nabaz-e-punjab.com

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਨੂੰ ਸੈਰ ਸਪਾਟਾ ਨਕਸ਼ੇ ’ਤੇ ਉਭਾਰਨ ਲਈ ਮਾਹਿਰਾਂ ਨਾਲ ਮੀਟਿੰਗ

ਸੈਰ ਸਪਾਟਾ ਨੀਤੀ ਨੂੰ ਅੰਤਿਮ ਰੂਪ ਦੇਣ ਲਈ ਵਿਚਾਰਾਂ, ਧਾਰਮਿਕ, ਮੁਗਲ, ਮਹਾਰਾਜਾ ਤੇ ਸੂਫੀ ਸਰਕਟ ਬਣਾ ਕੇ ਸੈਲਾਨੀਆਂ ਨੂੰ ਖਿੱਚਿਆ ਜਾਵੇਗਾ

ਸੈਰ ਸਪਾਟਾ ਖੇਤਰ ਦੇ ਤਕਨੀਕੀ ਮਾਹਿਰਾਂ ਦੀ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ ਵਿਸ਼ੇਸ਼ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਜੂਨ:
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੂਬੇ ਨੂੰ ਸੈਰ ਸਪਾਟਾ ਨਕਸ਼ੇ ’ਤੇ ਉਭਾਰਨ ਲਈ ਅੱਜ ਮਾਹਿਰਾਂ ਨਾਲ ਮੈਰਾਥਨ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਵਿੱਚ ਧਾਰਮਿਕ, ਵਿਰਾਸਤੀ, ਸ਼ਾਹੀ ਅਤੇ ਹੋਰ ਇਤਿਹਾਸਕ ਸਥਾਨਾਂ ਦੀ ਸ਼ਨਾਖਤ ਕਰ ਕੇ ਇਨ੍ਹਾਂ ਥਾਵਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਵਿਆਪਕ ਸੈਰ ਸਪਾਟਾ ਨੀਤੀ ਬਣਾਉਣ ’ਤੇ ਵੀ ਵਿਚਾਰ ਹੋਇਆ ਜਿਸ ਵਿੱਚ ਪੰਜਾਬ, ਦੇਸ਼ ਅਤੇ ਦੇਸ਼ ਤੋਂ ਬਾਹਰ ਦੇ ਸੈਲਾਨੀਆਂ ਨੂੰ ਸੂਬੇ ਵਿੱਚ ਖਿੱਚਣ ਲਈ ਇਕ ਯੋਜਨਾ ਬਣਾਈ ਜਾਵੇਗੀ।
ਮੀਟਿੰਗ ਉਪਰੰਤ ਮੰਤਰੀ ਨੇ ਦੱਸਿਆ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਸੁਫਨਾ ਹੈ ਕਿ ਪੰਜਾਬ ਨੂੰ ਸੈਰ ਸਪਾਟਾ ਖੇਤਰ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਜਿਸ ਕਾਰਨ ਇਸ ਵਾਰ ਪਹਿਲੀ ਵਾਰ ਬਜਟ ਵਿੱਚ ਵਿਭਾਗ ਨੂੰ ਵੱਖਰੀ ਰਾਸ਼ੀ ਅਲਾਟ ਹੋਈ। ਵਿਭਾਗ ਹੁਣ ਸੱਭਿਆਚਾਰ ਤੇ ਸੈਰ ਸਪਾਟਾ ਨੀਤੀ ਬਣਾਉਣ ਉਪਰ ਕੰਮ ਰਿਹਾ ਹੈ ਜਿਸ ਦਾ ਐਲਾਨ ਜਲਦ ਹੋਵੇਗਾ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਜੀ ਨਾਲ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਤਕਨੀਕੀ ਮਾਹਿਰਾਂ ਵਜੋਂ ਸ੍ਰੀ ਐਸ.ਕੇ.ਮਿਸ਼ਰਾ, ਸ੍ਰੀ ਕੇ.ਐਮ.ਸ੍ਰੀਵਾਸਤਵ, ਸ੍ਰੀ ਵਿਨੋਦ ਜੁਤਸ਼ੀ, ਰੋਮੀ ਚੋਪੜਾ ਤੇ ਸ੍ਰੀਮਤੀ ਅਨਿਤਾ ਲਾਲ ਨੂੰ ਵੀ ਵਿਸ਼ੇਸ਼ ਤੌਰ ’ਤੇ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸਕ, ਧਾਰਮਿਕ ਤੇ ਵਿਰਾਸਤੀ ਮਹੱਤਤਾ ਰੱਖਦੇ ਸੂਬੇ ਪੰਜਾਬ ਅੰਦਰ ਸੈਰ ਸਪਾਟਾ ਦੀਆਂ ਅਨੇਕਾਂ ਸੰਭਾਵਨਾਵਾਂ ਹਨ ਅਤੇ ਉਕਤ ਖੇਤਰਾਂ ਦੀ ਸੈਲਾਨੀਆਂ ਲਈ ਸੈਰ ਸਪਾਟਾ ਦੀਆਂ ਥਾਵਾਂ ਨੂੰ ਵਿਕਸਤ ਕਰਨ ਦੀ ਲੋੜ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਸੈਲਾਨੀਆਂ ਦੀ ਸਹੂਲਤ ਅਤੇ ਸੈਰ ਸਪਾਟਾ ਨੂੰ ਪ੍ਰਫੁੱਲਿਤ ਕਰਨ ਲਈ ਵੱਖ-ਵੱਖ ਟੂਰਿਸਟ ਸਰਕਟ ਬਣਾਏ ਜਾ ਰਹੇ ਜਿਨ੍ਹਾਂ ਵਿੱਚ ਧਾਰਮਿਕ, ਮਹਾਰਾਜਾ, ਮੁਗਲ ਤੇ ਸੂਫੀ ਸਰਕਟ ਸ਼ਾਮਲ ਹਨ। ਅੰਮ੍ਰਿਤਸਰ ਨੂੰ ਸੈਰ ਸਪਾਟਾ ਦੇ ਧੁਰੇ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਅੰਦਰ ਅਨੇਕ ਟੂਰਿਸਟ ਕੰਪਲੈਕਸ ਜਿਨ੍ਹਾਂ ਦੀ ਨਵ-ਉਸਾਰੀ ਕਰ ਕੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸੈਰ ਸਪਾਟਾ ਖੇਤਰ ਨਾਲ ਜੁੜੇ ਵੱਖ-ਵੱਖ ਮਾਹਿਰਾਂ ਵੱਲੋਂ ਆਪਣੇ ਵਿਚਾਰ ਦਿੱਤੇ ਗਏ। ਸੈਰ ਸਪਾਟਾ ਨੀਤੀ ਤਹਿਤ ਸੂਬੇ ਅੰਦਰ ਸੈਰ ਸਪਾਟਾ ਥਾਵਾਂ ਦੀ ਸ਼ਨਾਖਤ ਕਰ ਕੇ ਇਨ੍ਹਾਂ ਦਾ ਸੁੰਦਰੀਕਰਨ ਕਰਨਾ, ਸੈਲਾਨੀਆਂ ਨੂੰ ਇਨ੍ਹਾਂ ਥਾਵਾਂ ’ਤੇ ਆਉਣ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਤਿਆਰ ਕਰਨਾ ਅਤੇ ਫੇਰ ਸੈਲਾਨੀਆਂ ਦੇ ਰਹਿਣ ਅਤੇ ਹੋਰ ਸਹੂਲਤਾਂ ਦੇਣ ਉਪਰ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਹਰ ਖੇਤਰ ਦੀ ਸੈਲਾਨੀ ਲਈ ਵੱਖਰਾ ਸਰਕਟ ਬਣਾਉਣ ਦਾ ਮਕਸਦ ਇਹੋ ਹੈ ਕਿ ਜੋ ਵੀ ਸੈਲਾਨੀ ਆਪਣੀ ਪਸੰਦ ਅਨੁਸਾਰ ਥਾਵਾਂ ਦੇਖਣਾ ਚਾਹੇ, ਉਹ ਉਸ ਅਨੁਸਾਰ ਸਰਕਟ ਚੁਣ ਸਕਦਾ ਹੈ।
ਸ੍ਰੀ ਸਿੱਧੂ ਨੇ ਮੌਕੇ ’ਤੇ ਹਾਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਕਿ ਸਾਰੇ ਸੁਝਾਵਾਂ ਨੂੰ ਇਕੱਠਾ ਕਰ ਕੇ ਨੀਤੀ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਜ਼ਰੀਏ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ। ਮੀਟਿੰਗ ਵਿੱਚ ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ, ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਪ੍ਰਤਿਮਾ ਸ੍ਰੀਵਾਸਤਵਾ, ਚੀਫ ਜਨਰਲ ਮੈਨੇਜਰ ਕਰਨਲ ਸੰਦੀਪ ਸਿੰਘ ਬਾਜਵਾ, ਪ੍ਰੋਜੈਕਟ ਕੋਆਰਡੀਨੇਟਰ ਐਸ.ਪੀ. ਸਿੰਘ ਢੀਂਡਸਾ ਤੇ ਮੈਨੇਜਰ ਪ੍ਰੋਜੈਕਟ ਅਲਕਾ ਕਪੂਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…