nabaz-e-punjab.com

ਡਰੱਗ ਤਸਕਰੀ ਕੇਸ: ਈਡੀ ਵੱਲੋਂ ਸਾਬਕਾ ਮੰਤਰੀ ਸਵਰਨ ਫਿਲੌਰ ਸਣੇ 12 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ
ਇੰਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਰਕਾਰੀ ਵਕੀਲ ਜਗਜੀਤ ਸਿੰਘ ਸਰਾਓ ਨੇ ਅੱਜ ਸੀਬੀਆਈ ਮੁਹਾਲੀ ਦੇ ਵਿਸ਼ੇਸ਼ ਜੱਜ ਐਸਐਸ ਮਾਨ ਦੀ ਅਦਾਲਤ ਵਿੱਚ ਪੰਜਾਬ ਦੇ ਬਹੁ ਚਰਚਿਤ ਜਗਦੀਸ਼ ਭੋਲਾ ਡਰੱਗ ਤਸਕਰੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਵਰਨ ਸਿੰਘ ਫਿਲੌਰ, ਉਸ ਦੇ ਸਪੁੱਤਰ ਧਰਮਵੀਰ ਸਿੰਘ ਫਿਲੌਰ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਅਤੇ ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ, ਇੰਦਰਜੀਤ ਕੌਰ, ਦਵਿੰਦਰ ਕਾਂਤ ਸ਼ਰਮਾ, ਜਸਵਿੰਦਰ ਸਿੰਘ, ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ ਅਤੇ ਰਸ਼ਮੀ ਸਰਦਾਨਾ ਦੇ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ। ਸ੍ਰੀ ਸਰਾਓ ਨੇ ਦੱਸਿਆ ਕਿ ਬਨੂੜ ਥਾਣੇ ਵਿੱਚ ਦਰਜ ਡਰੱਗ ਤਸਕਰੀ ਮਾਮਲੇ ਵਿੱਚ ਜਗਦੀਸ਼ ਭੋਲਾ ਸਮੇਤ ਹੋਰ ਵੱਖ ਵੱਖ ਮੁਲਾਜ਼ਮਾਂ ਦੇ ਖ਼ਿਲਾਫ਼ ਇੱਕ ਮੇਨ ਚਲਾਨ ਅਤੇ ਚਾਰ ਸਪਲੀਮੈਂਟਰੀ ਚਲਾਨ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਹਨ।
ਡਿਪਟੀ ਡਾਇਰੈਕਟਰ (ਈਡੀ) ਨਿਰੰਜਣ ਸਿੰਘ ਵੱਲੋਂ ਤਿਆਰ ਕੀਤੇ ਇਸ ਸਪਲੀਮੈਂਟਰੀ ਚਲਾਨ ਵਿੱਚ ਨਸ਼ਾ ਤਸਕਰੀ ਅਤੇ ਮੁਲਜ਼ਮਾਂ ਵੱਲੋਂ ਦੇਸ਼-ਵਿਦੇਸ਼ ਵਿੱਚ ਕਰੋੜਾਂ ਅਰਬਾਂ ਦੀ ਸੰਪਤੀਆਂ ਦਾ ਵੇਰਵਾ ਨਸਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਚਾਹਲ ਬ੍ਰਦਰਜ ਵੱਲੋਂ ਅੱਠ ਕੰਪਨੀਆਂ ਬਣਾਉਣ ਅਤੇ ਮਹਿੰਗੀਆਂ ਕਾਰਾਂ ਖ਼ਰੀਦਣ ਦਾ ਭੇਦ ਖੁੱਲ੍ਹਿਆ ਹੈ। ਹੁਣ ਤੱਕ ਦੀ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਗਦੀਸ਼ ਭੋਲਾ ਨੇ ਐਨਆਰਆਈ ਜਸਵਿੰਦਰ ਸਿੰਘ ਦੇ ਨਾਂ ’ਤੇ ਕੈਨੇਡਾ ਵਿੱਚ ਜਾਇਦਾਦ ਬਣਾਈ ਹੈ। ਇਸ ਸਬੰਧੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਮੁਲਜ਼ਮ ਸੁਖਰਾਜ ਸਿੰਘ ਉਰਫ਼ ਰਾਜਾ ਦੇ ਰਾਹੀਂ ਭੋਲੇ ਨੇ ਵਿਦੇਸ਼ ਵਿੱਚ ਜਾਇਦਾਦ ਖਰੀਦਣ ਲਈ ਪੈਸਿਆਂ ਦਾ ਲੈਣ ਦੇਣ ਕੀਤਾ ਹੈ। ਮੁਲਜ਼ਮਾਂ ਨੇ ਕਰੀਬ ਇੱਕ ਅਰਬ (ਕੁਲੈਕਟਰ ਰੇਟ) ਦੀ ਜਾਇਦਾਦ ਬਣਾਈ ਹੈ। ਜਿਨ੍ਹਾਂ ’ਚੋਂ ਇਕੱਲੇ ਚਾਹਲ ਭਰਾਵਾਂ ਦੀ 52 ਕਰੋੜ ਤੋਂ ਉੱਪਰ ਹੈ। ਇਸ ਸਬੰਧੀ ਈਡੀ ਵੱਲੋਂ ਸਾਲ 2013 ਵਿੱਚ ਕੇਸ ਦਰਜ ਕੀਤਾ ਗਿਆ ਸੀ। ਚਲਾਨ ਵਿੱਚ ਅਵੀਨਾਸ ਚੰਦਰ ਨੇ ਗਾਬਾ ਤੋਂ 45 ਲੱਖ ਰੁਪਏ, ਸਾਬਕਾ ਮੰਤਰੀ ਫਿਲੌਰ ਦੀ ਪਤਨੀ ਅਤੇ ਗਾਬਾ ਦੇ ਨਾਂ ’ਤੇ ਕੋਲਡ ਸਟੋਰ ਦਾ ਜ਼ਿਕਰ ਕੀਤਾ ਗਿਆ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 25 ਜੁਲਾਈ ’ਤੇ ਅੱਗੇ ਪਾ ਦਿੱਤੀ ਹੈ।
ਉਧਰ, ਸਾਬਕਾ ਕੌਮਾਂਤਰੀ ਪਹਿਲਵਾਨ ਅਤੇ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਉਰਫ਼ ਭੋਲਾ, ਦਵਿੰਦਰ ਸਿੰਘ ਹੈਪੀ ਅਤੇ ਜਗਜੀਤ ਸਿੰਘ ਚਾਹਲ, ਮਨਜਿੰਦਰ ਸਿੰਘ ਅੌਲਖ ਉਰਫ਼ ਬਿੱਟੂ ਅੌਲਖ, ਅਨਿਲ ਚੌਹਾਨ, ਸਰਬਜੀਤ ਸਿੰਘ ਸਾਬਾ, ਸਤਿੰਦਰ ਸਿੰਘ ਧਾਮਾ, ਹਰਵਿੰਦਰ ਸਿੰਘ ਤੇ ਸੁਰਜੀਤ ਸਿੰਘ, ਹਰਮਿੰਦਰ ਸਿੰਘ, ਪਰਮਜੀਤ ਸਿੰਘ ਚਾਹਲ, ਪਰਮਜੀਤ ਸਿੰਘ ਪੰਮਾ, ਬਲਜਿੰਦਰ ਸਿੰਘ ਪੰਨੂ ਅਤੇ ਦੀਪ ਸਿੰਘ ਦੀਪ ਦੇ ਖ਼ਿਲਾਫ਼ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਆਂਸਲ ਬੇਰੀ ਦੀ ਅਦਾਲਤ ਵਿੱਚ ਇੱਕ ਵੱਖਰਾ ਕੇਸ ਚਲ ਰਿਹਾ ਹੈ। ਉਕਤ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਹੀ ਦੋਸ਼ ਤੈਅ ਹੋ ਚੁੱਕੇ ਹਨ ਅਤੇ ਕੁੱਝ ਸਮਾਂ ਪਹਿਲਾਂ ਮੁਲਜ਼ਮ ਅਨੂਪ ਸਿੰਘ ਕਾਹਲੋਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਉਧਰ, ਜਗਦੀਸ਼ ਭੋਲਾ ਦੇ ਖ਼ਿਲਾਫ਼ ਸਾਲ 2009 ਵਿੱਚ ਮੁੰਬਈ ਦੇ ਥਾਣੇ ਵਿੱਚ ਦਰਜ ਡਰੱਗ ਤਸਕਰੀ ਦਾ ਇੱਕ ਹੋਰ ਵੱਖਰਾ ਕੇਸ ਮੁੰਬਈ ਅਦਾਲਤ ਵਿੱਚ ਚਲ ਰਿਹਾ ਹੈ। ਪਿੱਛੇ ਜਿਹੇ ਮੁੰਬਈ ਪੁਲੀਸ ਭੋਲਾ ਨੂੰ ਰਾਹਦਾਰੀ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਮੁੰਬਈ ਲੈ ਗਈ ਸੀ ਅਤੇ ਨਿਆਇਕ ਹਿਰਾਸਤ ਅਧੀਨ ਭੋਲਾ ਮੁੰਬਈ ਜੇਲ੍ਹ ਵਿੱਚ ਹੈ ਅਤੇ ਮੌਜੂਦਾ ਸਮੇਂ ਵਿੱਚ ਉਸ ਨੂੰ ਪੇਸ਼ੀਆਂ ’ਤੇ ਵੱਖ-ਵੱਖ ਅਦਾਲਤਾਂ ਵਿੱਚ ਆਉਣਾ ਪੈਂਦਾ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…