nabaz-e-punjab.com

ਗਮਾਡਾ ਵੱਖ ਵੱਖ ਬੈਂਕਾਂ ਦਾ 3150 ਕਰੋੜ ਰੁਪਏ ਦਾ ਕਰਜਾਈ, ਵਿਕਾਸ ਕਾਰਜ ਫਿਰ ਵੀ ਅਧੂਰੇ

ਵੱਖ-ਵੱਖ ਪ੍ਰਾਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਤੇ ਵਿਕਾਸ ਕਰਨ ਦੇ ਨਾਂਟ ਤੇ ਲਿਆ ਗਿਆ ਹੈ ਬੈਂਕਾਂ ਤੋਂ ਕਰੋੜਾਂ ਦਾ ਕਰਜ਼ਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ
ਮੁਹਾਲੀ ਦੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿੱਚ ਲੋਕਾਂ ਨੂੰ ਮਹਿੰਗੇ ਪਲਾਟ, ਦੁਕਾਨਾਂ, ਉਦਯੋਗਿਕ ਪਲਾਟ ਅਤੇ ਹੋਰ ਜਾਇਦਾਦ ਵੇਚ ਕੇ ਮੋਟੀ ਕਮਾਈ ਕਰਨ ਵਾਲੇ ਅਦਾਰੇ ਗਮਾਡਾ (ਗਰੇਟਰ ਮੁਹਾਲੀ ਡਿਵਲਪਮੈਂਟ ਅਥਾਰਟੀ) ਦੇ ਸਿਰ ਤੇ ਵੱਖ-ਵੱਖ ਬੈਕਾਂ ਦਾ 3150 ਕਰੋੜ ਰੁਪਏ ਦਾ ਕਰਜਾ ਹੈ। ਇਹ ਗੱਲ ਪੜ੍ਹਣ ਵਿੱਚ ਅਜੀਬ ਲੱਗ ਸਕਦੀ ਹੈ ਪਰੰਤੂ ਇਹ ਗੱਲ ਖ਼ੁਦ ਗਮਾਡਾ ਦੇ ਲੇਖਾ ਅਫਸਰ ਵਲੋੱ ਸੂਚਨਾ ਦੇ ਅਧਿਕਾਰ ਤਹਿਤ ਕੌਂਸਲਰ ਸੈਹਬੀ ਆਨੰਦ ਵਲੋੱ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੰਨੀ ਹੈ। ਸ੍ਰੀ ਸੈਹਬੀ ਆਨੰਦ ਨੇ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਸੀ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਗਮਾਡਾ ਨੇ ਵੱਖ-ਵੱਖ ਬੈਕਾਂ ਤੋਂ ਕਿੰਨਾ ਕਰਜ਼ਾ ਲਿਆ ਹੋਇਆ ਹੈ ਅਤੇ ਇਸ ਦੇ ਜਵਾਬ ਵਿੱਚ ਗਮਾਡਾ ਦੇ ਲੇਖਾ ਅਧਿਕਾਰੀ ਵੱਲੋਂ ਗਮਾਡਾ ਦੇ ਸਿਰ 3150 ਕਰੋੜ ਦਾ ਕਰਜਾ ਹੋਣ ਦੀ ਗੱਲ ਕਬੂਲ ਕੀਤੀ ਗਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨਾਂ ਦੀ ਜਮੀਨ ਮਨਮਰਜੀ ਦੀ ਕੀਮਤ ਤੇ ਅਕਵਾਇਰ ਕਰਕੇ ਅਤੇ ਵੱਡੇ ਮੁਨਾਫੇ ਨਾਲ ਪਲਾਟ ਵੇਚਣ ਵਾਲੇ ਇਸ ਅਦਾਰੇ ਦਾ ਕਹਿਣਾ ਹੈ ਕਿ ਗਮਾਡਾ ਨੂੰ ਵੱਖ-ਵੱਖ ਰਿਹਾਇਸ਼ੀ ਵਪਾਰਕ ਪਲਾਟਾਂ, ਮਕਾਨਾਂ ਅਤੇ ਹੋਰ ਸਾਈਟਾਂ ਆਦਿ ਨੂੰ ਵੇਚਣ ਨਾਲ ਹੀ ਫੰਡ ਹਾਸਿਲ ਹੁੰਦੇ ਹਨ ਅਤੇ ਇਸ ਕੰਮ ਵਿੱਚ ਪੈਣ ਵਾਲੇ ਘਾਟੇ ਦੀ ਭਰਪਾਈ ਲਈ ਗਮਾਡਾ ਵੱਲੋਂ ਬੈਕਾਂ ਤੋਂ ਕਰਜ਼ਾ ਲਿਆ ਜਾਂਦਾ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਗਮਾਡਾ ਵਲੋੱ ਵੱਖ-ਵੱਖ ਬੈਕਾਂ ਤੋੱ ਲਗਭਗ 3150 ਕਰੋੜ ਰੁਪਏ ਦਾ ਕਰਜਾ ਐਰੋਸਿਟੀ, ਈਕੋਸਿਟੀ, ਆਈਟੀ ਸਿਟੀ ਦੀ ਜ਼ਮੀਨ ਦੀ ਐਕੁਜੀਸ਼ਨ ਵਿਕਾਸ ਅਤੇ ਪੂਰਬ ਪ੍ਰੀਮੀਅਮ ਅਪਾਰਟਮੈਂਟ ਦੇ ਵਿਕਾਸ ਲਈ ਲਿਆ ਗਿਆ ਹੈ।
ਸ੍ਰੀ ਸੈਹਬੀ ਆਨੰਦ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਗੱਲ ਕਿਸੇ ਵੀ ਵਿੱਤੀ ਮਾਹਿਰ ਦੀ ਸਮਝ ਤੋਂ ਬਾਹਰ ਹੈ ਕਿ ਗਮਾਡਾ ਵੱਲੋਂ 3150 ਕਰੋੜ ਰੁਪਏ ਦੀ ਇਹ ਰਕਮ ਆਖਿਰ ਕਿੱਥੇ ਖਰਚ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਹਨਾਂ ਪ੍ਰੋਜੈਕਟਾਂ ਦੇ ਨਾਮ ਗਮਾਡਾ ਵੱਲੋਂ ਦੱਸੇ ਗਏ ਹਨ ਉਹ ਹੁਣੇ ਵੀ ਅੱਧੇ ਅਧੂਰੇ ਹਨ ਅਤੇ ਇਹਨਾਂ ਵਿੱਚੋਂ ਕਾਫੀ ਜਮੀਨ ਅਜਿਹੀ ਹੈ ਜਿਹੜੀ ਗਮਾਡਾ ਨੇ ਜਮੀਨ ਮਾਲਕਾਂ ਤੋਂ ਲੈਂਡ ਪੁਲਿੰਗ ਸਕੀਮ ਦੇ ਤਹਿਤ ਹਾਸਿਲ ਕੀਤੀ ਹੈ ਅਤੇ ਇਸ ਦੇ ਬਦਲੇ ਗਮਾਡਾ ਨੂੰ ਕੋਈ ਅਦਾਇਗੀ ਨਹੀਂ ਕਰਨੀ ਪਈ। ਇਸੇ ਤਰ੍ਹਾਂ ਐਰੋਸਿਟੀ ਆਈਟੀਸਿਟੀ, ਈਕੋ ਸਿਟੀ ਅਤੇ ਪੂਰਬ ਅਪਾਰਟਮੈਂਟ ਵਿੱਚ ਗਮਾਡਾ ਦੇ ਵਿਕਾਸ ਕਾਰਜ ਆਪਣੀ ਬਦਹਾਲੀ ਖੁਦ ਬਿਆਨ ਕਰਦੇ ਹਨ ਅਤੇ ਇਹਨਾਂ ਪ੍ਰੋਜੈਕਟਾਂ ਵਿੱਚ ਗਮਾਡਾ ਵੱਲੋੱ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਗਮਾਡਾ ਵੱਲੋਂ 3150 ਕਰੋੜ ਰੁਪਏ ਦਾ ਕਰਜਾ ਲੈਣ ਦੇ ਖੁਲਾਸੇ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਇਸ ਰਕਮ ਦੀ ਵੱਡੀ ਪੱਧਰ ’ਤੇ ਦੁਰਵਰਤੋਂ ਹੋਈ ਹੈ। ਸ੍ਰੀ ਸੈਹਬੀ ਨੇ ਦੱਸਿਆ ਕਿ ਉਹਨਾਂ ਨੇ ਹੁਣ ਗਮਾਡਾ ਤੋੱ ਇਹ ਜਾਣਕਾਰੀ ਮੰਗੀ ਹੈ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਬੈਕਾਂ ਤੋੱ ਲਈ ਗਈ ਕਰਜੇ ਦੀ ਰਕਮ ਨੂੰ ਕਿੱਥੇ ਖਰਚ ਕੀਤਾ ਗਿਆ ਅਤੇ ਇਸ ਸਬੰਧੀ ਕਿਹੜਾ ਤਰੀਕਾ ਅਖਤਿਆਰ ਕੀਤਾ ਗਿਆ। ਉਹਨਾਂ ਖਰਚ ਕੀਤੀ ਜਾਣ ਵਾਲੀ ਰਕਮ ਦੇ ਅਮਲ ਵਿੱਚ ਸ਼ਾਮਿਲ ਅਧਿਕਾਰੀਆਂ ਦਾ ਵੀ ਵੇਰਵਾ ਮੰਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…