੀ ਅਧਿਆਪਕਾਂ ਵਾਲੇ ਮੁਹਾਲੀ ਦੇ ਕਿਸੇ ਸਰਕਾਰੀ ਸਕੂਲ ਦਾ ਕੋਈ ਵਿਦਿਆਰਥੀ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਜਿਸ ਕਾਰਨ ਸਿੱਖਿਆ ਸ਼ਾਸਤਰੀ ਅਤੇ ਬੱਚਿਆਂ ਦੇ ਮਾਪੇ ਕਾਫੀ ਚਿੰਤਤ ਹਨ। ਜਦੋਂ ਕਿ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਮੁਹਾਲੀ ਦੇ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਅਧਿਆਪਕ ਅਤੇ ਬੁਨਿਆਦੀ ਢਾਂਚਾ ਵਧੇਰੇ ਵਿਕਸਤ ਹੈ।
ਉਧਰ, ਜ਼ਿਲ੍ਹਾ ਲੁਧਿਆਣਾ ਐਤਕੀਂ ਫਿਰ 113 ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਭਰ ’ਚੋਂ ਮੋਹਰੀ ਰਿਹਾ ਹੈ। ਉਂਜ ਪਿਛਲੇ ਸਾਲ ਵੀ ਲੁਧਿਆਣਾ ਨੇ 121 ਪੁਜ਼ੀਸ਼ਨਾਂ ਲਈਆਂ ਸਨ। ਜਦੋਂ ਕਿ ਐਤਕੀਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਅਤੇ ਫਾਜ਼ਿਲਕਾ ਸਭ ਤੋਂ ਫਾਡੀ ਰਹੇ ਹਨ। ਇਨ੍ਹਾਂ ਦੋਵੇਂ ਜ਼ਿਲ੍ਹਿਆਂ ਦੇ ਬੜੀ ਮੁਸ਼ਕਲ ਨਾਲ ਦੋ ਦੋ ਵਿਦਿਆਰਥੀ ਹੀ ਮੈਰਿਟ ਵਿੱਚ ਆਏ ਹਨ। ਇਸ ਸਬੰਧੀ ਸਿੱਖਿਆ ਅਧਿਕਾਰੀਆਂ ਤੇ ਸਰਕਾਰੀ ਸਕੂਲਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਚੁੱਪ ਧਾਰ ਲਈ ਹੈ ਜਦੋਂ ਕਿ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਸਿੱਖਿਆ ਬੋਰਡ ਵੱਲੋਂ ਕਰਵਾਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਟਾਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੇ 650 ਵਿੱਚੋੱ 622 ਅੰਕ (95.69 ਫੀਸਦੀ) ਹਾਸਿਲ ਕਰਕੇ ਐਸ.ਏ.ਐਸ. ਨਗਰ ਜਿਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਲੇ ਵਿੱਚ ਦੂਜਾ ਸਥਾਨ ਸ਼ਾਸ਼ਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਦੀ ਵਿਦਿਆਰਥਣ ਕਵਿਤਾ ਨੂੰ ਮਿਲਿਆ ਹੈ। ਜਿਸ ਨੇ 650 ਵਿੱਚੋਂ 620 (95.38 ਫੀਸਦੀ) ਅੰਕ ਹਾਸਲ ਕੀਤੇ ਹਨ। ਇਹਨਾਂ ਦੋਵਾਂ ਵਿਦਿਆਰਥਣਾਂ ਦਾ ਅੱਜ ਇਹਨਾਂ ਦੇ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇੇ ਚੰਗੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਐਸ. ਏ. ਐਸ. ਨਗਰ ਜਿਲ੍ਹੇ ਲਈ ਕਾਫੀ ਨਮੋਸ਼ੀ ਵਾਲੇ ਸਾਬਿਤ ਹੋਏ ਹਨ। ਇਹਨਾਂ ਨਤੀਜਿਆਂ ਵਿੱਚ ਜਿੱਥੇ ਗੁਰਦਾਸਪੁਰ ਜਿਲ੍ਹੇ ਦੇ 86.97 ਫੀਸਦੀ ਬੱਚੇ ਪਾਸ ਹੋਣ ਵਿੱਚ ਕਾਮਯਾਬ ਰਹੇ ਹਨ ਉਥੇ ਐਸ. ਏ. ਐਸ. ਨਗਰ ਦੇ ਸਿਰਫ 44.73 ਫੀਸਦੀ ਬੱਚੇ ਹੀ ਪਾਸ ਹੋ ਪਾਏ ਹਨ। ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਇੱਕ ਵੀ ਵਿਦਿਆਰਥੀ ਮੈਰਿਟ ਸੂਚੀ ਵਿੱਚ ਸਥਾਨ ਨਹੀਂ ਬਣਾ ਪਾਇਆ ਅਤੇ ਜਿਹੜੇ 2 ਵਿਦਿਆਰਥੀ ਮੈਰਿਟ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ ਉਹ ਵੀ ਪ੍ਰਾਈਵੇਟ ਸਕੂਲਾਂ ਦੇ ਹੀ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…