nabaz-e-punjab.com

ਕੈਪਟਨ ਅਮਰਿੰਦਰ ਵੱਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿੱਚ ਵਰਤਾਏ ਜਾਂਦੇ ਲੰਗਰ ਤੇ ਪ੍ਰਸ਼ਾਦ ਨੂੰ ਜੀਐਸਟੀ ਤੋਂ ਛੋਟ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਤੋਂ ਛੋਟ ਦੇਣ ਦੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸ਼ਖਸ਼ੀਅਤਾਂ ਤੇ ਸੰਸਥਾਵਾਂ ਵੱਲੋਂ ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਖਤਮ ਕਰਨ ਦੀ ਕੀਤੀ ਗਈ ਅਪੀਲ ਤੋਂ ਬਾਅਦ ਜੇਤਲੀ ਨੂੰ ਪੱਤਰ ਲਿਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਯਾਦ ਦਵਾਇਆ ਕਿ ਮੁਫਤ ਲੰਗਰ ਦੀ ਸੇਵਾ ਕਰਨ ਵਾਸਤੇ ਗੁਰਦਵਾਰਿਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਵਸਤਾਂ ’ਤੇ ਵੈਟ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਸੀ ਪਰ ਜੀ.ਐਸ.ਟੀ. ਦੇ ਹੇਠ ਇਨ੍ਹਾਂ ਵਸਤਾਂ ਦੀ ਖਰੀਦ ’ਤੇ ਟੈਕਸ ਲਾਇਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਦ ਦੀ ਵਿਕਰੀ ’ਤੇ ਵੀ ਜੀ.ਐਸ.ਟੀ. ਭੁਗਤਾਨਯੋਗ ਹੈ ਜਿਸ ਕਰਕੇ ਇਹ ਮੰਦਰਾਂ, ਗੁਰਦੁਵਾਰਿਆਂ, ਮਸਜਿਦਾਂ ਅਤੇ ਚਰਚਾਂ ਸਣੇ ਸਾਰੀਆਂ ਧਾਰਮਕ ਸੰਸਥਾਵਾਂ ਵਿਚ ਲਾਗੂ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵੱਲੋਂ ਖਰੀਦੀਆਂ ਜਾਂਦੀਆਂ ਵਸਤਾਂ ’ਤੇ ਜੀ.ਐਸ.ਟੀ. ਜਾਇਜ਼ ਨਹੀਂ ਹੈ ਕਿਉਂਕਿ ਇਨ੍ਹਾਂ ਸੰਸਥਾਵਾਂ ਦਾ ਆਮਦਨ ਦਾ ਕੋਈ ਵੀ ਸ੍ਰੋਤ ਨਹੀਂ ਹੈ ਅਤੇ ਇਹ ਦਾਨ ਰਾਹੀਂ ਦਿੱਤੀ ਜਾਂਦੀ ਰਾਸ਼ੀ ਨਾਲ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਜੀ.ਐਸ.ਟੀ. ਤੋਂ ਛੋਟ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਨਾ ਕੇਵਲ ਪ੍ਰਸ਼ਾਦ ਦੀ ਖਰੀਦ ਅਤੇ ਵਿਕਰੀ ’ਤੇ ਸਗੋਂ ਉਨ੍ਹਾਂ ਵੱਲੋਂ ਲਾਏ ਜਾਂਦੇ ਮੁਫਤ ਲੰਗਰ ਦੀ ਸੇਵਾ ਲਈ ਖਰੀਦਿਆਂ ਜਾਂਦੀਆਂ ਸਾਰੀਆਂ ਵਸਤਾਂ ’ਤੇ ਜੀ.ਐਸ.ਟੀ. ਤੋਂ ਛੋਟ ਦੇਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਜੀ.ਐਸ.ਟੀ. ਤੋਂ ਛੋਟ ਦੇਣ ਦੀ ਕੀਤੀ ਜਾ ਰਹੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਹ ਭਾਰਤ ਸਰਕਾਰ ਦਆਰਾ ਪ੍ਰਵਾਨ ਕੀਤੀ ਜਾਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…