nabaz-e-punjab.com

ਪਿੰਡ ਸੋਹਾਣਾ ਤੋਂ ਭਾਗੋ ਮਾਜਰਾ ਤੱਕ ਸੜਕ ਪ੍ਰਾਈਵੇਟ ਕੰਪਨੀ ਵੱਲੋਂ ਬੰਦ, ਲੋਕ ਤੰਗ ਪ੍ਰੇਸ਼ਾਨ, ਪ੍ਰਸ਼ਾਸਨ ਬੇਖ਼ਬਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ, ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਭਾਗੋ ਮਾਜਰਾ ਤੋਂ ਸੋਹਾਣਾ ਜਾਂਦੀ ਸੰਪਰਕ ਸੜਕ ਨੂੰ ਇੱਕ ਕੰਪਨੀ ਨੇ ਬੰਦ ਕੀਤਾ ਹੋਇਆ ਜਿਸ ਕਾਰਨ ਲੋਕਾਂ ਨੂੰ ਮੁਹਾਲੀ ਆਉਣਾ ਅੌਖਾ ਹੋਇਆ ਪਿਆ ਹੈ। ਭਾਗੋ ਮਾਜਰਾ ਨੇ ਕਿਹਾ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ । ਪਰ ਪ੍ਰਸ਼ਾਸ਼ਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਉਹਨਾਂ ਕਿਹਾ ਕਿ ਥੋੜੀ ਹੀ ਬਰਸਾਤ ਹੋਣ ਕਾਰਨ ਇੱਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇੱਥੇ ਡੂੰਘੇ ਡੂੰਘੇ ਟੋਏ ਪੈ ਜਾਂਦੇ ਹਨ ਤੇ ਚਿਕੜ ਹੋ ਜਾਂਦਾ ਹੈ ਜਿਸ ਕਾਰਨ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀ, ਜੋ ਕਿ ਦੋ ਪਹੀਆ ਵਾਹਨਾਂ ਤੇ ਜਾਂਦੇ ਹਨ, ਡਿੱਗਣ ਕਾਰਨ ਕੱਪੜੇ ਖਰਾਬ ਹੋ ਜਾਂਦੇ ਹਨ ਤੇ ਕਈ ਵਾਰ ਤਾਂ ਜ਼ਖ਼ਮੀ ਵੀ ਹੋ ਜਾਂਦੇ ਹਨ। ਭਾਗੋ ਮਾਜਰਾ ਅਤੇ ਇਲਾਕਾ ਵਾਸੀਆਂ ਨੇ ਹਲਕੇ ਦੇ ਐਮਐਲਏ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਹ ਰਸਤਾ ਠੀਕ ਕਰਨ ਦੀ ਹਦਾਇਤ ਕੀਤੀ ਜਾਵੇ।
ਉਧਰ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਗ਼ੈਰ ਸਰਕਾਰੀ ਮੈਂਬਰ ਤੇ ਕਾਂਗਰਸ ਆਗੂ ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਹਕੂਮਤ ਨੇ ਕੁੱਝ ਲਿੰਕ ਸੜਕਾਂ ਦੀ ਮੁਰੰਮਤ ’ਤੇ ਕਰੋੜਾਂ ਰੁਪਏ ਖਰਚਣ ਦਾ ਦਾਅਵਾ ਕੀਤਾ ਸੀ ਲੇਕਿਨ ਸੜਕਾਂ ਕਿਨਾਰੇ ਬਰਮਾਂ ’ਤੇ ਮਿੱਟੀ ਨਾ ਪਾਉਣ ਕਾਰਨ ਅਕਾਲੀਆਂ ਨੇ ਬਣਾਈਆਂ ਸੜਕਾਂ ਪਹਿਲਾ ਮੀਂਹ ਵੀ ਨਹੀਂ ਝੱਲ ਸਕੀਆਂ ਹਨ ਅਤੇ ਕਾਫੀ ਸੜਕਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਪਿੱਛੇ ਜਿਹੇ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲਿੰਕ ਸੜਕਾਂ ਦੀ ਮਜ਼ਬੂਤੀ ਲਈ ਬਰਮਾਂ ’ਤੇ ਮਿੱਟੀ ਪਾਉਣ ਦੇ ਆਦੇਸ਼ ਦਿੱਤੇ ਸੀ ਲੇਕਿਨ ਅਧਿਕਾਰੀਆਂ ਨੇ ਡੀਸੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਬਰਮਾਂ ਨਹੀਂ ਪਾਈ, ਬਰਮਾਂ ਨੂੰ ਪੱਕਾ ਕਰਨਾ ਤਾਂ ਇੱਕ ਪਾਸੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸੜਕਾਂ ਕਿਨਾਰੇ ਬਰਮਾਂ ਨੂੰ ਪੱਕਾ ਕਰਨ ਸਮੇਤ ਹੋਰ ਕੰਮਾਂ ਨੂੰ ਨਿਰਧਾਰਿਤ ਸਮੇਂ ਵਿੱਚ ਕਰਨ ਲਈ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…