ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ: ਧਰਮਸੋਤ

ਅਧਿਕਾਰੀਆਂ ਨੂੰ ਦਿਹਾੜੀਦਾਰ ਕਾਮਿਆਂ ਦੀ ਸੀਨੀਅਰਤਾ ਸੂਚੀ ਜਾਰੀ ਕਰਨ ਦੀਆਂ ਹਦਾਇਤਾਂ

ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤੀ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਵਿਸ਼ੇਸ਼ ਮੀਟਿੰਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਮਈ:
ਵਣ ਵਿਭਾਗ ਵਿੱਚ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ ਅਤੇ ਯੋਗ ਕਰਮਚਾਰਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਜੰਗਲਾਤ ਮੰਤਰੀ, ਪੰਜਾਬ ਸ੍ਰ: ਸਾਧੂ ਸਿੰਘ ਧਰਮਸੋਤ ਨੇ ਵਣ ਭਵਨ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਪੰਜਾਬ ਸਟੇਟ ਕਰਮਚਾਰੀ ਦਲ, ਫੌਰੈਸਟ ਐਸ.ਸੀ.ਬੀ.ਸੀ. ਇੰਮਲਾਇਜ ਵੈਲਫੇਅਰ ਐਸੋਸੀਏਸ਼ਨ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ.ਡਬਲਿਊ ਡੀ ਮੁਲਾਜਮ ਜੰਥੇਬੰਦੀਆਂ ਦੇ ਆਗੂਆਂ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਜੰਗਲਾਤ ਮੰਤਰੀ ਪੰਜਾਬ ਨੇ ਇਸ ਮੌਕੇ ਪ੍ਰਧਾਨ ਮੁੱਖ ਵਣਪਾਲ ਸ੍ਰੀ ਕੁਲਦੀਪ ਕੁਮਾਰ ਨੂੰ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਦੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਸਕੱਤਰ ਪੰਜਾਬ ਨਾਲ ਵਿਚਾਰ ਵਟਾਦਰਾਂ ਕਰਨ ਲਈ ਆਖਿਆ ਤਾਂ ਜੋ ਉਨ੍ਹਾਂ ਦੀਆਂ ਜਾਇਜ ਮੰਗਾਂ ਪੂਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਇਸ ਮੌਕੇ ਦਿਹਾੜੀਦਾਰ ਕਾਮਿਆਂ ਦੀ ਸੀਨੀਅਰਤਾ ਸੂਚੀ ਜਾਰੀ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਇਸ ਮੌਕੇ ਕਾਮਿਆਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਅਤੇ ਕਾਮਿਆਂ ਦੀਆਂ ਤਨਖਾਹਾਂ ਨੂੰ ਆਨਲਾਇਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਨੁੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਜੰਗਲਾਤ ਮੰਤਰੀ ਨੇ ਇਸ ਮੌਕੇ ਵਣ ਵਿਭਾਗ ਵਿੱਚ ਕੰਮ ਕਰਦੇ ਕਾਮਿਆਂ ਸਬੰਧੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਖੁੱਲ ਕੇ ਵਿਚਾਰ ਵਟਾਦਰਾਂ ਕੀਤਾ। ਇਸ ਮੌਕੇ ਮੁਲਾਜਮ ਜੰਥੇਬੰਦੀਆਂ ਵੱਲੋਂ ਜੰਗਲਾਤ ਮੰਤਰੀ ਪੰਜਾਬ ਵੱਲੋਂ ਕਾਮਿਆਂ ਦੀਆਂ ਮੰਗਾਂ ਸਬੰਧੀ ਮੁਲਾਜਮ ਜੰਥੇਬੰਦੀਆਂ ਦੀ ਮੀਟਿੰਗ ਲਈ ਪਹਿਲ ਕਦਮੀ ਕਰਦਿਆਂ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਕੁਲਦੀਪ ਕੁਮਾਰ ਪ੍ਰਧਾਨ ਮੁੱਖ ਵਣਪਾਲ ਪੰਜਾਬ ਨੇ ਜੰਗਲਾਤ ਮੰਤਰੀ ਪੰਜਾਬ ਦਾ ਵਣ ਭਵਨ ਵਿਖੇ ਪੁੱਜਣ ਤੇ ਜੀ ਆਇਆਂ ਆਖਿਆ। ਪੰਜਾਬ ਸਟੇਟ ਕਰਮਚਾਰੀ ਦਲ, ਪੰਜਾਬ ਦੇ ਸੂਬਾ ਪ੍ਰਧਾਨ ਸ੍ਰ: ਹਰੀ ਸਿੰਘ ਟੌਹੜਾ ਅਤੇ ਹੋਰ ਆਗੂਆਂ ਨੇ ਜੰਗਲਾਤ ਮੰਤਰੀ ਪੰਜਾਬ ਨੂੰ ਗੁਲਦਸਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਚੇਅਰਮੈਨ ਸੱਜਣ ਸਿੰਘ ਅਤੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਜੰਗਲਾਤ ਮੰਤਰੀ ਪੰਜਾਬ ਨੂੰ ਇਸ ਮੌਕੇ ਵਣ, ਜੰਗਲੀ ਜੀਵ ਅਤੇ ਪੰਜਾਬ ਰਾਜ ਵਣ ਵਿਕਾਸ ਨਿਗਮ ਵਿੱਚ ਕੰਮ ਕਰਦੇ ਦਿਹਾੜੀਦਾਰ ਅਤੇ ਠੇਕੇਦਾਰੀ ਪ੍ਰਣਾਲੀ ਰਾਂਹੀ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਅਤੇ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਦਿਹਾੜੀਦਾਰ ਕਾਮਿਆਂ ਨੂੰ ਬਤੌਰ ਬੇਲਦਾਰ/ਹੈਲਪਰ ਲਈ ਨਿਯਮਤ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦਿਹਾੜੀਦਾਰ ਵਰਕਰਾਂ ਨੂੰ ਕੰਮ ਤੋਂ ਨਾ ਹਟਾਉਣ ਤੇ ਤਨਖਾਹਾਂ ਸਮੇਂ ਸਿਰ ਦੇਣ ਦੀ ਮੰਗ ਵੀ ਕੀਤੀ।
ਇਸ ਮੌਕੇ ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਦਿਹਾੜੀਦਾਰ ਕਰਮਚਾਰੀਆਂ ਨੂੰ ਈ.ਐਸ.ਆਈ. ਦੀ ਸਹੂਲਤ ਦੇਣ ਦੀ ਮੰਗ ਵੀ ਕੀਤੀ ਅਤੇ ਜਿਹੜੇ ਦਿਹਾੜੀਦਾਰ ਕਾਮੇ ਸਵਰਗਵਾਸ ਹੋ ਜਾਂਦੇ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਵਿਸ਼ੇਸ ਫੰਡ ਦੀ ਵਿਵਸਥਾ ਕਾਇਮ ਕਰਨ ਦੀ ਮੰਗ ਕੀਤੀ ਤਾਂ ਜੋ ਪਰਿਵਾਰਾਂ ਨੂੰ ਰਾਹਤ ਦਿੱਤੀ ਜਾ ਸਕੇ। ਜਿਹੜੇ ਦਿਹਾੜੀਦਾਰ ਕਰਮਚਾਰਿਆਂ ਦੀ 5 ਸਾਲ ਦੀ ਸੇਵਾ ਹੋ ਗਈ ਹੋਵੇ ਉਨ੍ਹਾਂ ਨੂੰ ਸੈਮੀ-ਸਿੱਖਿਅਤ ਸਕੇਲ ਦੇਣ ਅਤੇ ਵਣ ਵਿਕਾਸ ਨਿਗਮ ਦੇ ਕਰਮਚਾਰੀਆਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਪ੍ਰਧਾਨ ਮੁੱਖ ਵਣ ਪਾਲ ਸ੍ਰੀ ਧਰਿੰਦਰਾ ਸਿੰਘ ਮੁੱਖ ਜੰਗਲੀ ਜੀਵ ਵਾਰਡਨ, ਸ੍ਰੀ ਧਰਮਿੰਦਰ ਸ਼ਰਮਾਂ ਮੁੱਖ ਵਣਪਾਲ, ਸ੍ਰੀ ਜਤਿੰਦਰ ਸ਼ਰਮਾਂ ਐਮ.ਡੀ.ਪੰਜਾਬ ਰਾਜ ਵਣ ਵਿਕਾਸ ਨਿਗਮ, ਪ੍ਰਧਾਨ ਜੰਗਲਾਤ ਵਿਭਾਗ ਯੂਨੀਅਨ ਸ੍ਰੀ ਜਗਮੌਹਨ ਸਿੰਘ ਨੌ ਲੱਖਾ ਅਤੇ ਵਣ ਵਿਭਾਗ ਦੇ ਸੀਨੀਅਰ ਅਧਿਕਾਰੀ, ਹੋਰਨਾਂ ਮੁਲਾਜਮਾਂ ਜੰਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…