nabaz-e-punjab.com

ਚੱਪੜਚਿੜੀ ਵਿੱਚ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ

ਅਕਾਲੀ ਸਰਕਾਰ ਨੇ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਸਥਾਪਿਤ ਕਰਕੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ: ਬੀਬੀ ਲਾਂਡਰਾਂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਇੱਥੋਂ ਦੇ ਨੇੜਲੇ ਪਿੰਡ ਚੱਪੜਚਿੜੀ ਕਲਾਂ ਸਥਿਤ ਗੁਰਦੁਆਰਾ ਸਾਹਿਬ ਫਤਹਿ-ਏ-ਜੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਰਾਗੀ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਪੂਰਾ ਪ੍ਰਸੰਗ ਸੰਗਤ ਨੂੰ ਵਿਸਥਾਰ ਨਾਲ ਸੁਣਾਇਆ। ਇਸ ਮੌਕੇ ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਢੱਕੀ ਸਾਹਿਬ, ਬੀਬੀ ਰਾਜਵੰਤ ਕੌਰ ਸ੍ਰੀ ਫਤਹਿਗੜ੍ਹ ਸਾਹਿਬ, ਗਿਆਨੀ ਨਿਸ਼ਾਨ ਸਿੰਘ ਤਰਨਤਾਰਨ ਵਾਲੇ ਅਤੇ ਗਿਆਨੀ ਸੁਖਜਿੰਦਰ ਸਿੰਘ ਅਨਮੋਲ ਨਵਾਂ ਸ਼ਹਿਰ ਵਾਲੇ ਸਮੇਤ ਹੋਰਨਾਂ ਕਥਾ ਵਾਚਕਾਂ, ਢਾਡੀ ਜਥਿਆਂ ਅਤੇ ਰਾਗੀ ਸਿੰਘਾਂ ਨੇ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਸਰਪੰਚ ਸੋਹਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਗਰੇਸ਼ੀਅਨ ਸੁਪਰ ਸਪੈਸਲਿਟੀ ਹਸਪਤਾਲ ਵੱਲੋਂ ਸੰਗਤ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਐਸਜੀਪੀਸੀ ਵੱਲੋਂ ਦਸਤਾਰ ਬੰਦੀ ਸਿਖਲਾਈ ਕੈਂਪ ਲਗਾਇਆ ਗਿਆ। ਸ਼ਾਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਫ਼ਲਸਫ਼ੇ ’ਤੇ ਆਧਾਰਿਤ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ।
ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਅਤੇ ਐਸਜੀਪੀਸੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਸਿੱਖ ਕੌਮ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਮੁਗਲ ਫੌਜਾਂ ਦਾ ਖ਼ਾਤਮਾ ਕਰਕੇ ਅਸਲ ਵਿੱਚ ਚੱਪੜਚਿੜੀ ਦੇ ਮੈਦਾਨ ’ਚੋਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਆਰੰਭੀ ਸੀ ਅਤੇ ਸਰਹਿੰਦ ਉੱਤੇ ਫਤਿਹ ਹਾਸਲ ਕਰਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਰਾ ਕੇ ਲਿਆ ਸੀ, ਉੱਥੇ 700 ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਕੁਰਬਾਨੀ ਅਤੇ ਵਿਚਾਰ ਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼ਹਿਰਾਂ ਅਤੇ ਪਿੰਡ ਪੱਧਰ ’ਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ।
ਬੀਬੀ ਲਾਂਡਰਾਂ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਸਥਾਪਤ ਕਰਕੇ ਸੰਗਤ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਬਹੁਤ ਵੱਡਾ ਤੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ। ਲਿਹਾਜ਼ਾ ਕਾਂਗਰਸ ਸਰਕਾਰ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਯਾਦਗਾਰਾਂ ਦੀ ਸਹੀ ਤਰੀਕੇ ਨਾਲ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਫਤਹਿ ਮੀਨਾਰ ਨੂੰ ਲਿਫ਼ਟ ਲਗਾਉਣ ਦੇ ਨਾਲ ਨਾਲ ਬੰਦ ਪਈਆਂ ਰੰਗ ਬਰੰਗੀਆਂ ਲਾਈਟਾਂ ਨੂੰ ਚਾਲੂ ਕੀਤਾ ਜਾਵੇ।
ਇਸ ਮੌਕੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਗਿੱਲ, ਚੱਪੜਚਿੜੀ ਕਲਾਂ ਦੇ ਸਰਪੰਚ ਸੋਹਨ ਸਿੰਘ, ਸਾਬਕਾ ਸਰਪੰਚ ਜ਼ੋਰਾ ਸਿੰਘ ਭੁੱਲਰ, ਗੁਰਮੇਲ ਸਿੰਘ, ਜਗਤਾਰ ਸਿੰਘ, ਮੋਹਨ ਸਿੰਘ ਤੇ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …